ਬਾਕਸਿੰਗ ਦਿਹਾੜੇ ਤੇ ਮਹਿਜ਼ 17 ਸਾਲਾਂ ਦੇ ਦੋ ਨੌਜਵਾਨਾਂ ਵੱਲੋਂ ਐਮਾ ਲੋਵੇਲ ਨਾਮ ਦੀ ਮਹਿਲਾ ਦਾ ਉਸਦੇ ਆਪਣੇ ਘਰ (ਨਾਰਥ ਲੇਕਸ) ਅੰਦਰ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ, ਰਾਜ ਸਰਕਾਰ ਉਪਰ ਅਜਿਹੇ ਨੌਜਵਾਨਾਂ ਦੀਆਂ ਜ਼ਮਾਨਤਾਂ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ ਹੈ ਜਿਸ ਉਪਰ ਕਿ ਇੱਕ ਲੱਖ ਲੋਕਾਂ ਨੇ ਆਪਣੇ ਦਸਤਖ਼ਤਾਂ ਜ਼ਰੀਏ ਸਰਕਾਰ ਉਪਰ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਪਰਾਧ ਦੇ ਮਾਮਲਿਆਂ ਅਤੇ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਹੀ ਅਜਿਹੇ ਨੌਜਵਾਨਾਂ ਦੀਆਂ ਜ਼ਮਾਨਤਾਂ ਉਪਰ ਕਾਰਵਾਈ ਕੀਤੀ ਜਾਵੇ ਅਤੇ ਫੇਰ ਭਾਵੇਂ ਇਹ ਨੌਜਵਾਨ ਛੋਟੀ ਉਮਰ ਦੇ ਹੀ ਕਿਉਂ ਨਾ ਹੋਣ।
ਮ੍ਰਿਤਕਾ ਲੋਵੇਲ ਦੇ ਸਨਮਾਨ ਇੱਕ ਜਨਤਕ ਸਭਾ ਦਾ ਵੀ ਆਯੋਜਨ ਕੀਤਾ ਗਿਆ ਅਤੇ ਬ੍ਰਿਸਬੇਨ ਦੇ ਵੇਲਿੰਗਟਨ ਪੁਆਇੰਟ ਦੇ ਨਜ਼ਦੀਕ ਇਹ ਸਭਾ ਕੀਤੀ ਗਈ ਅਤੇ ਮ੍ਰਿਤਕਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਅਪਰਾਧੀ ਭਾਵੇਂ ਛੋਟੀ ਉਪਰ ਦੇ ਹੀ ਕਿਉਂ ਨਾ ਹੋਣ ਪਰੰਤੂ ਕੀਤੇ ਗਏ ਅਪਰਾਧ ਦੀ ਗੰਭੀਰਤਾ ਨੂੰ ਅੱਖੋਂ-ਪਰੋਖੇ ਵੀ ਨਹੀਂ ਕੀਤਾ ਜਾਣਾ ਚਾਹੀਦਾ। ਅਤੇ ਵਾਰ ਵਾਰ ਅਜਿਹੇ ਅਪਰਾਧ ਕਰਨ ਵਾਲੇ ਨੌਜਵਾਨਾਂ ਦੀ ਤਾਂ ਜ਼ਮਾਨਤ ਵੀ ਨਹੀਂ ਹੋਣੀ ਚਾਹੀਦੀ।
ਅਜਿਹੇ ਕਈ ਮਾਮਲੇ ਸਮਾਜ ਵਿੱਚ ਵਾਪਰ ਰਹੇ ਹਨ ਅਤੇ ਤਕਰੀਬਨ ਇੱਕ ਸਾਲ ਹੋਣ ਨੂੰ ਆ ਰਿਹਾ ਹੈ ਜਦੋਂ ਕਿ ‘ਆਸਟ੍ਰੇਲੀਆ ਡੇਅ’ ਦਿਹਾੜੇ ਉਪਰ ਇੱਕ 17 ਸਾਲਾਂ ਦੇ ਨੌਜਵਾਨ ਨੇ ਸ਼ਰਾਬ ਪੀ ਕੇ ਅਤੇ ਇੱਕ ਕਾਰ ਚੋਰੀ ਕਰਦਿਆਂ ਹੋਇਆਂ ਕੇਟ ਲੈਡਬੈਟਰ ਅਤੇ ਮੈਥਿਊ ਫੀਲਡ ਨਾਮ ਦੇ ਪਤੀ ਪਤਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਅਣਜੰਮਿਆ ਬੱਚਾ ਵੀ ਮਾਂ ਦੀ ਕੁੱਖ ਵਿੱਚ ਹੀ ਦਮ ਤੋੜ ਗਿਆ ਸੀ। ਉਕਤ ਨੌਜਵਾਨ ਨੂੰ 6 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਹੁਣ ਜੇਲ੍ਹ ਵਿੱਚ ਹੀ ਹੈ।
ਉਪਰੋਕਤ ਜ਼ਿਕਰ ਵਿੱਚ ਆਈ ਪਟੀਸ਼ਨ ਮੈਥਿਊ ਫੀਲਡ ਦੀ ਮਾਤਾ ਐਨੇ ਅਤੇ ਉਸਦੀ ਇੱਕ ਦੋਸਤ ਜੂਲੀ ਵੈਸਟ ਨੇ ਹੀ ਪਾਈ ਹੋਈ ਹੈ ਅਤੇ ਐਮਾ ਲੋਵੋਲ ਦੀ ਪ੍ਰਾਰਥਨਾ ਸਭਾ ਵਿੱਚ ਇਨ੍ਹਾਂ ਨੇ ਵੀ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਜਾਗਰੂਕ ਹੋ ਕੇ ਉਕਤ ਪਟੀਸ਼ਨ ਦੇ ਹੱਕ ਵਿੱਚ ਖੜ੍ਹਨ ਬਾਰੇ ਅਪੀਲ ਕੀਤੀ।