ਕੁਈਨਜ਼ਲੈਂਡ ਵਿੱਚ ਵੀ ਕਰੋਨਾ ਕਾ ਕੋਈ ਨਵਾਂ ਮਾਮਲਾ ਦਰਜ ਨਹੀਂ -ਬ੍ਰਿਸਬੇਨ ਦੇ ਲਾਕਡਾਊਨ ਦਾ ਅੱਧਾ ਸਮਾਂ ਪਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ 24 ਘੰਟਿਆਂ ਦੌਰਾਨ ਕੁਈਨਜ਼ਲੈਂਡ ਰਾਜ ਅੰਦਰ ਵੀ ਕਰੋਨਾ ਦਾ ਕੋਈ ਨਵਾਂ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਹੈ ਜਦੋਂ ਕਿ ਬ੍ਰਿਸਬੇਨ ਅੰਦਰ ਲਗਾਏ ਗਏ 3 ਦਿਨਾਂ ਦੇ ਲਾਕਡਾਊਨ ਦਾ ਅੱਧਾ ਸਮਾਂ ਪਾਰ ਵੀ ਹੋ ਚੁਕਿਆ ਹੈ ਪਰੰਤੂ ਯੂ.ਕੇ. ਤੋਂ ਆਏ ਕਰੋਨਾ ਦੇ ਨਵੇਂ ਸੰਸਕਰਣ ਕਾਰਨ ਹਾਲ ਦੀ ਘੜੀ ਹਰ ਕੋਈ ਸਕਤੇ ਵਿੱਚ ਦਿਖਾਈ ਦੇ ਰਿਹਾ ਹੈ। ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 19,000 ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ ਉਨ੍ਹਾਂ ਉਚੇਚੇ ਤੌਰ ਤੇ ਰਾਜ ਦੀ ਜਨਤਾ, ਅਤੇ ਖਾਸ ਕਰਕੇ ਬ੍ਰਿਸਬੇਨ ਵਾਸੀਆਂ ਦਾ ਧੰਨਵਾਦ ਕੀਤਾ ਹੈ ਕਿ ਉਹ ਇਸ ਵਿਪਦਾ ਦੀ ਘੜੀ ਵਿੱਚ ਬਰਾਬਰ ਅਤੇ ਪੂਰਨ ਤੌਰ ਤੇ ਸਾਥ ਦੇ ਰਹੇ ਹਨ। ਉਨ੍ਹਾਂ ਯੂ.ਕੇ. ਵੇਰਿਐਂਟ ਬਾਰ ਕਿਹਾ ਕਿ 2 ਜਨਵਰੀ ਤੋਂ ਹੀ ਅਧਿਕਾਰੀ ਇਸ ਬਾਰੇ ਚੇਤੰਨ ਹਨ, ਪਰੰਤੂ ਹਾਲੇ ਤੱਕ ਇਸ ਦੀ ਨਵੀਂ ਕੋਈ ਵੀ ਜਾਣਕਾਰੀ ਦਰਜ ਨਹੀਂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਰੀਐਂਟ ਵਾਲੇ ਵਿਅਕਤੀ ਦੇ ਨਜ਼ਦੀਕੀਆਂ ਵਿੱਚ ਘੱਟੋ ਘੱਟ 147 ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਹੁਣ ਤੱਕ 112 ਦੀ ਰਿਪੋਰਟ ਨੈਗੇਟਿਵ ਆਈ ਹੈ। ਬ੍ਰਿਸਬੇਨ ਦੇ ਲੋਗਾਨ, ਇਪਸਵਿਚ, ਮੋਰਟਨ ਬੇਅ, ਅਤੇ ਰੈਡਲੈਂਡਜ਼ ਆਦਿ ਖੇਤਰਾਂ ਵਿੱਚ 3 ਦਿਨਾਂ ਦਾ ਲਾਕਡਾਊਨ ਬੀਤੇ ਸ਼ੁਕਰਵਾਰ ਤੋਂ ਹੀ ਜਾਰੀ ਹੈ ਅਤੇ ਇਹ ਆਉਣ ਵਾਲੇ ਕੱਲ੍ਹ -ਸੋਮਵਾਰ ਨੂੰ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗਾ ਅਤੇ ਸਿਰਫ ਜ਼ਰੂਰੀ ਕੰਮਾਂ ਵਾਸਤੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ। ਇਸ ਤੋਂ ਇਲਾਵਾ ਕੱਲ੍ਹ, ਸੋਮਵਾਰ ਨੂੰ ਸਵੇਰੇ 9 ਵਜੇ ਨਵੀਆਂ ਸੂਚਨਾਵਾਂ ਲੈ ਕੇ ਪ੍ਰੀਮੀਅਰ ਮੁੜ ਤੋਂ ਹਾਜ਼ਿਰ ਹੋਣਗੇ।

Install Punjabi Akhbar App

Install
×