ਸਿਡਨੀ ਵਿੱਚ ਰੇਲਵੇ ਲਾਈਨ ਆਪਣੀ ਥਾਂ ਤੋਂ ਹਟਾ ਕੇ ਲਗਾਈ ਗਈ ਦੂਸਰੀ ਥਾਂ ਤੇ ਮਹਿਜ਼ 48 ਘੰਟਿਆਂ ਵਿੱਚ

ਸਿਡਨੀ ਮੈਟਰੋ ਵਾਸਤੇ ਬਣ ਰਹੀ ਸੀ ਬਾਧਾ

ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਸਿਡਨੀ ਮੈਟਰੋ ਪ੍ਰਾਜੈਕਟ ਵਾਸਤੇ ਸਿਡਨੀ ਰੇਲਵੇ ਦੀ ਇੱਕ ਲਾਈਨ (ਟੀ-1 ਨਾਰਥ ਸ਼ੋਰ) ਨੂੰ ਇੰਜਨੀਅਰਾਂ ਅਤੇ ਵਰਕਰਾਂ ਨੇ ਮਹਿਜ਼ 48 ਘੰਟਿਆਂ ਵਿੱਚ ਹੀ ਉਸਦੀ ਮੌਜੂਦਾ ਥਾਂ ਤੋਂ ਬਦਲ ਕੇ ਨਵੀਂ ਥਾਂ ਉਪਰ ਵਿਛਾ ਦਿੱਤਾ ਅਤੇ ਇਹ ਸਭ ਸਿਡਨੀ ਮੈਟਰੋ ਲਈ ਨਵਾਂ ਰਾਹ ਬਣਾਉਣ ਵਾਸਤੇ ਕੀਤਾ ਗਿਆ। ਇਹ ਮੌਜੂਦਾ ਲਾਈਨ ਸਿਡਨੀ ਮੈਟਰੋ ਦੀ ਰਾਹ ਵਿੱਚ ਬਾਧਾ ਬਣ ਰਹੀ ਸੀ। ਇਸ ਨੂੰ ਪਹਿਲੇ ਵਾਲੀ ਜਗ੍ਹਾ ਤੋਂ ਚੁੱਕ ਦੇ ਦੂਸਰੀ ਥਾਂ ਉਪਰ ਵਿਛਾ ਕੇ ਚਾਲੂ ਕਰਨ ਵਿੱਚ 250 ਵਰਕਰਾਂ ਆਦਿ ਨੇ ਦਿਨ ਰਾਤ ਕੰਮ ਕੀਤਾ ਅਤੇ ਮਿੱਥੇ ਗਏ ਸਮੇਂ ਅੰਦਰ ਹੀ ਕੰਮ ਨੂੰ ਪੂਰਾ ਕਰਕੇ, ਰੁਕੀ ਹੋਈ ਰੇਲਾਂ ਦੀ ਆਵਾਜਾਈ ਨੂੰ ਬਹਾਲ ਕਰ ਦਿੱਤਾ।
ਇਸ ਕੰਮ ਨੂੰ ਚੈਟਸਵੁੱਡ ਵਿਖੇ ਅੰਜਾਮ ਦਿੱਤਾ ਗਿਆ ਤਾਂ ਜੋ ਸਿਡਨੀ ਮੈਟਰੋ ਨੂੰ ਸ਼ਹਿਰ ਦੇ ਨਾਰਥ-ਵੈਸਟ ਤੋਂ ਸਿਡਨੀ ਸੀ.ਬੀ.ਡੀ. ਅਤੇ ਬੈਂਕਸਟਾਊਨ ਤੋਂ ਪਾਰ ਲਿਜਾਇਆ ਜਾ ਸਕੇ।
