ਕੁਈਨਜ਼ਲੈਂਡ ਸਰਕਾਰ ਨੇ ਹਸਪਤਾਲਾਂ, ਏਜਡ ਕੇਅਰ ਸੈਂਟਰਾਂ ਅਤੇ ਅਪੰਗਤਾ ਸੇਵਾਵਾਂ ਵਾਲੇ ਸੈਂਟਰਾਂ ਵਿਚੋਂ ਚੁੱਕੀਆਂ ਕਰੋਨਾ ਦੀਆਂ ਪਾਬੰਧੀਆਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਇੱਕ ਐਲਾਨਨਾਮੇ ਵਿੱਚ ਜ਼ਾਹਿਰ ਕੀਤਾ ਹੈ ਕਿ ਰਾਜ ਸਰਕਾਰ ਅਤੇ ਸਿਹਤ ਅਧਿਕਾਰੀਆਂ ਨੇ ਬ੍ਰਿਸਬੇਨ ਅੰਦਰ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਾ ਹੋਣ ਦੀ ਸੂਰਤ ਵਿੱਚ ਸਥਿਤੀਆਂ ਨੂੰ ਵਾਚਣ ਤੋਂ ਬਾਅਦ ਰਾਜ ਵਿਚਲੇ ਹਸਪਤਾਲਾਂ, ਏਜਡ ਕੇਅਰ ਸੈਂਟਰਾਂ ਅਤੇ ਅਪੰਗਤਾ ਵਾਲੀਆਂ ਸੇਵਾਵਾਂ ਲਈ ਲਗਾਈਆਂ ਗਈਆਂ ਪਾਬੰਧੀਆਂ ਨੂੰ ਖ਼ਤਮ ਕਰ ਦਿੱਤਾ ਹੈ (ਸਥਾਨਕ ਸਮੇਂ ਮੁਤਾਬਿਕ, ਅੱਜ ਦੁਪਹਿਰ 1 ਵਜੇ ਤੋਂ ਲਾਗੂ) ਅਤੇ ਹੁਣ ਲੋਕ ਉਥੇ ਜਾ ਕੇ ਆਪਣੇ ਬਜ਼ੁਰਗਾਂ ਜਾਂ ਹੋਰ ਰਿਸ਼ਤੇ ਨਾਤਿਆਂ ਨੂੰ ਮਿਲ ਸਕਦੇ ਹਨ।
ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਮਾਰਚ 12 ਤੋਂ ਅਜਿਹੀਆਂ ਪਾਬੰਧੀਆਂ ਲਗਾਈਆਂ ਗਈਆਂ ਸਨ ਜਦੋਂ ਪ੍ਰਿੰਸੇਸ ਐਲਗਜ਼ੈਂਡਰ ਹਸਪਤਾਲ ਵਿਖੇ ਇੱਕ ਡਾਕਟਰ ਦੇ ਕਰੋਨਾ ਪਾਜ਼ਿਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਸੀ।
ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜ ਵਿੱਚ ਹੁਣ ਬੀਤੇ 8 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਸਥਾਨਕ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਇਸ ਵਾਸਤੇ ਸਰਕਾਰ ਨੇ ਉਪਰੋਕਤ ਪਾਬੰਧੀਆਂ ਨੂੰ ਚੁੱਕਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਸੰਤੁਸ਼ਟਤਾ ਜਤਾਉਂਦਿਆਂ ਇਹ ਵੀ ਕਿਹਾ ਕਿ ਬੀਤੇ 12 ਮਹੀਨਿਆਂ ਦੀ ਕਰੋਨਾ ਦੀ ਲੜਾਈ ਤੋਂ ਬਾਅਦ ਲੋਕ ਹੁਣ ਜਾਣ ਚੁਕੇ ਹਨ ਕਿ ਜੇਕਰ ਕਿਤੇ ਅਜਿਹੇ ਇਨਫੈਕਸ਼ਨ ਦਾ ਬ੍ਰੇਕਡਾਊਨ ਸਾਹਮਣੇ ਆਉਂਦਾ ਵੀ ਹੈ ਤਾਂ ਉਸ ਉਪਰ ਕਾਬੂ ਪਾਉਣ ਵਾਸਤੇ ਸਭ ਤੋਂ ਪਹਿਲਾਂ ਕੀ ਕਰਨਾ ਹੈ….. ਅਤੇ ਹੁਣ ਹਰ ਕੋਈ ਅਜਿਹੇ ਕੰਮਾਂ ਵਾਸਤੇ ਹਮੇਸ਼ਾ ਤਿਆਰ ਹੀ ਦਿਖਾਈ ਦਿੰਦਾ ਹੈ ਅਤੇ ਇਹੀ ਕਾਰਨ ਹੈ ਕਿ ਅਜਿਹੇ ਕਲਸਟਰਾਂ ਜਾਂ ਮਾਮਲਿਆਂ ਉਪਰ ਛੇਤੀ ਹੀ ਕਾਬੂ ਪਾ ਲਿਆ ਜਾਂਦਾ ਹੈ ਅਤੇ ਹੋਰ ਲੋਕਾਂ ਨੂੰ ਇਸ ਬਿਮਾਰੀ ਤੋਂ ਗ੍ਰਸਤ ਹੋਣ ਤੋਂ ਬਚਾ ਲਿਆ ਜਾਂਦਾ ਹੈ।

Install Punjabi Akhbar App

Install
×