ਕੁਈਨਜ਼ਲੈਂਡ ਵਿੱਚ ਕਰੋਨਾ ਦੇ 16 ਨਵੇਂ ਮਾਮਲੇ ਦਰਜ ਸਾਰੇ ਦੇ ਸਾਰੇ ਪੱਛਮੀ ਬ੍ਰਿਸਬੇਨ ਆਊਟਬ੍ਰੇਕ ਨਾਲ ਸਬੰਧਤ

ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਜੀਨੇਟ ਯੰਗ ਨੇ ਕਰੋਨਾ ਬਾਰੇ ਅਪਡੇਟ ਕਰਦਿਆਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 16 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਸਾਰੇ ਦੇ ਸਾਰੇ ਹੀ ਪੱਛਮੀ ਬ੍ਰਿਸਬੇਨ ਵਾਲੇ ਆਊਟਬ੍ਰੇਕ ਨਾਲ ਸਬੰਧਤ ਹਨ ਅਤੇ ਉਕਤ ਆਊਟਬ੍ਰੇਕ ਨਾਲ ਸਬੰਧਤ ਇਨ੍ਹਾਂ ਮਾਮਲਿਆਂ ਦੀ ਕੁੱਲ ਗਿਣਤੀ ਹੁਣ 47 ਹੋ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 34,718 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ ਜੋ ਕਿ ਲੋਕਾਂ ਦੇ ਉਤਸਾਹ ਅਤੇ ਜਾਗਰੂਕਤਾ ਦਾ ਚੰਗਾ ਸੰਕੇਤ ਹੈ।
ਰਾਜ ਅੰਦਰ ਮੌਜੂਦਾ ਸਮਿਆਂ ਵਿੱਚ 7,995 ਲੋਕ ਕੁਆਰਨਟੀਨ ਵਿੱਚ ਹਨ ਅਤੇ ਇਨ੍ਹਾਂ ਵਿਚੋਂ 4,089 ਆਪਣੇ ਘਰਾਂ ਅੰਦਰ ਹੀ ਕੁਆਰਨਟੀਨ ਹਨ।
ਵਧੀਕ ਪੁਲਿਸ ਕਮਿਸ਼ਨਰ ਸਟੀਵ ਗੋਲਸਵੇਸਕੀ ਨੇ ਕਿਹਾ ਕਿ ਲੋਕਾਂ ਵੱਲੋਂ ਨਿਯਮਾਂ ਦੀ ਉਲੰਘਣਾਂ ਕਾਰਨ 70 ਨੋਟਿਸ ਭੇਜੇ ਗਏ ਹਨ ਅਤੇ 21 ਲੋਕਾਂ ਨੂੰ ਬ੍ਰਿਸਬੇਨ ਸੀ.ਬੀ.ਡੀ. ਵਿਖੇ ਲਾਕਡਾਊਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਤਹਿਤ ਗ੍ਰਿਫਤਾਰ ਵੀ ਕੀਤਾ ਗਿਆ ਹੈ।