ਇਸ ਕੰਮ ਵਾਸਤੇ, ਨਾਰਥਬਾਊਂਡ ਸਿਡਨੀ ਟ੍ਰੇਨ ਟ੍ਰੈਕ ਜੋ ਕਿ ਅਸਲ ਵਿੱਚ 1890 ਵਿੱਚ ਬਣਾਇਆ ਗਿਆ ਸੀ, ਨੂੰ ਵਿਚਾਲਿਉਂ ਹੀ ਕੱਟ ਲਿਆ ਗਿਆ ਅਤੇ ਫੇਰ ਇੱਥੋਂ ਚੁੱਕ ਕੇ ਵੈਸਟ ਵਾਲੇ ਪਾਸੇ ਨਵੇਂ ਬਣੇ 20 ਮੀਟਰ ਵਾਲੇ ਟ੍ਰੈਕ ਨਾਲ ਜੋੜ ਦਿੱਤਾ ਗਿਆ ਅਤੇ ਇਸ ਤਰ੍ਹਾਂ ਨਾਲ ਮੈਟਰੋ ਦੀ ਨਾਰਥ-ਵੈਸਟ ਲਾਈਨ ਨੂੰ ਨਵੀਆਂ ਬਣਾਈਆਂ ਗਈਆਂ ਦੋ ਮੈਟਰੋ ਸੁਰੰਗਾਂ (twin metro tunnels) ਨਾਲ ਜੋੜ ਦਿੱਤਾ ਗਿਆ।
ਉਨ੍ਹਾਂ ਇਹ ਵੀ ਦੱਸਿਆ ਕਿ, ਸਿਡਨੀ ਮੈਟਰੋ ਸਿਟੀ ਅਤੇ ਸਾਊਥ-ਵੈਸਟ ਵਾਲੇ ਪ੍ਰਾਜੈਕਟ ਅਧੀਨ ਹੁਣ ਤੱਕ 10,000 ਤੋਂ ਵੀ ਵੱਧ ਸਲੀਪਰਾਂ ਉਪਰ 11 ਕਿਲੋਮੀਟਰ ਦਾ ਟ੍ਰੈਕ ਵਿਛਾਇਆ ਜਾ ਜੁਕਿਆ ਹੈ ਅਤੇ ਕੰਮ ਲਗਾਤਾਰ ਚਾਲੂ ਹੈ। ਇਸ ਸਿਡਨੀ ਮੈਟਰੋ ਪ੍ਰਾਜੈਕਟ ਤਹਿਤ 4,000 ਟਨ ਤੋਂ ਵੀ ਜ਼ਿਆਦਾ ਦਾ ਸਟੀਲ ਜੋ ਕਿ ਦੇਸ਼ ਅੰਦਰ ਹੀ ਬਣਿਆ ਹੈ, 62 ਕਿਲੋ ਮੀਟਰ ਦੀ ਰੇਲਵੇ ਲਾਈਨ ਬਣਾਈ ਜਾ ਰਹੀ ਹੈ ਜੋ ਕਿ ਦੋ ਸੁਰੰਗਾਂ (31 ਕਿਲੋਮੀਟਰ ਦਾ ਫਾਸਲਾ) ਰਾਹੀਂ ਚੈਟਸਵੁੱਡ ਅਤੇ ਸਿਡਨੀਹੈਮ ਨੂੰ ਜੋੜਿਆ ਜਾਵੇਗਾ।
ਇਸ ਪ੍ਰਾਜੈਕਟ ਦੇ 2024 ਵਿੱਚ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ ਅਤੇ ਇਸ ਨਵੇਂ ਟ੍ਰੈਕ ਉਪਰ 31 ਮੈਟਰੋ ਰੇਲਵੇ ਸਟੇਸ਼ਨ ਬਣਾਏ ਜਾ ਰਹੇ ਹਨ ਅਤੇ 66 ਕਿਲੋਮੀਟਰ ਦਾ ਮੈਟਰੋ ਰੇਲਵੇ ਸਿਸਟਮ ਖੜ੍ਹਾ ਕੀਤਾ ਜਾ ਰਿਹਾ ਹੈ। ઠ

Install Punjabi Akhbar App

Install
×