ਕੁਈਨਜ਼ਲੈਂਡ ਵਿੱਚ 14,914 ਕਰੋਨਾ ਦੇ ਮਾਮਲੇ ਦਰਜ… 6 ਮੌਤਾਂ

ਪਰੰਤੂ ਕਿਨਾਂ ਵਾਸਤੇ ਖੁੱਲ੍ਹ ਰਹੇ ਬਾਰਡਰ….?

ਬਾਰਡਰ ਪਾਸ ਜਾਂ ਰੈਪਿਡ ਐਂਟੀਜਨ ਟੈਸਟਾਂ ਦੀ ਸ਼ਰਤ ਖ਼ਤਮ….?

ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਰਾਜ ਵਿੱਚ ਕਰੋਨਾ ਦੇ ਨਵੇਂ 14,914 ਮਾਮਲੇ ਦਰਜ ਹੋਏ ਹਨ ਅਤੇ 2812 ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜੇ ਵੀ ਪਾਜ਼ਿਟਿਵ ਆਏ ਹਨ ਪਰੰਤੂ ਰਾਜ ਦੇ ਬਾਰਡਰ, ਦੇਸ਼ ਦੇ ਹੋਰ ਸੂਬਿਆਂ ਤੋਂ ਆਉਣ ਵਾਲਿਆਂ ਲਈ ਇਸੇ ਸ਼ਨਿਚਰਵਾਰ (15 ਜਨਵਰੀ, 2022) ਤੋਂ ਖੋਲ੍ਹੇ ਜਾ ਰਹੇ ਹਨ ਅਤੇ ਬਾਰਡਰ ਪਾਸਾਂ ਜਾਂ ਰੈਪਿਡ ਐਂਟੀਜਨ ਟੈਸਟਾਂ ਦੀ ਸ਼ਰਤ ਵੀ ਖ਼ਤਮ ਕੀਤੀ ਜਾ ਰਹੀ ਹੈ। ਇਹ ਨਿਯਮ 15 ਜਨਵਰੀ ਨੂੰ 1 ਵਜੇ (ਏ.ਐਮ.) ਤੋਂ ਲਾਗੂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਬੀਤੀ ਰਾਤ, ਜੋ ਲੋਕ ਕਰੋਨਾ ਦੀ ਪੀੜ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ, ਉਨ੍ਹਾਂ ਬਾਰੇ ਵਿੱਚ ਬਹੁਤ ਜ਼ਿਆਦਾ ਦੁੱਖ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਉਹ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਦੁੱਖ ਜਾਹਰ ਕਰਦਿਆਂ ਕਿਹਾ ਕਿ 6 ਜਣਿਆਂ ਦਾ ਇੱਕੋ ਸਮੇਂ ਮੌਤ ਦੇ ਮੂੰਹ ਵਿੱਚ ਜਾ ਪੈਣਾ, ਰਾਜ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਂਕੜਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਅਜਿਹਾ ਮੁੜ ਕਦੀ ਵੀ ਨਾ ਵਾਪਰੇ।
ਅੰਤਰ ਰਾਸ਼ਟਰੀ ਯਾਤਰੀਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਹਾਲੇ ਸਾਨੂੰ 90% ਵਾਲੀ ਡਬਲ ਡੋਜ਼ ਦੀ ਦਰ ਦਾ ਇੰਤਜ਼ਾਰ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਹੀ ਸਥਿਤੀਆਂ ਦਾ ਜਾਇਜ਼ਾ ਲੈਣ ਮਗਰੋਂ ਹੀ ਫੈਸਲੇ ਕੀਤੇ ਜਾਣਗੇ।
ਉਨ੍ਹਾਂ ਜਨਤਕ ਤੌਰ ਤੇ ਅਪੀਲ ਕਰਦਿਆਂ ਕਿਹਾ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਚੰਗਾ ਵਿਵਹਾਰ ਕਾਇਮ ਰੱਖਣ ਅਤੇ ਜਿੱਥੇ ਜ਼ਰੂਰੀ ਹੈ ਉਥੇ ਮੂੰਹਾਂ ਉਪਰ ਮਾਸਕ ਜ਼ਰੂਰ ਲਗਾ ਕੇ ਜਾਣ।
ਵੈਸੇ ਰਾਜ ਵਿੱਚ ਇਸ ਸਮੇਂ ਹਰ ਖੇਤਰ ਵਿੱਚ ਹੀ ਕਾਮਿਆਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਅਤੇ ਇਹ ਮੁੱਦਾ ਅੱਜ ਦੀ ਕੈਬਨਿਟ ਵਾਲੀ ਮੀਟਿੰਗ ਵਿੱਚ ਵੀ ਚੁੱਕਿਆ ਜਾ ਰਿਹਾ ਹੈ।

Install Punjabi Akhbar App

Install
×