ਕੁਈਨਜ਼ਲੈਂਡ ਦੇ ਵਿਵਨਹੋਅ ਡੈਮ ਵਿੱਚੋਂ ਪਾਣੀ ਛੱਡਿਆ, ਨਿਚਲੇ ਇਲਾਕਿਆਂ ਲਈ ਚਿਤਾਵਨੀਆਂ ਜਾਰੀ

ਕੁਈਨਜ਼ਲੈਂਡ ਦੇ ਸਭ ਤੋਂ ਵੱਡੇ ਵਿਵਨਹੋਅ ਡੈਮ ਵਿੱਚੋਂ ਪਾਣੀ ਅੱਜ ਤੋਂ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਨਿਚਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਹੜ੍ਹ ਆਦਿ ਤੋਂ ਸੁਚੇਤ ਰਹਿਣ ਦੀਆਂ ਚਿਤਾਵਨੀਆਂ ਵੀ ਜਾਰੀ ਕੀਤੀਆਂ ਜਾਣ ਲੱਗੀਆਂ ਹਨ। ਲੋਕਾਂ ਨੂੰ ਨਦੀਆਂ ਵਿੱਚ ਵੱਗ ਰਹੇ ਤੇਜ਼ ਰਫ਼ਤਾਰ ਪਾਣੀ ਤੋਂ ਦੂਰ ਰਹਿਣ ਨੂੰ ਕਿਹਾ ਜਾ ਰਿਹਾ ਹੈ ਅਤੇ ਨਿਚਲੇ ਇਲਾਕਿਆਂ ਵਿੱਚ ਪ੍ਰਸ਼ਾਸਨ ਹੜ੍ਹਾਂ ਆਦਿ ਦੀ ਆਪਾਤਕਾਲੀਨ ਸਥਿਤੀ ਵਾਸਤੇ ਤਿਆਰ ਬਰ ਤਿਆਰ ਹੈ।
ਅਧਿਕਾਰੀਆਂ ਅਨੁਸਾਰ ਮੌਜੂਦਾ ਸਮੇਂ ਵਿੱਚ ਡੈਮ ਵਿੱਚੋਂ 116,000 ਮੈਗਾਲੀਟਰ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਇਸ ਨਾਲ ਡੈਮ ਦੇ ਪਾਣੀ ਦਾ ਉਚਤਮ ਸਤਰ 90% ਤੋਂ ਘਟਾ ਕੇ 80% ਤੱਕ ਕੀਤਾ ਜਾਣਾ ਹੈ ਤਾਂ ਕਿ ਆਉਣ ਵਾਲੀਆਂ ਗਰਮੀਆਂ ਦੌਰਾਨ ਹੜ੍ਹਾਂ ਆਦਿ ਦੇ ਪਾਣੀ ਨੂੰ ਕੰਟਰੋਲ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਬੀਤੇ ਫਰਵਰੀ ਦੇ ਮਹੀਨੇ ਦੌਰਾਨ ਇਸ ਡੈਮ ਦਾ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਸੀ ਅਤੇ ਇਸ ਦਾ ਭੰਡਾਰਨ 80% ਤੋਂ ਸਿੱਧਾ 180% ਤੇ ਪਹੁੰਚ ਗਿਆ ਸੀ।
ਹੁਣ ਕਈ ਸਾਲਾਂ ਤੋਂ ਲੋਕਾਂ ਉਪਰ ਲੱਗੀਆਂ ਪਾਣੀ ਦੀਆਂ ਮਨਾਹੀਆਂ ਹਟਾ ਲਈਆਂ ਗਈਆਂ ਸਨ ਅਤੇ ਖੁੱਲ੍ਹ ਕੇ ਪਾਣੀ ਵਰਤਣ ਦੀਆਂ ਖੁੱਲ੍ਹਾਂ ਦੇ ਦਿੱਤੀਆਂ ਗਈਆਂ ਹਨ।