ਕੁਈਨਜ਼ਲੈਂਡ ਅੰਦਰ ਕਰੋਨਾ ਦੇ ਕੋਈ ਨਵੇਂ ਮਾਮਲੇ ਨਾ ਦਰਜ ਹੋਣ ਕਾਰਨ, ਪਾਬੰਧੀਆਂ ਵਿੱਚ ਛੋਟਾਂ ਦਾ ਐਲਾਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਬੀਤੇ ਦਿਨਾਂ ਤੋਂ ਕੋਈ ਵੀ ਸਥਾਨਕ ਕਰੋਨਾ ਦਾ ਨਵਾਂ ਮਾਮਲਾ ਦਰਜ ਨਾ ਹੋਣ ਕਾਰਨ ਹੁਣ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਛੋਟ ਦਿੱਤੀ ਜਾ ਰਹੀ ਹੈ ਅਤੇ ਇਹ ਛੋਟ ਵੀਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਜਾਵੇਗੀ। ਨਵੀਆਂ ਛੋਟਾਂ ਵਿੱਚ, ਬਾਹਰਵਾਰ, ਫੇਸਮਾਸਕ ਪਾਉਣ ਤੋਂ ਰਾਹਤ ਦਿੱਤੀ ਗਈ ਹੈ ਪਰੰਤੂ ਭੀੜ ਵਾਲੀਆਂ ਥਾਵਾਂ ਅਤੇ ਚਾਰ ਦਿਵਾਰੀਆਂ ਦੇ ਅੰਦਰਵਾਰ ਫੇਸਮਾਸਕ ਪਾਉਣੇ ਲਾਜ਼ਮੀ ਹਨ। ਏਅਰਪੋਰਟਾਂ ਅਤੇ ਜਹਾਜ਼ਾਂ ਦੇ ਅੰਦਰ ਵੀ ਫੇਸਮਾਸਕ ਪਾਉਣੇ ਲਾਜ਼ਮੀ ਰਹਿਣਗੇ।
ਉਨ੍ਹਾਂ ਆਂਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੀਤੇ 24 ਘੰਟਿਆਂ ਦੌਰਾਨ, ਰਾਜ ਅੰਦਰ, ਕੋਈ ਵੀ ਸਥਾਨਕ ਕਰੋਨਾ ਦਾ ਸਥਾਨਾਂਤਰਣ ਵਾਲਾ ਮਾਮਲਾ ਦਰਜ ਨਹੀਂ ਹੋਇਆ ਅਤੇ ਹੋਟਲ ਕੁਆਰਨਟੀਨ ਵਿੱਚ 2 ਮਾਮਲੇ ਦਰਜ ਕੀਤੇ ਗਏ ਹਨ। ਬੀਤੇ ਬੁੱਧਵਾਰ ਤੱਕ (ਬੀਤੇ 24 ਘੰਟਿਆਂ ਦੌਰਾਨ) 8246 ਟੈਸਟ ਵੀ ਕੀਤੇ ਗਏ।
ਕਰੋਨਾ ਦੀ ਲੜਾਈ ਅਤੇ ਲਾਕਡਾਊਨ ਵਿੱਚ ਸਾਰਿਆਂ ਦਾ ਸਾਥ ਦੇਣ ਵਾਸਤੇ ਉਨ੍ਹਾਂ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਜਨਤਕ ਸਹਿਯੋਗ ਤੋਂ ਬਿਨ੍ਹਾਂ ਅਜਿਹੇ ਕੰਮ ਮੁੰਮਕਿਨ ਹੀ ਨਹੀਂ ਹਨ ਅਤੇ ਉਹ ਸੰਤੁਸ਼ਟ ਹਨ ਕਿ ਉਨ੍ਹਾਂ ਨੂੰ ਜਨਤਕ ਸਹਿਯੋਗ ਹਾਸਿਲ ਹੈ ਅਤੇ ਇਸ ਵਾਸਤੇ ਉਨ੍ਹਾਂ ਨੇ ਸਮੁੱਚੀ ਟੀਮ, ਫਰੰਟ ਲਾਈਨ ਉਪਰ ਕੰਮ ਕਰਨ ਵਾਲੇ ਅਤੇ ਸਿਹਤ ਅਧਿਕਾਰੀਆਂ ਦਾ ਵੀ ਖਾਸ ਤੌਰ ਤੇ ਧੰਨਵਾਦ ਕੀਤਾ।
ਰੈਸਟੌਰੈਂਟਾਂ ਆਦਿ ਵਾਸਤੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੜ੍ਹ ਕੇ ਖਾਉਣ ਪੀਣ, ਡਾਂਸ ਕਰਨ ਆਦਿ ਦੀ ਇਜਾਜ਼ਤ ਹੈ ਅਤੇ ਇਹ ਪੱਬਾਂ ਅਤੇ ਕਲੱਬਾਂ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ ਅਤੇ ਬਾਹਰਵਾਰ ਦੇ ਇਕੱਠਾਂ ਆਦਿ ਲਈ ਪਾਬੰਧੀਆਂ ਖਤਮ ਕਰ ਦਿੱਤੀਆਂ ਗਈਆਂ ਹਨ।
ਸਟੇਡੀਅਮਾਂ, ਥਿਏਟਰਾਂ, ਸਿਨੇਮਾਂ ਆਦਿ ਵਿੱਚ ਪੂਰੀ ਬੈਠਣ ਵਾਲੀ ਸਮਰੱਥਾ ਦੇ ਮੁਤਾਬਿਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰੰਤੂ, ਨਿਜੀ ਘਰਾਂ ਜਾਂ ਰਿਹਾਇਸ਼ੀ ਥਾਵਾਂ ਆਦਿ ਵਿੱਚ ਹੋਣ ਵਾਲੇ ਇਕੱਠਾਂ ਵਿੱਚ 100 ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ।
ਗ੍ਰੇਟਰ ਬ੍ਰਿਸਬੇਨ ਦੇ ਹਸਪਤਾਲਾਂ, ਏਜਡ ਕੇਅਰ ਹੋਮਾਂ ਆਦਿ ਵਿੱਚ ਜਿਹੜੀ ਪਾਬੰਧੀ 26 ਮਾਰਚ ਨੂੰ ਲਗਾਈ ਗਈ ਸੀ, ਉਹ ਹਟਾ ਲਈ ਗਈ ਹੈ ਪਰੰਤੂ ਰਾਜ ਦਾ ਦੂਸਰਾ ਸਭ ਤੋਂ ਵੱਡਾ ਹਸਪਤਾਲ (ਪ੍ਰਿੰਸੇਸ ਐਲਕਜ਼ੈਂਡਰਾ ਹਸਪਤਾਲ) ਹਾਲ ਦੀ ਘੜੀ ਸੈਨੇਟਾਈਜ਼ੈਸ਼ਨ ਕਰਕੇ, ਇੱਕ ਹੋਰ ਹਫ਼ਤੇ ਤੱਕ, ਬੰਦ ਹੀ ਰੱਖਿਆ ਗਿਆ ਹੈ ਕਿਉਂਕਿ ਇੱਥੋਂ ਦੇ ਵਾਰਡ ਨੰਬਰ 5ਡੀ ਵਿੱਚ ਬੀਤੀ 30 ਮਾਰਚ ਨੂੰ ਦੋ ਕਰੋਨਾ ਵਾਇਰਸ ਦੇ ਕਲਸਟਰ ਉਭਰੇ ਸਨ ਅਤੇ ਇਨ੍ਹਾਂ ਵਿੱਚ 23 ਮਰੀਜ਼ ਕਰੋਨਾ ਪਾਜ਼ਿਟਿਵ ਆਏ ਸਨ ਜਿਸ ਕਾਰਨ ਗ੍ਰੇਟਰ ਬ੍ਰਿਸਬੇਨ ਅੰਦਰ ਤਿੰਨ ਦਿਨਾਂ ਦਾ ਲਾਕਡਾਊਨ ਲਗਾਉਣਾ ਪਿਆ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਅੰਦਰ 115,025 ਕਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ ਅਤੇ ਉਹ ਪ੍ਰਧਾਨ ਮੰਤਰੀ ਦੀ ਨੈਸ਼ਨਲ ਕੈਬਨਿਟ ਦੀ ਹਫਤੇ ਵਿੱਚ ਹੋਣ ਵਾਲੀ ਦੋ ਵਾਰੀ ਮੀਟਿੰਗ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਹਨ।

Install Punjabi Akhbar App

Install
×