ਰਾਸ਼ਟਰੀ ਮੰਤਰੀ ਮੰਡਲ ਵਲੋਂ ਸੂਬਾ ਕੁਈਨਜ਼ਲੈਂਡ ਲਈ ਨਵੀਆਂ ਪਬੰਦੀਆਂ ਦਾ ਐਲਾਨ

ਪੱਬ, ਕਲੱਬ, ਜਿੱਮ, ਇਨਡੋਰ ਖੇਡ ਸਹੂਲਤਾਂ, ਕੈਸੀਨੋ, ਸਿਨੇਮਾਘਰ ਅਤੇ ਧਾਰਮਿਕ ਸਥਲ ਬੰਦ

( ਰਾਸ਼ਟਰ ਨੂੰ ਸੰਬੋਧਨ ਸਮੇਂ ਪ੍ਰਧਾਨ ਮੰਤਰੀ ਅਤੇ ਮੁੱਖ ਮੈਡੀਕਲ ਅਫ਼ਸਰ ਪ੍ਰੋਫੈਸਰ ਬ੍ਰੈਂਡੰਨ ਮਰਫੀ )

(ਬ੍ਰਿਸਬੇਨ 22 ਮਾਰਚ) ਸਮੁੱਚੇ ਵਿਸ਼ਵ ‘ਚ ਕਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਮੁੱਖ ਮੈਡੀਕਲ ਅਫ਼ਸਰ ਪ੍ਰੋਫੈਸਰ ਬ੍ਰੈਂਡੰਨ ਮਰਫੀ ਨੇ ਐਤਵਾਰ ਰਾਸ਼ਟਰੀ ਮੀਡੀਆ ਨੂੰ ਆਪਣੇ ਸਾਂਝੇ ਸੰਬੋਧਨ ਰਾਹੀਂ ਰਾਜ ਤੇ ਸੰਘੀ ਨੇਤਾਵਾਂ ਅਤੇ ਸਿਹਤ ਮੰਤਰੀਆਂ ਦੀ ਕੌਮੀ ਕੈਬਨਿਟ ਮੀਟਿੰਗ ਤੋਂ ਬਾਅਦ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਕੁਈਨਜ਼ਲੈਂਡ ਲਈ ਕਈ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਜਿਸ ਵਿੱਚ ਰਾਸ਼ਟਰੀ ਮੰਤਰੀ ਮੰਡਲ ਨੇ ਕਈ ਨਵੇਂ ਉਪਾਵਾਂ ਦਾ ਫ਼ੈਸਲਾ ਲਿਆ ਹੈ, ਜਿਨ੍ਹਾਂ ਵਿੱਚ ਲਾਇਸੰਸ ਸ਼ੁਦਾ ਪੱਬ ਤੇ ਕਲੱਬ, ਕਸਰਤ ਘਰ (ਜਿੱਮ) , ਇਨਡੋਰ ਖੇਡ ਸਹੂਲਤਾਂ, ਕੈਸੀਨੋ, ਸਿਨੇਮਾਘਰ ਅਤੇ ਪੂਜਾ/ਧਾਰਮਿਕ ਸਥਲ ਸੋਮਵਾਰ ਦੁਪਹਿਰ ਤੋਂ ਬੰਦ ਹੋ ਜਾਣਗੇ। ਆਵਾਮ ਦੀਆਂ ਰੋਜ਼ਾਨਾਂ ਦੀਆਂ ਭੋਜਨ ਜ਼ਰੂਰਤਾਵਾਂ ਦੇ ਮੱਦੇਨਜ਼ਰ ਕੈਫ਼ੇ ਅਤੇ ਰੈਸਟੋਰੈਂਟ ਸਿਰਫ਼ ਲੈਣ-ਦੇਣ ਤੱਕ ਸੀਮਿਤ ਹੋਣਗੇ। ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਦੇਸ਼ ਵਿੱਚ ਪ੍ਰਚੂਨ ਦੀਆਂ ਦੁਕਾਨਾਂ ਅਤੇ ਸੁਪਰ ਮਾਰਕਿਟ ਆਮ ਵਾਂਗ ਖੁਲੀਆਂ ਰਹਿਣਗੀਆਂ। ਪਰ, ਉਹਨਾਂ ਆਵਾਮ ਨੂੰ ਅਪੀਲ ਕੀਤੀ ਕਿ ਉਹ ਚੀਜ਼ਾਂ ਜ਼ਰੂਰਤ ਮੁਤਾਬਕ ਹੀ ਖਰੀਦਣ। ਭਗਦੜ ਅਤੇ ਜ਼ਮਾਖੋਰੀ ਤੋਂ ਬਚਣ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਅਜੇ ਵੀ ਖੁੱਲ੍ਹੇ ਰਹਿਣਗੇ, ਪਰ ਸੰਬੰਧਿਤ ਮਾਪੇ ਇਹ ਫ਼ੈਸਲਾ ਕਰ ਸਕਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਲੈ ਜਾਣਾ ਚਾਹੁੰਦੇ ਹਨ ਜਾਂ ਉਨ੍ਹਾਂ ਨੂੰ ਘਰ ਛੱਡਣਾ ਚਾਹੁੰਦੇ ਹਨ। ਉੱਧਰ ਵਿਲੇਜ ਰੋਡ ਸ਼ੋਅ ਨੇ ਮਜ਼ੂਦਾ ਸਥਿੱਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੋਲਡ ਕੋਸਟ ‘ਤੇ ਥੀਮ ਪਾਰਕ; ਮੂਵੀ ਵਰਲਡ, ਸੀ ਵਰਲਡ ਰਿਜੋਰਟ, ਵੈੱਟ ਐਂਡ ਵਾਈਲਡ, ਪੈਰਾਡਾਈਜ਼ ਕੰਟਰੀ ਅਤੇ ਟਾਪਗੌਲਫ ਲੰਘੇ ਐਤਵਾਰ ਸ਼ਾਮ ਤੋਂ ਅਗਾਮੀਂ ਹੁਕਮਾਂ ਤੱਕ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਆਪਣੀ ਤਕਰੀਰ ‘ਚ ਕਿਹਾ ਕਿ, “ਇਹ ਸਾਰੇ ਆਸਟਰੇਲੀਆ ਦੇ ਲੋਕਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ ਕਿ ਇਹ ਕਿੰਨਾ ਗੰਭੀਰ ਹੈ ਅਤੇ ਇਸ ਅਧਿਕਾਰ ਨੂੰ ਪ੍ਰਾਪਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।”