18 ਮਿਲੀਅਨ ਰੈਪਿਡ ਐਂਟੀਜਨ ਟੈਸਟਾਂ ਦੀ ਮੰਗ
ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ, ਕੁਈਨਜ਼ਲੈਂਡ ਵਿੱਚ ਕਰੋਨਾ ਦੇ 6781 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਬੀਤੇ ਕੁੱਝ ਦਿਨਾਂ ਤੋਂ ਇਹ ਵਾਧਾ ਲਗਾਤਾਰ ਜਾਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਭਰ ਵਿੱਚ ਇਸ ਸਮੇਂ ਕੁੱਲ ਕਰੋਨਾ ਦੇ 32,000 ਚਲੰਤ ਮਾਮਲੇ ਹਨ ਅਤੇ ਬੀਤੇ 24 ਘੰਟਿਆਂ ਦੌਰਾਨ ਹੀ ਕੁੱਲ 29,000 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਰਾਜ ਵਿੱਚ ਇਸ ਸਮੇਂ 265 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਹ ਆਂਕੜਾ ਵੀ ਦਿਨ ਪ੍ਰਤੀ ਦਿਨ ਵੱਧਦਾ ਹੀ ਦਿਖਾਈ ਦੇ ਰਿਹਾ ਹੈ। ਇਨ੍ਹਾਂ ਵਿੱਚੋਂ 10 ਲੋਕ ਆਈ.ਸੀ.ਯੂ. ਵਿੱਚ ਵੀ ਹਨ।
ਉਨ੍ਹਾਂ ਕਿਹਾ ਕਿ ਰਾਜ ਭਰ ਦੇ ਟੈਸਅਿੱਞ ਸੈਂਟਰਾਂ ਉਪਰ ਲੰਬੀਆਂ ਲੰਬੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ ਅਤੇ ਇਹ ਵੀ ਸੱਚ ਹੈ ਕਿ ਰੈਪਿਡ ਐਂਟੀਜਨ ਟੈਸਟਾਂ ਦੀ ਵੀ ਕਮੀ ਪਾਈ ਜਾ ਰਹੀ ਹੈ।
ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਜੋਹਨ ਗੈਰਾਰਡ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਹਿਤਿਆਦ ਵਰਤਣ ਦੇ ਨਾਲ ਨਾਲ ਥੋੜ੍ਹੀ ਹਲੀਮੀ ਵੀ ਵਰਤਣ। ਜੇਕਰ ਕੋਈ ਖਾਸ ਲੱਛਣ ਉਨ੍ਹਾਂ ਨੂੰ ਨਜ਼ਰ ਆਵੇ ਜਾਂ ਮਹਿਸੂਸ ਹੋਵੇ ਤਾਂ ਹੀ ਆਪਣਾ ਟੈਸਟ ਕਰਵਾਉਣ ਲਈ ਅੱਗੇ ਆਉਣ। ਅਤੇ ਖਾਸ ਮਕਸਦ ਅਤੇ ਆਪਾਤਕਾਲੀਨ ਜ਼ਰੂਰਤ ਸਮੇਂ ਹੀ 000 ਤੇ ਕਾਲ ਕਰਨ।
ਪ੍ਰੀਮੀਅਰ, ਪਾਲਾਸ਼ਾਈ ਨੇ ਇੱਕ ਵਾਰੀ ਮੁੜ ਤੋਂ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰੈਪਿਡ ਐਂਟੀਜਨ ਟੈਸਟ ਨੂੰ ਘੱਟੋ ਘੱਟ ਅਜਿਹੇ ਲੋਕਾਂ ਲਈ ਤਾਂ ਮੁਫ਼ਤ ਕਰ ਹੀ ਦਿੱਤਾ ਜਾਵੇ ਜੋ ਕਿ ਪੈਨਸ਼ਨ ਧਾਰਕ ਹਨ ਅਤੇ ਜਾਂ ਫੇਰ ਸਿਹਤ ਸੰਭਾਲ ਵਾਲੇ ਕਾਰਡਾਂ ਦੇ ਧਾਰਕ ਹਨ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ 18 ਮਿਲੀਅਨ ਰੈਪਿਡ ਐਂਟੀਜਨ ਟੈਸਟਾਂ ਦੀ ਮੰਗ ਕੀਤੀ ਹੋਈ ਹੈ ਜਿਨ੍ਹਾਂ ਵਿੱਚੋਂ ਕਿ ਕੁੱਝ ਪੀ.ਸੀ.ਆਰ. ਟੈਸਟਿੰਗ ਵਾਲੀਆਂ ਥਾਂਵਾਂ ਉਪਰ ਵੀ ਦੇਣੇ ਹਨ।