ਇਨਾਲਾ ਗੁਰੂਘਰ ਵਿਖੇ 29 ਦਸੰਬਰ ਨੂੰ ਹੋਵੇਗੀ ਅੰਤਿਮ ਅਰਦਾਸ

(ਬ੍ਰਿਸਬੇਨ) ਪਿਛਲੇ ਤੀਹ ਸਾਲਾਂ ਤੋਂ ਆਸਟਰੇਲੀਆ ਦੇ ਸੂਬਾ ਕੁਈਨਜ਼ਲੈਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਕਮਿਊਨਿਟੀ ਰੇਡੀਓ ਫੋਰ ਈਬੀ (4EB 98.1FM) ਦੇ ਪੰਜਾਬੀ ਭਾਸ਼ਾ ਗਰੁੱਪ ਦੇ ਸਾਬਕਾ ਕਨਵੀਨਰ ਅਤੇ ਰੇਡੀਓ ਟਿੱਪਣੀਕਾਰ ਕ੍ਰਿਸ਼ਨ ਨਾਂਗੀਆ ਜੀ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਤੋਂ ਬਾਅਦ ਪੂਰੀ ਦੁਨੀਆਂ ‘ਚ ਵਸਦੇ ਮੀਡੀਆ ਅਤੇ ਪੰਜਾਬੀ ਹਿਤੈਸ਼ੀਆਂ ਵੱਲੋਂ ਭਰੇ ਮਨਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਉਹ ਲੰਬੇ ਸਮੇਂ ਤੋਂ ਆਪਣੀ ਸਿਹਤਯਾਬੀ ਲਈ ਡਾਕਟਰੀ ਸੇਵਾਵਾਂ ਲੈ ਰਹੇ ਸਨ ਅਤੇ ਉਹਨਾਂ ਦੀ ਬੇਵਕਤੀ ਮੌਤ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਰੇਡੀਓ ਦੇ ਪੰਜਾਬੀ ਭਾਸ਼ਾ ਗਰੁੱਪ ਤੋਂ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀਆਂ ਅੰਤਿਮ ਰਸਮਾਂ ਦਿਨ ਵੀਰਵਾਰ, 29 ਦਸੰਬਰ ਨੂੰ ਸਵਾ ਤਿੰਨ ਤੋਂ ਸਾਢੇ ਚਾਰ (3:15-4:30 ਸ਼ਾਮ) ਤੱਕ ਮਾਊਂਟ ਥੌਮਸਨ ਮੈਮੋਰੀਅਲ ਪਾਰਕ, ਹਾਲੈਂਡ ਪਾਰਕ ਵਿਖੇ ਹੋਣਗੀਆਂ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਵੀ ਇਸੇ ਦਿਨ ਸ਼ਾਮ ਨੂੰ ਇਨਾਲਾ ਗੁਰੂਘਰ ਵਿਖੇ ਹੋਵੇਗੀ। ਪਰਿਵਾਰ ਵੱਲੋਂ ਸਮੂਹ ਸੰਗਤ ਨੂੰ ਇਸ ਦੁੱਖ ਦੀ ਘੜੀ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ। ਗੌਰਤਲਬ ਹੈ ਕਿ ਸੂਬਾ ਕੁਈਨਜ਼ਲੈਡ ਦੇ ਕਮਿਊਨਿਟੀ ਰੇਡੀਓ ‘ਤੇ ਪੰਜਾਬੀ ਭਾਸ਼ਾ ਦੇ ਪ੍ਰੋਗਰਾਮ ਦਾ ਬੂਟਾ ਲਗਾਉਣ ‘ਚ ਮਰਹੂਮ ਪਲੇਠੀਆਂ ਹਸਤੀਆਂ ‘ਚੋ ਇਕ ਸਨ।