ਕੁਈਨਜ਼ਲੈਂਡ ਵਿੱਚ ਕਰੋਨਾ ਦੇ 5699 ਮਾਮਲੇ ਦਰਜ, ਹਸਪਤਾਲਾਂ ਅੰਦਰ ਵੀ ਭਰਤੀ ਦਾ ਮਾਮਲਾ ਵਧਿਆ

ਰਾਜ ਦੇ ਸਿਹਤ ਮੰਤਰੀ ਯਵੇਥੇ ਡੀ ਆਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 5699 ਮਾਮਲੇ ਦਰਜ ਹੋਏ ਹਨ ਅਤੇ ਉਨ੍ਹਾਂ ਨੇ ਜਨਤਕ ਤੌਰ ਤੇ ਚਿਤਾਵਨੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਅੰਦਰ ਇਹ ਮਾਮਲੇ ਹੋਰ ਵੱਧ ਸਕਦੇ ਹਨ ਅਤੇ ਇਸ ਲਈ ਸਭ ਨੂੰ ਸਚੇਤ ਹੋਣ ਦੀ ਲੋੜ ਹੈ ਅਤੇ ਸਰਕਾਰ ਦੁਆਰਾ ਤੈਅ ਕੀਤੇ ਗਏ ਮਾਪਦੰਢਾਂ ਆਦਿ ਨੂੰ ਪੂਰਨ ਤੌਰ ਤੇ ਅਪਣਾਉਣ ਵਿੱਚ ਹੀ ਸਭ ਦੀ ਭਲਾਈ ਹੈ।
ਉਨ੍ਹਾਂ ਇਹ ਵੀ ਕਿਹਾ ਇਸ ਸਮੇਂ ਹਸਪਤਾਲਾਂ ਅੰਦਰ 170 ਕਰੋਨਾ ਪੀੜਿਤ ਲੋਕ ਦਾਖਲ ਹਨ ਜੋ ਕਿ ਬੀਤੇ ਦਿਨਾਂ ਤੋਂ ਵਾਧਾ ਹੀ ਦਿਖਾ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਵੀ 11 ਮਰੀਜ਼ ਆਈ.ਸੀ.ਯੂ. ਵਿੱਚ ਹਨ।

ਟੈਸਟਿੰਗ ਸੈਂਟਰਾਂ ਆਦਿ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕ੍ਰਿਸਮਿਸ ਮੌਕੇ ਤੇ ਛੁੱਟੀਆਂ ਕਾਰਨ ਬੰਦ ਹੋਏ ਉਕਤ ਸੈਂਟਰ ਹਾਲੇ ਪੂਰੀ ਤਰ੍ਹਾਂ ਨਾਲ ਖੁਲ੍ਹੇ ਨਹੀਂ ਹਨ ਅਤੇ ਸਾਰਿਆਂ ਦੇ 9 ਜਨਵਰੀ ਤੱਕ ਖੁੱਲ੍ਹ ਜਾਣ ਦੀਆਂ ਸੰਭਾਵਨਾਵਾਂ ਹਨ।
ਉਨ੍ਹਾਂ ਇਹ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਭਰ ਵਿੱਚ ਪੰਜ ਲੱਖ ਲੋਕਾਂ ਲਈ ਰੈਪਿਡ ਐਂਟੀਜਨ ਟੈਸਟਾਂ ਲਈ ਕੱਲ੍ਹ (5 ਜਨਵਰੀ) ਤੋਂ ਸ਼ੁਰੂਆਤ ਹੋ ਜਾਵੇਗੀ।
ਅਧਿਕਾਰਿਕ ਤੌਰ ਤੇ ਲੋਕਾਂ ਨੂੰ ਅਹਿਤਿਆਦ ਵਰਤਣ ਅਤੇ ਜ਼ਿਆਦਾ ਕਰਕੇ ਆਪਣੇ ਘਰਾਂ ਅੰਦਰ ਰਹਿਣ ਦੀ ਹੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਕੇਵਲ ਜ਼ਰੂਰੀ ਕੰਮਾਂ ਆਦਿ ਲਈ ਬਾਹਰ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

Install Punjabi Akhbar App

Install
×