ਕਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦਿਆਂ, ਕੁਈਨਜ਼ਲੈਂਡ ਦੇ ਬਾਰਡਰਾਂ ਬਾਰੇ ਫੈਸਲਾ ਮੰਗਲਵਾਰ ਦੁਪਹਿਰ ਤੱਕ

(ਐਸ.ਬੀ.ਐਸ.) ਕੁਈਨਜ਼ਲੈਂਡ ਦੇ ਬਾਰਡਰਾਂ ਦੇ ਖੁਲ੍ਹਣ ਬਾਰੇ, ਦੂਸਰੇ ਰਾਜਾਂ ਅਤੇ ਕੁਈਨਜ਼ਲੈਂਡ ਦੇ ਲੋਕਾਂ ਨੂੰ ਹਾਲੇ ਮੰਗਲਵਾਰ ਦੁਪਹਿਰ ਤੱਕ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਦੇਸ਼ ਅੰਦਰ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਹਾਲੇ ਮੰਗਲਵਾਰ ਤੱਕ ਸਥਿਤੀ ਨੂੰ ਵਾਚਿਆ ਅਤੇ ਘੋਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਰਾਜ ਅੰਦਰ ਹਾਲ ਦੀ ਘੜੀ ਪਿੱਛਲੇ ਅੱਠਾਂ ਦਿਨ੍ਹਾਂ ਅੰਦਰ, ਸਿਰਫ ਇੱਕ ਹੀ ਕਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਕਤ ਵਿਅਕਤੀ ਵੀ ਬਾਹਰੋਂ ਹੀ ਆਇਆ ਸੀ। ਜ਼ਿਕਰਯੋਗ ਹੈ ਕਿ ਸਮੁੱਚੇ ਸੰਸਾਰ ਅੰਦਰ ਕਰੋਨਾ ਦੇ ਮਾਮਲੇ 10 ਮਿਲੀਅਨ ਤੱਕ ਪਹੁੰਚਣ ਹੀ ਵਾਲੇ ਹਨ ਅਤੇ ਵਿਕਟੋਰੀਆ ਅੰਦਰ ਜੋ ਪਿਛਲੇ 15 ਦਿਨ੍ਹਾਂ ਅੰਦਰ ਕਰੋਨਾ ਮਰੀਜ਼ਾਂ ਦਾ ਇਜ਼ਾਫ਼ਾ ਹੋਇਆ ਹੈ ਉਸ ਦੇ ਮੱਦੇਨਜ਼ਰ ਸਾਰੇ ਮਾਮਲਾਤ ਨੂੰ ਗੰਭੀਰਤਾ ਨਾਲ ਵਾਚਿਆ ਜਾ ਰਿਹਾ ਹੈ। ਵਿਕਟੋਰੀਆ ਅੰਰਦ ਪਿੱਛਲੇ ਹਫਤੇ ਦੇ ਅੰਤ ਵਿੱਚ 90 ਨਵੇਂ ਮਾਮਲੇ ਦਰਜ ਹੋਏ -41 ਸ਼ਨਿਚਰਵਾਰ ਨੂੰ ਅਤੇ 49 ਐਤਵਾਰ ਨੂੰ। ਇਸੇ ਤਰ੍ਹਾਂ ਵੈਸਟਰਨ ਆਸਟ੍ਰੇਲੀਆ ਵਿੰਚ ਇੱਕ ਨਵਾਂ ਮਾਮਲਾ ਅਤੇ ਨਿਊ ਸਾਊਥ ਵੇਲਜ਼ ਵਿੱਚ ਤਿੰਨ ਮਾਮਲੇ (ਬਾਹਰੋਂ ਆਏ ਯਾਤਰੀ) ਦਰਜ ਹੋਏ। ਕੁਈਨਜ਼ਲੈਂਡ ਅਤੇ ਦੱਖਣੀ ਆਸਟ੍ਰੇਲੀਆ ਅੰਦਰ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ। ਪੱਛਮੀ ਆਸਟ੍ਰੇਲੀਆ ਵਿੱਚ ਇਸ ਵੇਲੇ ਸਿਰਫ 5 ਕੋਵਿਡ 19 ਦੇ ਚਲੰਤ ਮਾਮਲੇ ਹਨ ਅਤੇ ਇਨ੍ਹਾਂ ਪੰਜਾਂ ਪੀੜਿਤਾਂ ਨੂੰ ਹੋਟਲ ਵਿੱਚ ਕੁਆਰਨਟੀਨ ਕੀਤਾ ਗਿਆ ਹੈ।