ਰਾਹੁਲ ਦੀ ਸਜ਼ਾ -ਖੋਲ੍ਹੇਗੀ ਵਿਰੋਧੀ ਧਿਰਾਂ ਦੀ ਏਕਤਾ ਦਾ ਰਾਹ

 ਸੱਤ੍ਹਾ ਦੀ ਭੁੱਖ ਹਰ ਰਾਜਨੀਤੀਵਾਨ ਨੂੰ ਹੁੰਦੀ ਹੈ, ਉਹ ਰਾਜ ਭਾਗ ਤੇ ਕਾਬਜ ਹੋਣ ਲਈ ਹਰ ਸੰਭਵ ਯਤਨ ਕਰਦਾ ਹੈ, ਜੋ ਉਹ ਕਰ ਸਕਦਾ ਹੈ। ਲੋਕ ਆਮ ਹੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ”ਸਿਆਸਤਦਾਨ ਕਿਸੇ ਦੇ ਸਕੇ ਨਹੀਂ ਹੁੰਦੇ।” ਸਦੀਆਂ ਪਹਿਲਾਂ ਦਾ ਇਤਿਹਾਸ ਫਰੋਲੀਏ ਤਾ ਪਤਾ ਲਗਦਾ ਹੈ ਕਿ ਮੁਗ਼ਲ ਬਾਦਸ਼ਾਹਾਂ ਨੇ ਤਾਂ ਸੱਤ੍ਹਾ ਤੇ ਕਾਬਜ ਹੋਣ ਲਈ ਆਪਣੇ ਭਰਾਵਾਂ ਨੂੰ ਮਾਰ ਮੁਕਾਇਆ ਸੀ, ਪਿਓ ਨੂੰ ਜੇਲ੍ਹ ਵਿੱਚ ਸੁੱਟ ਕੇ ਮਰਨ ਲਈ ਮਜਬੂਰ ਕਰ ਦਿੱਤਾ ਸੀ। ਹੁਣ ਭਾਰਤ ਇੱਕ ਲੋਕਤੰਤਰ ਦੇਸ਼ ਬਣ ਚੁੱਕਾ ਹੈ, ਇੱਥੇ ਚੋਣਾਂ ਹੁੰਦੀਆਂ ਹਨ, ਆਮ ਲੋਕ ਵੋਟਾਂ ਪਾ ਕੇ ਆਪਣਾ ਵਿਧਾਇਕ ਜਾਂ ਸੰਸਦ ਮੈਂਬਰ ਚੁਣਦੇ ਹਨ। ਉਹਨਾਂ ਵਿੱਚੋਂ ਹੀ ਪ੍ਰਧਾਨ ਮੰਤਰੀ ਬਣਦਾ ਹੈ। ਜੋ ਵਿਅਕਤੀ ਇਸ ਅਹੁਦੇ ਤੇ ਪਹੁੰਚ ਜਾਂਦਾ ਹੈ, ਉਸਦੀ ਇੱਛਾ ਇਹ ਬਣ ਜਾਂਦੀ ਹੈ ਕਿ ਆਖ਼ਰੀ ਸਾਹ ਤੱਕ ਉਹ ਇਸ ਕੁਰਸੀ ਤੇ ਕਾਬਜ ਰਹੇ। ਜ਼ਮਾਨਾ ਬਦਲ ਗਿਆ ਹੈ, ਉਸੇ ਅਨੁਸਾਰ ਹੁਣ ਮੌਤ ਦਾ ਢੰਗ ਤਰੀਕਾ ਵੀ ਬਦਲਿਆ ਗਿਆ ਹੈ। ਹੁਣ ਮੁਗ਼ਲ ਬਾਦਸ਼ਾਹਾਂ ਵਾਂਗ ਭਰਾਵਾਂ ਜਾਂ ਪਿਓ ਨੂੰ ਸਰੀਰਕ ਤੌਰ ਤ ਖਤਮ ਕਰਕੇ ਸੱਤ੍ਹਾ ਤੇ ਕਾਬਜ ਹੋਣ ਜਾਂ ਕਬਜਾ ਬਰਕਰਾਰ ਰੱਖਣ ਦੀ ਬਜਾਏ, ਜਿਸਤੋਂ ਖਤਰਾ ਹੁੰਦਾ ਹੈ ਉਸਨੂੰ ਸਿਆਸੀ ਤੌਰ ਤੇ ਖਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾਂਦੀਆਂ ਹਨ।

