ਕੁਈਨਜ਼ਲੈਂਡ ਵਿੱਚ ਕਰੋਨਾ ਦੇ ਨਵੇਂ 10,332 ਮਾਮਲੇ ਅਤੇ 1 ਮੌਤ ਦਰਜ

ਰਾਜ ਦੇ ਸਿਹਤ ਮੰਤਰੀ, ਯੈਵੇਟ ਡੀ ਆਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਕਰੋਨਾ ਮਰੀਜ਼ਾਂ ਦਾ ਆਂਕੜਾ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਵਿੱਚ ਕਰੋਨਾ ਦੇ ਨਵੇਂ 10,332 ਇਨਫੈਕਸ਼ਨ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 1 ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਵੈਸੇ ਉਕਤ ਮਰਨ ਵਾਲਾ ਵਿਅਕਤੀ ਜੋ ਕਿ ਆਪਣੇ 80ਵਿਆਂ ਸਾਲਾਂ ਵਿੱਚ ਸੀ, ਦੀ ਮੌਤ ਦਿਸੰਬਰ 27, 2021 ਨੂੰ ਹੀ ਹੋ ਗਈ ਸੀ ਪਰੰਤੂ ਉਸਦੀ ਮੌਤ ਕਰੋਨਾ ਕਾਰਨ ਹੋਈ ਸੀ, ਇਸ ਗੱਲ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਹੁਣ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ 42,000 ਤੋਂ ਵੀ ਵੱਧ ਕਰੋਨਾ ਦੇ ਚਲੰਤ ਮਾਮਲੇ ਹਨ ਅਤੇ 284 ਦੀ ਗਿਣਤੀ ਵਿੱਚ ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਵਿੱਚੋਂ 12 ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ।
ਰਾਜ ਭਰ ਵਿੱਚ ਕਰੋਨਾ ਤੋਂ ਬਚਾਉ ਵਾਲੀ ਵੈਕਸੀਨੇਸ਼ਨ ਬਾਰੇ ਉਨ੍ਹਾਂ ਦੱਸਿਆ ਕਿ ਰਾਜ ਦੇ 90% ਲੋਕਾਂ ਤੋਂ ਜ਼ਿਆਦਾ ਨੂੰ ਉਕਤ ਵੈਕਸੀਨ ਦੀ ਇੱਕ ਡੋਜ਼ ਦਿੱਤੀ ਜਾ ਚੁਕੀ ਹੈ ਅਤੇ ਪੂਰਨ ਡੋਜ਼ਾਂ ਲੈਣ ਵਾਲਿਆਂ ਦਾ ਆਂਕੜਾ 87% ਹੈ।
ਰਾਜ ਭਰ ਵਿੱਚ ਅੱਜ ਤੋੇਂ ਰੈਪਿਡ ਐਂਟੀਜਨ ਟੈਸਟ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਕਲਿਨਿਕਾਂ ਆਦਿ ਉਪਰ ਲੱਗੀਆਂ ਲੰਬੀਆਂ ਲਾਈਨਾਂ ਨੂੰ ਘੱਟ ਕੀਤਾ ਜਾ ਸਕੇ।

Install Punjabi Akhbar App

Install
×