ਕੁਈਨਜ਼ਲੈਂਡ ਦਾ ਉਦਿਯੋਗਪਤੀ ਅਤੇ ਪੱਛਮੀ ਆਸਟ੍ਰੇਲੀਆਈ ਪ੍ਰੀਮੀਅਰ -ਦੋਹਾਂ ਨੇ ਕੀਤਾ ਇੱਕ ਦੂਜੇ ਤੇ ਮਾਣਹਾਨੀ ਦਾ ਮੁਕੱਦਮਾ

ਕੁਈਨਜ਼ਲੈਂਡ ਦਾ ਅਰਬਪਤੀ ਉਦਿਯੋਗਪਤੀ -ਕਲਾਈਵ ਪਾਮਰ ਅਤੇ ਪੱਛਮੀ ਆਸਟ੍ਰੇਲੀਆਈ ਪ੍ਰੀਮੀਅਰ ਮਾਰਕ ਮੈਕ ਗੋਵਨ, ਦੋਹਾਂ ਨੇ ਹੀ ਇੱਕ ਦੂਸਰੇ ਉਪਰ ਭੱਦੀ ਸ਼ਬਦਾਵਲੀ ਨਾਲ ਇੱਕ ਦੂਸਰੇ ਉਪਰ ਬੇਇੱਜ਼ਤੀ ਕਰਨ ਕਾਰਨ ਅਦਾਲਤ ਵਿੱਚ ਮਾਣਹਾਨੀ ਦਾ ਦਾਅਵਾ ਠੋਕਿਆ ਹੋਇਆ ਹੈ।
ਬੀਤੇ ਕੱਲ੍ਹ, ਸੋਮਵਾਰ ਨੂੰ ਅਦਾਲਤ ਵਿੱਚ ਹੋਈ ਸੁਣਵਾਈ ਤੋਂ ਬਾਅਦ ਕਲਾਈਵ ਪਾਮਰ ਦੇ ਵਕੀਲਾਂ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਜੱਜ ਸਾਹਿਬਾਨ ਨੇ, ਪੱਛਮੀ ਆਸਟ੍ਰੇਲੀਆਈ ਪ੍ਰੀਮੀਅਰ ਉਪਰ 432,500 ਡਾਲਰਾਂ ਦਾ ਜੁਰਮਾਨਾ ਲਗਾਉਣਾ ਲੱਗਭਗ ਤੈਅ ਕਰ ਲਿਆ ਹੈ ਅਤੇ ਹੁਣ ਫੈਸਲਾ ਇਸੇ ਮਹੀਨੇ ਦੇ ਆਖੀਰ ਤੱਕ ਆ ਹੀ ਜਾਵੇਗਾ।
ਉਦਿਯੋਗਪਤੀ ਦਾ ਕਹਿਣਾ ਹੈ ਕਿ ਪ੍ਰੀਮੀਅਰ ਨੇ ਉਨ੍ਹਾਂ ਨੂੰ ‘ਰਾਜ ਦਾ ਦੁਸ਼ਮਣ’ ਕਿਹਾ ਸੀ ਅਤੇ ਜਿਸ ਕਾਰਨ ਉਨ੍ਹਾਂ ਦੀ ਸਮਾਜਿਕ ਪ੍ਰਤਿਸ਼ਠਾ ਅਤੇ ਮਾਣ-ਮਰਿਯਾਦਾ ਨੂੰ ਬਹੁਤ ਜ਼ਿਆਦ ਠੇਸ ਪਹੁੰਚੀ ਹੈ।
ਇਸਤੋਂ ਇਲਾਵਾ ਸ੍ਰੀ ਪਾਮਰ ਨੇ ਸਾਲ 2012 ਦੌਰਾਨ ਪੱਛਮੀ ਅਸਟ੍ਰੇਲੀਆਈ ਸਰਕਾਰ ਵੱਲੋਂ ਉਨ੍ਹਾਂ ਦਾ ਪ੍ਰਾਜੈਕਟ (ਬੈਲਮੋਰਲ ਸਾਊਥ ਆਇਰਨ ਓਰ ਪ੍ਰਾਜੈਕਟ) ਨੂੰ ਪ੍ਰਵਾਨਗੀ ਨਾ ਦੇਣ ਪਿੱਛੇ ਵੀ ਪੱਛਮੀ ਆਸਟ੍ਰੇਲੀਆਈ ਸਰਕਾਰ ਦੇ ਖ਼ਿਲਾਫ਼ 30 ਬਿਲੀਅਨ ਦੇ ਨੁਕਸਾਨ ਦੇ ਮੁਆਵਜ਼ੇ ਲਈ ਮੁਕੱਦਮਾ ਕਰਨ ਦਾ ਫੈਸਲਾ ਲਿਆ ਸੀ ਪਰੰਤੂ ਮੈਕਗੋਵਨ ਸਰਕਾਰ ਨੇ ਆਪਣੇ ਵਾਧੂ ਕਾਨੂੰਨੀ ਹੱਥਕੰਢੇ ਵਰਤ ਕੇ ਅਗਸਤ 2020 ਵਿੱਚ ਸ੍ਰੀ ਪਾਮਰ ਨੂੰ ਅਜਿਹਾ ਮੁਕੱਦਮਾ ਕਰਨ ਤੋਂ ਰੋਕ ਲਿਆ ਸੀ।
ਉਧਰ ਸ੍ਰੀ ਮਾਰਕ ਮੈਕਗੋਵਨ ਦਾ ਕਹਿਣਾ ਹੈ ਕਿ ਸ੍ਰੀ ਪਾਮਰ ਕੋਈ ਵਧੀਆ ਉਦਿਯੋਗਪਤੀ ਨਹੀਂ ਹੈ ਅਤੇ ਆਪਣੀਆਂ ਖ਼ਾਮੀਆਂ ਨੂੰ ਛੁਪਾਉਣ ਖਾਤਰ ਉਹ ਹਮੇਸ਼ਾ ਉਨ੍ਹਾਂ (ਪ੍ਰੀਮੀਅਰ) ਉਪਰ ਚਿੱਕੜ ਉਛਾਲਦੇ ਰਹਿੰਦੇ ਹਨ ਜਿਸ ਨਾਲ ਕਿ ਉਨ੍ਹਾਂ ਦੀ ਮਾਣ ਮਰਿਯਾਦਾ ਨੂੰ ਵੀ ਠੇਸ ਪਹੁੰਚੀ ਹੈ।

Install Punjabi Akhbar App

Install
×