ਭਾਜਪਾ ਦੀ ਮੋਦੀ ਸਰਕਾਰ ਜਦੋਂ ਤੋਂ ਹੋਂਦ ਵਿੱਚ ਆਈ ਹੈ, ਅਜਿਹੀਆਂ ਚਾਲਾਂ ਚੱਲ ਰਹੀ ਹੈ ਤੇ ਸਾਜਿਸ਼ਾਂ ਰਚਦੀ ਰਹਿੰਦੀ ਹੈ। ਇਸ ਪਾਰਟੀ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਹੈ, ਜੋ ਦਹਾਕਿਆਂ ਤੱਕ ਦੇਸ਼ ਤੇ ਰਾਜ ਕਰਦੀ ਰਹੀ ਹੈ। ਹੁਣ ਕਾਂਗਰਸ ਦੀ ਸਥਿਤੀ ਬਹੁਤ ਕਮਜੋਰ ਹੋ ਚੁੱਕੀ ਹੈ। ਹੋਰ ਵਿਰੋਧੀ ਪਾਰਟੀਆਂ ਭਾਵੇਂ ਬਹੁਤ ਹਨ, ਪਰ ਸਮੁੱਚੇ ਦੇਸ਼ ਭਰ ਵਿੱਚ ਉਹ ਜਿੱਤ ਹਾਸਲ ਕਰਨ ਦੀ ਸਮਰੱਥਾ ਨਹੀਂ ਰਖਦੀਆਂ। ਵਿਰੋਧੀ ਪਾਰਟੀਆਂ ਇਕੱਠੀਆਂ ਹੋਣ ਦੇ ਯਤਨ ਕਰਦੀਆਂ ਹਨ ਤਾਂ ਉਹਨਾਂ ਨੂੰ ਅਜਿਹੀ ਪਾਰਟੀ ਜਾਂ ਆਗੂ ਦੀ ਜਰੂਰਤ ਵਿਖਾਈ ਦਿੰਦੀ ਹੈ, ਜਿਸਦਾ ਸਮੁੱਚੇ ਭਾਰਤ ਵਿੱਚ ਅਸਰ ਹੋਵੇ। ਅਜਿਹੀ ਸਿਰਫ਼ ਕਾਂਗਰਸ ਹੀ ਹੈ। ਇਹ ਪੱਥਰ ਤੇ ਲਕੀਰ ਵਰਗਾ ਸੱਚ ਹੈ ਕਿ ਕਾਂਗਰਸ ਦੀ ਸਮੂਲੀਅਤ ਤੋਂ ਬਗੈਰ ਕੋਈ ਗੱਠਜੋੜ ਭਾਜਪਾ ਨੂੰ ਗੱਦੀਓ ਲਾਹੁਣ ਦੇ ਕਾਬਲ ਨਹੀਂ ਹੈ।

ਖਿੰਡੀ ਪੁੰਡੀ ਤੇ ਕਮਜੋਰ ਹੋ ਚੁੱਕੀ ਕਾਂਗਰਸ ਨੂੰ ਮੁੜ ਮਜਬੂਤ ਕਰਨ ਲਈ ਹੀ ਕਾਂਗਰਸ ਦੇ ਸੀਨੀਅਰ ਆਗੂ ਤੇ ਨਹਿਰੂ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਨੇ ਸਮੁੱਚੇ ਦੇਸ਼ ਦੀ ਪੈਦਲ ਯਾਤਰਾ ਕੀਤੀ ਹੈ। ਇਸ ਯਾਤਰਾ ਨੇ ਕਾਂਗਰਸ ਨੂੰ ਹੌਂਸਲਾ ਦਿੱਤਾ ਹੈ ਅਤੇ ਪਾਰਟੀ ਮਜਬੂਤ ਹੋਈ ਹੈ। ਰਾਹੁਲ ਗਾਂਧੀ ਆਪਣੀ ਪਾਰਟੀ ਦੀ ਧਰਮ ਨਿਰਪੱਖਤਾ ਨੀਤੀ ਨੂੰ ਲੋਕਾਂ ਵਿੱਚ ਪੇਸ਼ ਕਰਨ ‘ਚ ਕਾਮਯਾਬ ਹੋਇਆ ਹੈ। ਉਸਨੇ ਤਿਆਗ ਦੀ ਭਾਵਨਾ ਨੂੰ ਲੋਕਾਂ ਸਾਹਮਣੇ ਪਰਤੱਖ ਕਰਦਿਆਂ ਸ੍ਰੀ ਖੜਗੇ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੱਕ ਪਹੁੰਚਾਇਆ ਹੈ। ਪਾਰਟੀ ਵਿੱਚ ਰਾਹੁਲ ਨੇ ਆਪਣੀ ਇੱਜਤ ਵਧਾਈ ਹੈ ਅਤੇ ਰਾਜਨੀਤੀ ਦੇ ਗੁਣ ਵੀ ਹਾਸਲ ਕੀਤੇ ਹਨ। ਰਾਹੁਲ ਦੇ ਇਹਨਾਂ ਗੁਣਾਂ ਨੂੰ ਵਾਚ ਕੇ ਹੀ ਭਾਜਪਾ ਰਾਹੁਲ ਗਾਂਧੀ ਤੋਂ ਡਰ ਮਹਿਸੂਸ ਕਰਦੀ ਹੈ।

ਦੇਸ਼ ਦੀਆਂ ਕਈ ਪਾਰਟੀਆਂ ਵੱਲੋਂ ਗਠਜੋੜ ਕਰਕੇ ਭਾਜਪਾ ਨੂੰ ਸੱਤ੍ਹਾ ਤੋਂ ਲਾਂਭੇ ਕਰਨ ਦੇ ਯਤਨ ਅਰੰਭੇ ਹੋਏ ਹਨ, ਜਿਹਨਾਂ ਵਿੱਚ ਕੇਜਰੀਵਾਲ, ਮਮਤਾ ਬੈਨਰਜੀ ਤੇ ਯਾਦਵਾਂ ਦੀਆਂ ਪਾਰਟੀਆਂ ਸ਼ਾਮਲ ਹਨ। ਖੱਬੀਆਂ ਪਾਰਟੀਆਂ ਜੋ ਫਿਰਕਾਪ੍ਰਸਤੀ ਦੇ ਡਟ ਕੇ ਵਿਰੁੱਧ ਹਨ ਉਹ ਵੀ ਭਾਜਪਾ ਨੂੰ ਪਾਸੇ ਕਰਨਾ ਚਾਹੁੰਦੀਆਂ ਹਨ, ਕਿਉਂਕਿ ਭਾਜਪਾ ਫਿਰਕਾਪ੍ਰਸਤੀ ਨੂੰ ਹਵਾ ਦੇ ਰਹੀ ਹੈ। ਇਹਨਾਂ ਪਾਰਟੀਆਂ ਦਾ ਗੱਠਜੋੜ ਤਾਂ ਹੀ ਸਫ਼ਲ ਹੋ ਸਕਦਾ ਹੈ, ਜੇਕਰ ਕਾਂਗਰਸ ਉਹਨਾਂ ਦੇ ਨਾਲ ਹੋਵੇ। ਇਹ ਗੱਲ ਭਾਜਪਾ ਵੀ ਭਲੀਭਾਂਤ ਜਾਣਦੀ ਹੈ। ਇਸੇ ਡਰ ਕਾਰਨ ਹੀ ਸਾਲ 2019 ਵਿੱਚ ਰਾਹੁਲ ਗਾਂਧੀ ਤੇ ਗੁਜਰਾਤ ‘ਚ ਇੱਕ ਮੁਕੱਦਮਾ ਦਾਇਰ ਕਰਵਾ ਦਿੱਤਾ ਸੀ। ਉਸਤੇ ਦੋਸ਼ ਲਾਇਆ ਸੀ ਕਿ ਜੋ ਉਸਨੇ ਕਿਹਾ ਹੈ ”ਸਾਰੇ ਚੋਰਾਂ ਦਾ ਇੱਕੋ ਹੀ ਨਾਮ ਮੋਦੀ ਕਿਵੇਂ ਹੋ ਸਕਦਾ ਹੈ।” ਇਸ ਨੂੰ ਭਾਜਪਾ ਦੀ ਸਾਜਿਸ ਅਧੀਨ ਇੱਕ ਵੱਡਾ ਅਪਰਾਧ ਮੰਨ ਕੇ ਧਾਰਾ 499 ਤੇ 500 ਅਧੀਨ ਕੇਸ ਦਾਇਰ ਕਰਵਾ ਦਿੱਤਾ।

ਭਾਜਪਾ ਜੋ ਦੇਸ਼ ਵਿੱਚ ਫਿਰਕਾਪ੍ਰਸਤੀ ਤੇ ਭ੍ਰਿਸ਼ਟਾਚਾਰ ਫੈਲਾ ਰਹੀ ਹੈ ਕੀ ਇਹ ਦੋਸ਼ ਉਸਤੋਂ ਜਿਆਦਾ ਵੱਡਾ ਹੈ? ਭਾਰਤ ਦਾ ਸੰਵਿਧਾਨ ਲਿਖਣ ਬੋਲਣ ਦੀ ਆਜ਼ਾਦੀ ਦਿੰਦਾ ਹੈ, ਕੀ ਇਹ ਮੁਕੱਦਮਾ ਬੋਲਣ ਦੀ ਆਜ਼ਾਦੀ ਤੇ ਹਮਲਾ ਨਹੀਂ ਹੈ? ਜੋ ਮੋਦੀ ਸਰਕਾਰ ਵੱਲੋਂ ਅਡਾਨੀਆਂ ਅੰਬਾਨੀਆਂ ਲਈ ਕੀਤਾ ਜਾਂਦਾ ਹੈ, ਉਹ ਲੋਕਾਂ ਤੋਂ ਲੁਕਿਆ ਹੋਇਆ ਹੈ? ਪਰ ਸੱਚ ਹਮੇਸ਼ਾਂ ਕੌੜਾ ਹੁੰਦਾ ਹੈ ਅਤੇ ਸੱਤ੍ਹਾ ਦਾ ਹੰਕਾਰ ਅਜਿਹਾ ਬਰਦਾਸਤ ਨਹੀਂ ਕਰਦਾ ਤੇ ਰਾਹੁਲ ਗਾਂਧੀ ਤੇ ਮੁਕੱਦਮਾ ਦਰਜ ਕਰਕੇ ਉਸਨੂੰ ਉਲਝਾਈ ਰੱਖਣ ਦੀ ਹੀ ਇਹ ਸਾਜਿਸ਼ ਸੀ। ਕੁੱਝ ਦਿਨ ਪਹਿਲਾਂ 23 ਮਾਰਚ ਨੂੰ ਇਸ ਮੁਕੱਦਮੇ ਦਾ ਫੈਸਲਾ ਸੁਣਾਉਂਦਿਆਂ ਸੂਰਤ ਦੀ ਇੱਕ ਆਦਲਤ ਦੇ ਮੈਜਿਸਟਰੇਟ ਸ੍ਰੀ ਐੱਚ ਐੱਚ ਵਰਮਾ ਨੇ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾ ਦਿੱਤੀ। ਰਾਹੁਲ ਗਾਂਧੀ ਕੇਰਲਾ ਦੇ ਵੇਨਾਦ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। ਭਾਜਪਾ ਸਰਕਾਰ ਉਸਨੂੰ ਸੰਸਦ ਤੋਂ ਬਾਹਰ ਕਰਨ ਲਈ ਹੀ ਚਾਲਾਂ ਚੱਲ ਰਹੀ ਸੀ। ਸਜ਼ਾ ਸੁਣਾਏ ਜਾਣ ਤੋਂ ਕੁੱਝ ਘੰਟਿਆਂ ਬਾਅਦ ਹੀ ਸੰਸਦ ਦੇ ਸੈਕਟਰੀ ਜਨਰਲ ਸ੍ਰੀ ਉਤਪਾਲ ਕੁਮਾਰ ਸਿੰਘ ਨੇ ਨੋਟੀਫਿਕੇਸ਼ਨ ਨੰਬਰ 21/4(3)/2023/TO(B) ਜਾਰੀ ਕਰਕੇ ਉਸਦੀ ਸੰਸਦੀ ਮੈਂਬਰਸ਼ਿਪ ਰੱਦ ਕਰ ਦਿੱਤੀ। ਕੀਤੀ ਗਈ ਏਨੀ ਕਾਹਲ ਵੀ ਸਪਸ਼ਟ ਕਰਦੀ ਹੈ ਕਿ ਭਾਜਪਾ ਰਾਹੁਲ ਨੂੰ ਕੇਵਲ ਮੌਜੂਦਾ ਸੰਸਦ ਚੋਂ ਹੀ ਬਾਹਰ ਨਹੀਂ ਸੀ ਕਰਨਾ ਚਾਹੁੰਦੀ, ਬਲਕਿ ਅੱਗੇ ਲਈ ਵੀ ਰੋਕਣਾ ਚਾਹੁੰਦੀ ਸੀ। ਇਹ ਸਜ਼ਾ ਕਾਰਨ ਉਹ ਛੇ ਸਾਲਾਂ ਲਈ ਚੋਣ ਨਹੀਂ ਲੜ ਸਕੇਗਾ। ਹੁਣ ਰਾਹੁਲ ਉੱਚ ਅਦਾਲਤ ਵਿੱਚ ਅਪੀਲ ਦਾਇਰ ਕਰੇਗਾ, ਉੱਥੋਂ ਰਾਹਤ ਮਿਲਦੀ ਹੈ ਜਾਂ ਨਹੀਂ ਇਹ ਤਾਂ ਅਜੇ ਦੂਰ ਹੈ।

ਭਾਜਪਾ ਜਰੂਰ ਸੋਚਦੀ ਹੋਵੇਗੀ ਕਿ ਰਾਹੁਲ ਨੂੰ ਦਿੱਤਾ ਝਟਕਾ ਫਾਇਦੇਮੰਦ ਹੋਵੇਗਾ, ਪਰ ਅਸਲ ਵਿੱਚ ਇਸ ਨਾਲ ਵਿਰੋਧੀਆਂ ਨੂੰ ਇਕੱਠੇ ਹੋਣ ਲਈ ਬਲ ਮਿਲੇਗਾ। ਜਦੋਂ ਕੋਈ ਸਰਕਾਰ ਧੱਕਾ ਕਰਦੀ ਹੈ ਤਾਂ ਵਿਰੋਧੀ ਇੱਕਮੁੱਠ ਹੁੰਦੇ ਹਨ। ਇਹ ਸਜ਼ਾ ਵਿਰੋਧੀ ਧਿਰਾਂ ਦੀ ਏਕਤਾ ਦਾ ਰਾਹ ਖੋਲ੍ਹੇਗੀ। ਜੇਕਰ ਅਜਿਹੀ ਏਕਤਾ ਦਾ ਰਾਹ ਖੁਲ੍ਹਦਾ ਹੈ ਤਾਂ ਦੇਸ਼ ਦੇ ਹਿਤ ਵਿੱਚ ਹੋਵੇਗਾ।

(ਬਲਵਿੰਦਰ ਸਿੰਘ ਭੁੱਲਰ) +91 98882 75913