
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਤੀ ਦਿਨ ਅਜਿਹਾ ਪਲਾਸਟਿਕ ਜੋ ਕਿ ਇੱਕੋ ਵਾਰੀ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਫੇਰ ਉਸਨੂੰ ਸੁੱਟ ਦਿੱਤਾ ਜਾਂਦਾ ਹੈ, ਦਾ ਕਚਰਾ ਦਿਨ ਪ੍ਰਤੀ ਦਿਨ ਵਾਤਾਵਰਣ ਪ੍ਰੇਮੀਆਂ ਅਤੇ ਪ੍ਰਸ਼ਾਸਨ ਵਾਸਤੇ ਸਿਰ ਦਰਦ ਬਣਦਾ ਜਾ ਰਿਹਾ ਹੈ ਅਤੇ ਇਹ ਸਿਲਸਿਲਾ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ। ਇਸ ਦੀ ਰੋਕਥਾਮ ਵਿੱਚ ਸਾਰੇ ਸੰਸਾਰ ਅੰਦਰ ਹੀ ਦੇਸ਼ਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰਾਂ ਵੱਲੋਂ ਕੋਈ ਨਾ ਕੋਈ ਕਦਮ ਜ਼ਰੂਰ ਚੁੱਕੇ ਜਾ ਰਹੇ ਹਨ। ਇਸੇ ਦੇ ਮੱਦੇਨਜ਼ਰ ਦੱਖਣੀ-ਆਸਟ੍ਰੇਲੀਆ ਤੋਂ ਬਾਅਦ ਹੁਣ ਕੁਈਨਜ਼ਲੈਂਡ ਸਰਕਾਰ ਨੇ ਵੀ ਅਜਿਹੀਆਂ ਵਸਤੂਆਂ ਜੋ ਕਿ ਇੱਕੋ ਵਾਰੀ ਇਸਤੇਮਾਲ ਕਰਨ ਵਾਲੇ ਪਲਾਸਟਿਕ ਦੇ ਸਾਮਾਨ ਅਧੀਨ ਆਉਂਦੀਆਂ ਹਨ, ਨੂੰ ਰਾਜ ਵਿੱਚ ਪੂਰੀ ਤਰ੍ਹਾਂ ਪਾਬੰਧੀਸ਼ੁਧਾ ਐਲਾਨ ਦਿੱਤਾ ਹੈ ਤੇ ਅਜਿਹਾ ਬੈਨ ਲਗਾਉਣ ਵਾਲੀ ਸਮੁੱਚੇ ਆਸਟ੍ਰੇਲੀਆ ਅੰਦਰ ਦੂਸਰਾ ਰਾਜ ਕੁਈਨਜ਼ਲੈਂਡ ਬਣ ਗਿਆ ਹੈ।
ਬੀਤੇ ਕੱਲ੍ਹ, ਬੁੱਧਵਾਰ ਨੂੰ ਪਾਰਲੀਮੈਂਟ ਅੰਦਰ, ਅਜਿਹੀਆਂ ਵਸਤੂਆਂ ਜਿਵੇਂ ਕਿ ਪਲਾਸਟਿਕ ਦੀਆਂ ਸਟ੍ਰਾ, ਛੋਟੇ ਛੋਟੇ ਚਮਚ, ਟੁੱਥ ਪਿਕ ਵਰਗੀਆਂ ਵਸਤੂਆਂ, ਅਤੇ ਇਸ ਤੋਂ ਇਲਾਵਾ ਪੋਲਿਸਟ੍ਰੀਨ ਫੋਮ ਤੋਂ ਬਣੀਆਂ ਹੋਈਆਂ ਪਲੇਟਾਂ, ਕੋਲੀਆਂ, ਕੱਪ ਆਦਿ ਨੂੰ ਰਾਜ ਵਿੱਚ ਆਉਣ ਵਾਲੀ ਸਤੰਬਰ 01, 2021 ਤੋਂ ਪੂਰਨ ਤੌਰ ਤੇ ਬੈਨ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਵਾਤਾਵਰਣ ਮੰਤਰੀ ਮੀਘਨ ਸਕੈਨਲਨ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਬੜੀ ਦੇਰ ਦੀ ਮੰਗ ਇਸ ਬਿਲ ਕਾਰਨ ਪੂਰੀ ਹੋ ਗਈ ਹੈ ਅਤੇ ਇਸ ਵਾਸਤੇ ਸਰਕਾਰ ਵਧਾਈ ਦੀ ਪਾਤਰ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਵਸਤੂਆਂ ਲਗਾਤਾਰ ਸਾਡੇ ਵਾਤਾਵਰਣ ਨੂੰ ਗੰਦਾ ਕਰ ਰਹੀਆਂ ਹਨ ਅਤੇ ਭਵਿੱਖ ਖ਼ਤਰਨਾਕ ਬਣ ਰਿਹਾ ਹੈ। ਇਸ ਦੇ ਨਾਲ ਮਨੁੱਖ ਨੂੰ ਪੇਸ਼ ਹੋ ਰਹੇ ਖ਼ਤਰਿਆਂ ਦੇ ਨਾਲ ਨਾਲ ਕੁਦਰਤੀ ਤੌਰ ਤੇ ਜੰਗਲੀ ਜੀਵਾਂ ਦੇ ਨਾਲ ਨਾਲ ਸਮੁੰਦਰੀ ਪ੍ਰਾਣੀਆਂ ਦਾ ਜੀਣਾ ਵੀ ਹਰਾਮ ਹੋ ਗਿਆ ਹੈ ਅਤੇ ਅਸੀਂ ਇਸਨੂੰ ਆਪਣੀ ਤਰੱਕੀ ਦੱਸ ਰਹੇ ਹਾਂ ਜੋ ਕਿ ਸਰਾਸਰ ਗਲਤ ਹੈ ਅਤੇ ਭਵਿੱਖ ਵਿੱਚ ਹੋਣ ਵਾਲੇ ਖ਼ਤਰਨਾਕ ਕਾਰੇ ਵੱਲ ਨੂੰ ਤੇਜ਼ੀ ਨਾਲ ਵੱਧਦੇ ਇਨਸਾਨ ਦੇ ਕਦਮ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿਲ ਤੋਂ ਪਹਿਲਾਂ ਇੱਕ ਸਰਵੇਖਣ ਕੀਤਾ ਗਿਆ ਸੀ ਜਿਸ ਵਿੱਚ ਕਿ 20,000 ਲੋਕਾਂ ਦੀ ਇਸ ਸਬੰਧੀ ਰਾਇ ਲਈ ਗਈ ਸੀ ਤਾਂ 94% ਲੋਕਾਂ ਨੇ ਕਿਹਾ ਸੀ ਕਿ ਅਜਿਹੀਆਂ ਵਸਤੂਆਂ ਫੌਰਨ ਬੰਦ ਹੋਣੀਆਂ ਚਾਹੀਦੀਆਂ ਹਨ ਜੋ ਕਿ ਵਾਤਾਵਰਣ ਲਈ ਖ਼ਤਰਨਾਕ ਹਨ ਅਤੇ ਜ਼ਿੰਦਗੀ ਨੂੰ ਦੁਸ਼ਵਾਰੀ ਤੋਂ ਇਲਾਵਾ ਕੁੱਝ ਵੀ ਨਹੀਂ ਦਿੰਦੀਆਂ।