ਕੰਮ ਵਾਲੀਆਂ ਥਾਵਾਂ ਉਪਰ, 59% ਤੋਂ ਵੀ ਜ਼ਿਆਦਾ ਐਬੋਰਿਜਨਲਾਂ ਨਾਲ ਹੁੰਦਾ ਹੈ ਵਿਤਕਰਾ -ਇੱਕ ਰਿਪੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇੱਕ ਨਵੇਂ ਸਰਵੇਖਣ ਦੀ ਰਿਪੋਰਟ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਅੰਦਰ 59% ਮੂਲ ਨਿਵਾਸੀਆਂ (ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰਾਂ) ਦਾ ਮੰਨਣਾ ਹੈ ਕਿ ਉਨ੍ਹਾਂ ਦੇ ਨਾਲ ਕੰਮ ਵਾਲੀਆਂ ਥਾਵਾਂ ਉਪਰ ਵਿਤਕਰਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਲਾਲ ਸਮਾਨਤਾ ਵਾਲਾ ਵਿਵਹਾਰ ਨਹੀਂ ਕੀਤਾ ਜਾਂਦਾ। ਉਕਤ ਰਿਪੋਰਟ ਸਿਡਨੀ ਦੇ ਜੁੰਮਬੁਨਾ ਇੰਸਟੀਚਿਊਟ ਅਤੇ ਖੋਜ ਅਧਿਕਾਰੀਆਂ ਨੇ ਮਿਲ ਕੇ (The Diversity Council of Australia and the University of Technology Sydney’s Jumbunna Institute for Indigenous Education and Research) ਪੇਸ਼ ਕੀਤੀ ਹੈ ਜਿਸ ਵਿੱਚ ਕਿ ਉਕਤ ਖੁਲਾਸਾ ਕੀਤਾ ਗਿਆ ਹੈ। ਇਸ ਰਿਪੋਰਟ ਨੂੰ ‘ਸੱਚ ਬੋਲੋ’ ਦਾ ਨਾਮ ਦਿੱਤਾ ਗਿਆ ਹੈ। ਇਸ ਸਰਵੇਖਣ ਵਿੱਚ ਘੱਟੋ ਘੱਟ 1,033 ਅਜਿਹੇ ਹੀ ਐਬੋਰਿਜਨਲ ਅਤੇ ਟੋਰਸ ਆਈਲੈਂਡਰਾਂ ਨਾਲ ਗੱਲ ਬਾਤ ਕੀਤੀ ਗਈ ਜਿਸ ਦੇ ਤਹਿਤ ਉਨ੍ਹਾਂ ਨੇ ਆਪਣੇ ਤਜੁਰਬੇ ਬਿਆਨ ਕੀਤੇ। ਵੈਸੇ ਕੁੱਝ ਅਜਿਹੇ ਵੀ ਹਨ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਰਿਆਂ ਵੱਲੋਂ ਸਪੋਰਟ ਵੀ ਮਿਲਦੀ ਹੈ ਅਤੇ ਉਨ੍ਹਾਂ ਦਾ ਸਾਥ ਵੀ ਦਿੱਤਾ ਜਾਂਦਾ ਹੈ ਪਰੰਤੂ ਬਹੁਤਾਦ ਉਨ੍ਹਾਂ ਦੀ ਹੀ ਹੈ ਜੋ ਕਿ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ। ਰਿਪੋਰਟ ਅੰਦਰ ਕੁੱਝ ਸੁਝਾਅ ਵੀ ਪੇਸ਼ ਕੀਤੇ ਗਏ ਹਨ ਜਿਵੇਂ ਕਿ ਅਦਾਰਿਆਂ ਨੂੰ ਚਾਹੀਦਾ ਹੈ ਕਿ ਹਮੇਸ਼ਾ ਸੱਚਾਈ ਦਾ ਸਾਥ ਦੇਣ; ਆਪਣੇ ਅਦਾਰਿਆਂ ਅੰਦਰ ਕੰਮ ਕਰਦੇ ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰਾਂ ਦੀ ਖਾਸ ਸੂਚਿ ਤਿਆਰ ਕਰਕੇ ਰੱਖਣ ਅਤੇ ਉਨ੍ਹਾਂ ਵੱਲ ਥੋੜ੍ਹਾ ਖਾਸ ਧਿਆਨ ਦੇਣ; ਕੰਮ ਦੇ ਤਰੀਕਿਆਂ ਅਤੇ ਆਲ਼ੇ-ਦੁਆਲ਼ੇ ਦੇ ਮਾਹੌਲ ਵੱਲ ਤਵੱਜੋ ਦੇਣ; ਸਭਿਅਕ ਸੁਰੱਖਿਆ ਦਾ ਵੀ ਧਿਆਨ ਰੱਖਣ; ਆਪਣੇ ਦੂਸਰੇ ਵਰਕਰਾਂ ਨੂੰ ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰਾਂ ਨਾਲ ਸਹੀ ਅਤੇ ਸਭਿਅਕ ਵਿਵਹਾਰ ਕਰਨਾ ਸਿਖਾਉਣ; ਆਪਣੇ ਅਦਾਰੇ ਵਿੱਚ ਹੋ ਰਹੇ ਤਾਲਮੇਲ ਦੇ ਕੰਮਾਂ ਅਤੇ ਵਿਵਹਾਰਾਂ ਪ੍ਰਤੀ ਸੁਚੇਤ ਰਹਿਣ; ਅਗਰ ਕੋਈ ਅਜਿਹੀ ਅਣਹੋਣੀ ਵਾਰਦਾਤ ਜਾਂ ਗੱਲਬਾਤ ਦਾ ਮਾਹੌਲ ਬਣਦਾ ਹੈ ਤਾਂ ਇੱਕ ਦਮ ਇਸ ਉਪਰ ਕਾਬੂ ਪਾਉਣ ਅਤੇ ਗਲਤੀ ਕਰਨ ਵਾਲੇ ਨੂੰ ਉਚਿਤ ਕਾਰਵਾਈ ਵੀ ਕਰਨ; ਕੰਮ ਦੀ ਸਮਾਨਤਾ ਦਾ ਖਾਸ ਧਿਆਨ ਰੱਖਣ; ਆਦਿ ਵਰਗੀਆਂ ਬੁਨਿਆਦੀ ਗੱਲਾਂ ਵੱਲ ਉਚੇਚੇ ਤੌਰ ਤੇ ਧਿਆਨ ਦਿਵਾਇਆ ਗਿਆ ਹੈ।

Install Punjabi Akhbar App

Install
×