ਕੁਈਨਜ਼ਲੈਂਡ ਵਿਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 11,174 ਮਾਮਲੇ ਦਰਜ ਹੋਏ ਹਨ ਅਤੇ ਬੀਤੀ ਰਾਤ ਇੱਕ 30ਵਿਆਂ ਸਾਲਾਂ ਦੇ ਵਿਅਕਤੀ ਦੀ ਮੌਤ (ਬ੍ਰਿਸਬੇਨ ਵਿੱਚ) ਵੀ ਕਰੋਨਾ ਕਾਰਨ ਹੋਈ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਗੋਲਡ ਕੋਸਟ ਦੇ ਇੱਕ ਘਰ ਵਿੱਚ ਵੀ ਇੱਕ 30ਵਿਆਂ ਸਾਲਾਂ ਵਿਚਲੇ ਵਿਅਕਤੀ ਦੀ ਮੌਤ ਹੋਈ ਸੀ ਅਤੇ ਅਧਿਕਾਰੀਆਂ ਵੱਲੋਂ ਅੱਜ, ਉਸ ਦੀ ਮੌਤ ਨੂੰ ਵੀ ਕਰੋਨਾ ਕਾਰਨ ਹੀ ਗਿਣਿਆ ਜਾ ਰਿਹਾ ਹੈ। ਇਸ ਨਾਲ ਕੁਈਨਜ਼ਲੈਂਡ ਵਿੱਚ ਹੁਣ ਤੱਕ ਕੁੱਲ 10 ਮੌਤਾਂ ਹੋ ਚੁਕੀਆਂ ਹਨ।
ਰਾਜ ਵਿੱਚ ਇਸ ਸਮੇਂ ਕੁੱਲ 349 ਲੋਕ ਹਸਪਤਾਲਾਂ ਵਿੱਚ ਭਰਤੀ ਹਨ ਅਤੇ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ ਕਿ 17 ਆਈ.ਸੀ.ਯੂ. ਵਿੱਚ ਵੀ ਹਨ ਅਤੇ 3 ਵੈਂਟੀਲੇਟਰਾਂ ਉਪਰ।
ਸਿਹਤ ਮੰਤਰੀ ਯੈਵੇਟ ਡੀ.ਆਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਭਰ ਵਿੱਚ ਗ਼ੈਰ-ਜ਼ਰੂਰੀ ਸਰਜਰੀਆਂ ਆਦਿ ਉਪਰ 1 ਮਾਰਚ, 2022 ਤੱਕ ਰੋਕ ਲਗਾਈ ਹੋਈ ਹੈ। ਰਾਜ ਵਿੱਚ ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜਿਆਂ ਲਈ ਆਨਲਾਈਨ ਨਾਮਾਂਕਣ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਨਾਮਾਂਕਣ ਨਾਲ ਰਾਜ ਭਰ ਵਿਚ ਕਰੋਨਾ ਦੇ ਮਾਮਲਿਆਂ ਵਾਲੇ ਆਂਕੜੇ ਵਿੱਚ ਉਛਾਲ ਆਉਣਾ ਲਾਜ਼ਮੀ ਹੈ ਕਿਉਂਕਿ ਅਜਿਹਾ ਹਰ ਵਿਅਕਤੀ ਜਿਸ ਨੇ ਕਿ ਬੀਤੇ 14 ਦਿਨਾਂ ਦੇ ਅੰਦਰ ਰੈਪਿਡ ਐਂਟੀਜਨ ਟੈਸਟ ਕਰਵਾਇਆ ਹੈ ਅਤੇ ਉਸਦੀ ਰਿਪੋਰਟ ਪਾਜ਼ਿਟਿਵ ਆਈ ਹੈ, ਉਸਨੂੰ ਆਪਣੇ ਆਪ ਨੂੰ ਨਾਮਾਂਕਣ ਕਰਨ ਦੀਆਂ ਤਾਕੀਦਾਂ ਜਾਰੀ ਕੀਤੀਆਂ ਗਈਆਂ ਹਨ।
ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਸਕੂਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਰੋਨਾ ਦੇ ਮਾਮਲੇ ਵਧਣ ਕਾਰਨ ਹੋ ਸਕਦਾ ਹੈ ਕਿ ਸਕੂਲ ਖੋਲ੍ਹਣ ਵਿੱਚ ਥੋੜ੍ਹੀ ਦੇਰੀ ਕਰ ਹੀ ਲਈ ਜਾਵੇ। ਇਸ ਬਾਬਤ ਫੈਸਲਾ ਜਲਦੀ ਹੀ ਲੈ ਲਿਆ ਜਾਵੇਗਾ।