ਭਲੋ ਭਲੋ ਰੇ ਕੀਰਤਨੀਆਂ  

 

ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਵਿਖੇ ਪਹੁੰਚਿਆ ਨਵਾਂ ਰਾਗੀ ਜੱਥਾ-6 ਮਹੀਨੇ ਤੱਕ ਕਰੇਗਾ ਸੇਵਾ
NZ PIC 24 March-3
(ਭਾਈ ਅਮਰੀਕ ਸਿੰਘ ਮੋਰਾਂਵਾਲੀ ਵਾਲਿਆਂ ਦਾ ਕੀਰਤਨੀ ਜੱਥਾ)

ਔਕਲੈਂਡ –ਨਿਊਜ਼ੀਲੈਂਡ ਪਹੁੰਚੇ ਪੰਜਾਬੀਆ ਦੇ ਪਹਿਲੇ ਹਰਮਨ ਪਿਆਰੇ ਸ਼ਹਿਰ ਹਮਿਲਟਨ ਵਿਖੇ 2015 ਦੇ ਵਿਚ ਇਕ ਨਵਾਂ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਨਾਂਅ ਉਤੇ ਸਥਾਪਿਤ ਕੀਤਾ ਗਿਆ ਸੀ। ਉਦੋਂ  ਤੋਂ ਲੈ ਕੇ ਹੁਣ ਤੱਕ ਇਹ ਗੁਰਦੁਆਰਾ ਸਾਹਿਬ ਪੂਰੇ ਖੇਤਰ ਦੇ ਵਿਚ ਸਿੱਖੀ ਪ੍ਰਚਾਰ ਲਈ ਆਪਣਾ ਭਰਪੂਰ ਯੋਗਦਾਨ ਪਾ ਰਿਹਾ ਹੈ। ਅੱਜ ਇਸ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਤੋਂ ਨਵਾਂ ਕੀਰਤਨੀ ਜੱਥਾ ਪਹੁੰਚਿਆ ਜਿਸ ਦੇ ਵਿਚ ਮੁੱਖ ਰਾਗੀ ਭਾਈ ਅਮਰੀਕ ਸਿੰਘ ਮੋਰਾਂਵਾਲੀ, ਸਹਾਇਕ ਰਾਗੀ ਭਾਈ ਜਗਦੀਸ਼ ਸਿੰਘ ਬਸਿਆਲਾ ਅਤੇ ਤਬਲਾ ਵਾਦਕ ਭਾਈ ਮਨਵੀਰ ਸਿੰਘ ਅਲਾਚੌਰ ਸ਼ਾਮਿਲ ਹਨ।  ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇਸ ਜੱਥੇ ਨੂੰ ਲੈਣ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਇਹ ਜੱਥਾ ਲਗਪਗ 6 ਮਹੀਨੇ ਤੱਕ ਇਥੇ ਰਹਿ ਕੇ ਜਿੱਥੇ ਹਜ਼ੂਰੀ ਰਾਗੀ ਜੱਥੇ ਵਜੋਂ ਸੇਵਾ ਕਰੇਗਾ ਉਥੇ ਸਥਾਨਿਕ ਬੱਚਿਆਂ ਤੇ ਵੱਡਿਆਂ ਨੂੰ ਗੁਰਬਾਣੀ ਪਾਠ, ਕੀਰਤਨ, ਸ਼ੁੱਧ ਉਚਾਰਣ ਅਤੇ ਸੰਥਿਆ ਦੇ ਕੇ ਸਿੱਖੀ ਪ੍ਰਚਾਰ ਵਿਚ ਵਾਧਾ ਕਰੇਗਾ। ਭਾਈ ਅਮਰੀਕ ਸਿੰਘ ਪਿਛਲੇ 16-17 ਸਾਲਾਂ ਤੋਂ ਕੀਰਤਨ ਕਰਦੇ ਆ ਰਹੇ ਹਨ ਅਤੇ ਇਹ ਜੱਥਾ ਮਨੀਲਾ ਵਿਖੇ ਵੀ ਤਿੰਨ ਸਾਲ ਤੱਕ ਸੇਵਾ ਕਰ ਚੁੱਕਾ ਹੈ। ਇਹ ਰਾਗੀ ਜੱਥਾ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਹੈ ਅਤੇ ਗੁਰਬਾਣੀ ਰਾਗਾਂ ਉਤੇ ਕਾਫੀ ਪਕੜ ਰੱਖਦਾ ਹੈ। ਆਉਂਦੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਹੈ ਅਤੇ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।

Install Punjabi Akhbar App

Install
×