ਕੁਈਨਜ਼ਲੈਂਡ ਦੇ ਬਾਰਡਰ -ਵਿਕਟੋਰੀਆ ਅਤੇ ਸਿਡਨੀ ਵਾਲਿਆਂ ਵਾਸਤੇ ਕ੍ਰਿਸਮਿਸ ਤੱਕ ਜਾ ਸਕਦੇ ਹਨ ਖੋਲ੍ਹੇ -ਵਧੀਕ ਪ੍ਰੀਮੀਅਰ

(ਦ ਏਜ ਮੁਤਾਬਿਕ) ਕੁਈਨਜ਼ਲੈਂਡ ਦੇ ਵਧੀਕ ਪ੍ਰੀਮੀਅਰ ਅਤੇ ਸਿਹਤ ਮੰਤਰੀ ਸਟੀਵਨ ਮਾਈਲਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਂਕੜੇ ਦਰਸਾਉਂਦੇ ਹਨ ਕਿ ਵਿਕਟੋਰੀਆ ਅਤੇ ਸਿਡਨੀ ਵਿੱਚ ਕਰੋਨਾ ਨੂੰ ਠੱਲ੍ਹ ਪਾਉਣ ਵਿੱਚ ਕਾਮਯਾਬੀ ਦੋਹਾਂ ਸਰਕਾਰਾਂ ਨੇ ਹੀ ਲਈ ਹੈ ਅਤੇ ਇਸੇ ਦੇ ਮੱਦੇਨਜ਼ਰ ਰਾਜ ਸਰਕਾਰ ਹੁਣ ਫੈੇਸਲੇ ਲੈ ਰਹੀ ਹੈ ਕਿ ਦੋਹਾਂ ਥਾਵਾਂ ਤੋਂ ਲੋਕਾਂ ਦੇ ਆਉਣ ਜਾਉਣ ਵਾਸਤੇ ਬੰਦ ਕੀਤੇ ਗਏ ਬਾਰਡਰ ਖੋਲ੍ਹ ਦਿੱਤੇ ਜਾਣ ਤਾਂ ਜੋ ਲੋਕ ਮੁੜ ਤੋਂ ਆਪਣੀ ਰੋਜ਼-ਮੱਰਾਹ ਦੀ ਜ਼ਿੰਦਗੀ ਦੀ ਦੌੜ ਵਿੱਚ ਸ਼ਾਮਿਲ ਹੋ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਵਿਕਟੋਰੀਆ ਵਿੱਚ ਹੁਣ ਬੀਤੇ 12 ਦਿਨਾਂ ਤੋਂ ਕੋਈ ਵੀ ਸਥਾਨਕ ਕਰੋਨਾ ਦਾ ਮਾਮਲਾ ਦਰਜ ਨਹੀਂ ਹੋਇਆ ਅਤੇ ਨਿਊ ਸਾਊਥ ਵੇਲਜ਼ ਦੇ ਸਿਡਨੀ ਵਿੱਚ ਵੀ ਹਾਲਾਤ ਆਮ ਵਾਂਗ ਹੁੰਦੇ ਜਾ ਰਹੇ ਹਨ ਤਾਂ ਫੇਰ ਬਾਰਡਰਾਂ ਨੂੰ ਸੀਲ ਕਰਕੇ ਰੱਖਣ ਦਾ ਕੋਈ ਆਧਾਰ ਹੀ ਨਜ਼ਰ ਨਹੀਂ ਆ ਰਿਹਾ ਅਤੇ ਇਸ ਬਾਬਤ ਜਲਦੀ ਹੀ ਫੈਸਲੇ ਲੈ ਲਏ ਜਾਣਗੇ। ਉਨ੍ਹਾਂ ਇਸ ਤੋਂ ਪਹਿਲਾਂ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਲਏ ਗਏ ਫੈਸਲੇ ਦਾ ਵੀ ਸੁਆਗਤ ਕੀਤਾ ਜਿਸ ਤਹਿਤ ਉਨ੍ਹਾਂ ਰਾਜ ਅੰਦਰ ਕੁਈਨਜ਼ਲੈਂਡ ਦੇ ਲੋਕਾਂ ਨੂੰ ਆਉਣ ਜਾਣ ਦੀ ਇਜਾਜ਼ਤ ਸਿਡਨੀ ਵਾਲਿਆਂ ਤੋਂ ਵੀ ਪਹਿਲਾਂ ਦਿੱਤੀ ਹੈ। ਕੁਈਨਜ਼ਲੈਂਡ ਦੇ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਵੀ ਇਸ ਪ੍ਰਤੀ ਆਸਵੰਦ ਹਨ ਅਤੇ ਜਲਦੀ ਹੀ ਉਹ ਆਪਣੀ ਸਰਕਾਰ ਦਾ ਫੈਸਲਾ ਸੁਣਾਉਂਦਿਆਂ ਆਉਣ ਵਾਲੇ ਦਿਸੰਬਰ ਦੇ ਮਹੀਨੇ ਅੰਦਰ ਸਾਰੇ ਸੀਲ ਕੀਤੇ ਬਾਰਡਰਾਂ ਨੂੰ ਖੋਲ੍ਹਣ ਦੇ ਹੁਕਮ ਸੁਣਾ ਸਕਦੇ ਹਨ।

Install Punjabi Akhbar App

Install
×