ਕੁਈਨਜ਼ਲੈਂਡ ਐਲ.ਐਨ.ਪੀ. ਨੇ ਡਾ. ਐਂਡ੍ਰਿਊ ਲੇਮਿੰਗ ਤੋਂ ਝਾੜਿਆ ਪੱਲਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਡਾ. ਐਂਡ੍ਰਿਊ ਲੇਮਿੰਗ, (54 ਸਾਲਾਂ) ਜੋ ਕਿ ਬੌਮੈਨ ਖੇਤਰ ਵਿੱਚੋਂ ਫੈਡਰਲ ਐਮ.ਪੀ. ਹਨ ਅਤੇ ਬੀਤੇ 17 ਸਾਲਾਂ ਤੋਂ ਇਸ ਸੁਰੱਖਿਅਤ ਸੀਟ ਉਪਰ ਕਾਬਜ਼ ਵੀ ਹਨ, ਉਪਰ ਲੱਗੇ ਮਹਿਲਾਵਾਂ ਦੇ ਸ਼ੋਸ਼ਣ ਅਤੇ ਪ੍ਰਤਾੜਨਾ ਵਰਗੇ ਇਲਜ਼ਾਮਾਂ ਕਰਕੇ, ਹੁਣ ਉਹ ਜਾਂਚ ਦੇ ਘੇਰੇ ਵਿੱਚ ਹਨ ਅਤੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੀਆਂ ਸਿਫਾਰਸ਼ਾਂ ਅਨੁਸਾਰ, ਚਰਿੱਤਰ ਵਿਵਹਾਰ ਦੀ ਟ੍ਰੇਨਿੰਗ ਵੀ ਲੈ ਰਹੇ ਹਨ, ਤੋਂ, ਕੁਈਨਜ਼ਲੈਂਡ ਦੀ ਲਿਬਰਲ ਪਾਰਟੀ ਨੇ ਆਪਣਾ ਸਮਰਥਨ ਵਾਪਿਸ ਲੈ ਲਿਆ ਹੈ। ਬੀਤੀ ਰਾਤ ਕੁਈਨਜ਼ਲੈਂਡ ਐਲ.ਐਨ.ਪੀ. ਦੀ ਅਰਜ਼ੀ ਉਪਰ ਸੁਣਵਾਈ ਕਰਦਿਆਂ ਜਦੋਂ ਸਬੰਧਤ ਕਮੇਟੀ ਨੇ ਡਾ. ਐਂਡ੍ਰਿਊ ਨੂੰ ਬੌਮੈਨ ਸੀਟ ਤੋਂ ਕਿਨਾਰਾ ਕਰਨ ਨੂੰ ਕਿਹਾ ਤਾਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਇਸਤੋਂ ਨਾਰਾਜ਼ ਹੋ ਕੇ ਪਾਰਟੀ ਨੇ ਡਾ. ਲੇਮਿੰਗ ਨੂੰ ਪਾਰਟੀ ਤੋਂ ਹੀ ਬਰਖ਼ਾਸਤ ਕਰ ਦਿੱਤਾ।
ਵੈਸੇ, ਇਸ ਮਹੀਨੇ ਦੇ ਸ਼ੁਰੂਆਤ ਵਿੱਚ ਹੀ ਕੁਈਨਜ਼ਲੈਂਡ ਪੁਲਿਸ ਨੇ ਡਾ. ਲੇਮਿੰਗ ਖ਼ਿਲਾਫ਼ ਕੋਈ ਪੁਲਸੀਆ ਕਾਰਵਾਈ ਕਰਨ ਤੋਂ ਇਨਕਾਰ ਵੀ ਕਰ ਦਿੱਤਾ ਸੀ, ਜਦੋਂ ਕਿ ਇੱਕ ਮਹਿਲਾ ਕਰਮਚਾਰੀ ਨੇ ਇਲਜ਼ਾਮ ਲਗਾਇਆ ਸੀ ਕਿ ਡਾ. ਲੇਮਿੰਗ ਨੇ ਉਸਦੀਆਂ ਇਤਰਾਜ਼ ਜਨਕ ਫੋਟੋਆਂ ਖਿੱਚੀਆਂ ਹਨ। ਪੜਤਾਲੀਆ ਕਮਿਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੜਤਾਲ ਕੀਤੀ ਹੈ ਅਤੇ ਹਾਲ ਦੀ ਘੜੀ ਕੋਈ ਕ੍ਰਿਮਿਨਲ ਆਫੈਂਸ ਨਹੀਂ ਬਣਦਾ ਅਤੇ ਨਾ ਹੀ ਅਜਿਹਾ ਕੋਈ ਗਵਾਹ ਹੀ ਅੱਗੇ ਆਇਆ ਹੈ ਜੋ ਕਿ ਕਿਸੇ ਕਿਸਮ ਦੀ ਅਜਿਹੀ ਗਵਾਹੀ ਦੇ ਸਕੇ ਜਿਸ ਨਾਲ ਕਿ ਮਾਮਲਿਆਂ ਅੰਦਰ ਕੋਈ ਨਵਾਂ ਮੋੜ ਆਵੇ।
ਜ਼ਿਕਰਯੋਗ ਹੈ ਕਿ ਡਾ. ਲੇਮਿੰਗ ਹੁਣ ਅਗਲੀਆਂ ਚੋਣਾਂ ਤੱਕ (ਜੁਲਾਈ 2022) ਪਾਰਲੀਮੈਂਟ ਦਾ ਹਿੱਸਾ ਰਹਿਣਗੇ ਅਤੇ ਪਾਰਲੀਮਾਨੀ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਪਾਰਟੀ ਤੋਂ ਬੇਦਖਲ ਕੀਤਾ ਗਿਆ ਹੈ ਤਾਂ ਉਹ ਅਗਲੇ ਛੇ ਮਹੀਨੇ ਤੱਕ ਤਨਖਾਹ ਵੀ ਲੈ ਸਕਦੇ ਹਨ ਜੋ ਕਿ 105,600 ਡਾਲਰ ਬਣਦੀ ਹੈ।

Install Punjabi Akhbar App

Install
×