ਫਰੇਜ਼ਰ ਆਈਲੈਂਡ ਦੇ ਬੁਸ਼ਫਾਇਰ ਤੋਂ ਥੋੜ੍ਹੀ ਰਾਹਤ -ਲੋਕਾਂ ਨੂੰ ਘਰ ਖਾਲੀ ਕਰਨ ਦੀ ਚਿਤਾਵਨੀ ਰੱਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਦੇ ਫਰੇਜ਼ਰ ਆਈਲੈਂਡ ਉਪਰ ਬੀਤੇ ਅਕਤੂਬਰ ਮਹੀਨੇ ਤੋਂ ਲੱਗੀ ਬੁਸ਼ਫਾਇਰ ਨੇ ਬੀਤੇ ਸੋਮਵਾਰ ਨੂੰ ਅਚਾਨਕ ਭਿਆਨਕ ਰੂਪ ਲੈ ਲਿਆ ਸੀ ਅਤੇ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਕਈ ਇਲਾਕਿਆਂ ਨੂੰ ਖ਼ਤਰੇ ਦੇ ਤਹਿਤ ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਪਰੰਤੂ ਹੁਣ ਅੱਗ ਬੁਝਾਊ ਦਸਤਿਆਂ ਅਤੇ ਪਾਣੀ ਦੇ ਟੈਂਕਰ ਜਹਾਜ਼ਾਂ ਵੱਲੋਂ ਭਾਰੀ ਪਾਣੀ ਦੀ ਵਰਤੋਂ ਕਾਰਨ ਅੱਗ ਉਪਰ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਚੁਕਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਿੱਤੀਆਂ ਘਰ ਖਾਲੀ ਕਰਨ ਦੀਆਂ ਚਿਤਾਵਨੀਆਂ ਹਾਲ ਦੀ ਘੜੀ ਰੱਦ ਕਰ ਦਿੱਤੀਆਂ ਗਈਆਂ ਹਨ। ਵੈਸੇ ਦ ਓਕਸ ਅਤੇ ਕਿੰਗਫਿਸ਼ਰ ਬੇਅ ਦੇ ਲੋਕਾਂ ਨੂੰ ਚੇਤੰਨ ਰਹਿਣ ਬਾਰੇ ਲਗਾਤਾਰ ਕਿਹਾ ਜਾ ਰਿਹਾ ਹੈ। ਹਾਲ ਦੀ ਘੜੀ ਯਾਤਰੀਆਂ ਵਾਸਤੇ ਇਸ ਟਾਪੂ ਉਪਰ ਆਉਣ ਦੀ ਮਨਾਹੀ ਕੀਤੀ ਗਈ ਹੈ ਅਤੇ ਸਥਿਤੀ ਨੂੰ ਲਗਾਤਾਰ ਵਾਚਿਆ ਜਾ ਰਿਹਾ ਹੈ ਅਤੇ ਸਿਰਫ ਸਥਾਨਕ ਲੋਕ, ਜ਼ਰੂਰੀ ਜਾਂ ਆਪਾਤਕਾਲੀਨ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਹੀ ਇਸ ਟਾਪੂ ਉਪਰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਟਾਪੂ ਦੇ ਡਿਫੈਂਡਰਜ਼ ਆਗੇਨਾਈਜ਼ੈਸ਼ਨ ਦੇ ਪ੍ਰਧਾਨ ਪੀਟਰ ਸ਼ੂਟਰ ਨੇ ਕਿਹਾ ਹੈ ਕਿ ਅੱਗ ਬਹੁਤ ਜ਼ਿਆਦਾ ਭਿਆਨਕ ਰੂਪ ਵਿੱਚ ਫੈਲੀ ਸੀ ਅਤੇ ਇਸ ਨਾਲ ਛੋਟੇ ਮਾਰਸੂਪਾਇਲ, ਰੈਪਟਾਈਲ, ਪੰਛੀ-ਪਖੇਰੂ, ਅਤੇ ਹੋਰ ਜੀਵਾਂ ਨੂੰ ਕਾਫੀ ਨੁਕਸਾਨ ਪੁੱਝਾ ਹੈ ਅਤੇ ਇਸ ਦਾ ਅਨੁਮਾਨ ਤਾਂ ਹੁਣ ਅੱਗ ਬੁੱਝਣ ਤੇ ਹੀ ਲਗਾਇਆ ਜਾ ਸਕਦਾ ਹੈ। ਨਿਊ ਸਾਊਥ ਵੇਲਜ਼ ਤੋਂ ਭੇਜਿਆ ਗਿਆ ਹਵਾਈ ਟੈਂਕਰ (ਮਾਰੀ ਬਸ਼ੀਰ) ਆਪਣਾ ਕੰਮ ਕਰਕੇ ਵਾਪਿਸ ਆਪਣੇ ਘਰ ਨੂੰ ਪਰਤ ਗਿਆ ਹੈ। ਕੁਈਨਜ਼ਲੈਂਡ ਦੇ ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ ਦੇ ਵਿਭਾਗਾਂ ਨੇ ਮਾਰੀ ਬਸ਼ੀਰ ਨੂੰ ਧੰਨਵਾਦ ਸਹਿਤ ਵਿਦਾਈ ਦਿੱਤੀ ਅਤੇ ਨਿਊ ਸਾਊਥ ਵੇਲਜ਼ ਸਰਕਾਰ ਦਾ ਮੌਕੇ ਦੀ ਮਦਦ ਲਈ ਧੰਨਵਾਦ ਵੀ ਉਚੇਚੇ ਤੌਰ ਤੇ ਕੀਤਾ।

Install Punjabi Akhbar App

Install
×