ਸੂਬਾ ਕੂਈਨਜ਼ਲੈਂਡ ‘ਚ ਤਿੰਨ ਪੜਾਵੀ ਯੋਜਨਾ ਤਹਿਤ ਨਵੀਆ ਢਿੱਲਾਂ ਜਾਰੀ: ਆਸਟ੍ਰੇਲੀਆ

(ਬ੍ਰਿਸਬੇਨ 28 ਜੂਨ) ਆਸਟ੍ਰੇਲੀਆ ਦੀ ਸੰਘੀ ਸਰਕਾਰ ਵੱਲੋਂ ਕਰੋਨਾਵਾਇਰਸ ਪਾਬੰਦੀਆਂ ਨੂੰ ਘਟਾਉਣ ਲਈ ਤਿੰਨ ਪੜਾਵਾਂ ਵਾਲੀ ਯੋਜਨਾ ਤਹਿਤ ਸੂਬਾ ਕੂਈਨਜ਼ਲੈਂਡ ਲਈ ਨਵੀਆਂ ਤਜਵੀਜਾਂ ਦਾ ਐਲਾਨ ਕੀਤਾ ਹੈ। ਇਸ ਸਾਲ ਜੂਨ ਤੋਂ ਦਸੰਬਰ ਮਹੀਨੇ ਤੱਕ ਜੋ ਆਮ ਕਰਮਚਾਰੀ ਜਿਨ੍ਹਾਂ ਕੋਲ ਬਿਮਾਰੀ ਦੀ ਛੁੱਟੀ ਨਹੀਂ, ਨੂੰ ਕੂਈਨਜ਼ਲੈਂਡ ਸਰਕਾਰ ਦੁਆਰਾ 1,500 ਡਾਲਰ ਦੀ ਇੱਕਮੁਸ਼ਤ ਅਦਾਇਗੀ ਦਿੱਤੀ ਜਾਵੇਗੀ ਜੇ ਉਹ ਕਰੋਨਵਾਇਰਸ ਲਈ ਪੋਜ਼ਿਟਿਵ ਆਉਂਦੇ ਹਨ। ਇਸ ਵਿੱਚ ਉਹ ਕਾਮੇ ਵੀ ਸ਼ਾਮਲ ਹੁੰਦੇ ਹਨ ਜੋ ਜੋਬਕਿੱਪਰ ਪ੍ਰੋਗਰਾਮ ਲਈ ਯੋਗ ਨਹੀਂ ਹੁੰਦੇ, ਅਤੇ ਜੋ ਲੰਮੇ ਸਮੇਂ ਤੋਂ ਆਮ ਮੁਲਾਜ਼ਮ ਸਨ। ਸੂਬੇ ਵਿੱਚ ਇਕੱਠਾਂ ਉੱਤੇ ਢਿੱਲਾਂ ਬਾਬਤ ਹੁਣ ਰੈਸਟੋਰੈਂਟ, ਕੈਫੇ, ਪੱਬ, ਰਜਿਸਟਰਡ ਅਤੇ ਲਾਇਸੈਂਸਸ਼ੁਦਾ ਕਲੱਬ, ਆਰਐਸਐਲ ਕਲੱਬ, ਹੋਟਲਜ਼ ਅਤੇ ਕੈਸੀਨੋ ਵਿੱਚ ਖਾਣਾ ਖਾਣ ਲਈ (ਪਰ ਕੋਈ ਬਾਰ ਜਾਂ ਗੇਮਿੰਗ ਨਹੀਂ ਅਤੇ ਕੋਵਿਡ ਸੇਫ ਚੈੱਕਲਿਸਟ ਦੇ ਨਾਲ), ਇਨਡੋਰ ਸਿਨੇਮਾਘਰ, ਘਰ ਦੀ ਦਿਖਾਈ ਤੇ ਨਿਲਾਮੀ ਵੇਲੇ, ਬਾਹਰੀ ਮਨੋਰੰਜਨ ਪਾਰਕ, ਸੈਰ-ਸਪਾਟਾ ਤਜਰਬੇ, ਚਿੜੀਆ ਘਰ ਅਤੇ ਆਰਕੇਡਜ਼, ਸਮਾਰੋਹ ਦੇ ਸਥਾਨ, ਥੀਏਟਰ, ਅਖਾੜੇ, ਆਡੀਟੋਰੀਅਮ ਅਤੇ ਸਟੇਡੀਅਮ, ਬਿਊਟੀ ਥੈਰੇਪੀ, ਨੇਲ ਸੈਲੂਨ, ਟੈਨਿੰਗ, ਟੈਟੂ ਪਾਰਲਰ ਅਤੇ ਸਪਾ ‘ਚ 20 ਲੋਕਾਂ ਨੂੰ ਪ੍ਰਵਾਨਗੀ ਹੋਵੇਗੀ। ਮਰਗਾਂ ‘ਤੇ 100 ਲੋਕਾਂ ਦਾ ਇਕੱਠ ਹੋ ਸਕਦਾ ਹੈ। ਸੂਬੇ ਵਿਚਲੇ ਆਊਟਬੈਕ ਇਲਾਕਿਆਂ ‘ਚ 50 ਵਿਅਕਤੀਆਂ ਨੂੰ  (ਕੋਵਿਡ ਸੇਫ ਚੈੱਕਲਿਸਟ ਦੇ ਨਾਲ) ਕਿਸੇ ਵੀ ਸਮੇਂ ਰੈਸਟੋਰੈਂਟ, ਕੈਫੇ, ਪੱਬ, ਰਜਿਸਟਰਡ ਅਤੇ ਲਾਇਸੈਂਸਸ਼ੁਦਾ ਕਲੱਬ, ਆਰ ਐਸ ਐਲ ਕਲੱਬ ਅਤੇ ਕੇਵਲ ਸਥਾਨਕ ਲੋਕਾਂ ਲਈ ਹੋਟਲ ‘ਚ ਖਾਣਾ ਖਾਣ ਦੀ ਆਗਿਆ ਹੈ ਪਰ ਨਿਵਾਸ ਦਾ ਸਬੂਤ ਦਿਖਾਉਣਾ ਲਾਜ਼ਮੀ ਹੈ ਅਤੇ ਕੋਈ ਬਾਰ ਜਾਂ ਗੇਮਿੰਗ ਨਹੀਂ ਹੋਵੇਗੀ।

ਆਉਟਬੈਕ ਇਲਾਕਿਆਂ ਦੇ ਅੰਦਰ ਸਥਾਨਕ ਨਿਵਾਸੀਆਂ ਨੂੰ ਮਨੋਰੰਜਨ ਲਈ ਯਾਤਰਾ ਦੀ ਆਗਿਆ ਹੈ। ਗੌਰਤਲਬ ਹੈ ਕਿ ਆਦਿਵਾਸੀ ਭਾਈਚਾਰਾ ਅਤੇ ਸੂਬਾ ਮਨੋਨੀਤ ਬਾਇਓਸਿਕਿਓਰਟੀ ਖੇਤਰਾਂ ਵਿੱਚ ਪਾਬੰਧੀਆਂ ਨੂੰ ਘਟਾਉਣ ਲਈ ਤਿੰਨ-ਪੜਾਅ ਵਾਲ਼ੀ ਯੋਜਨਾ ‘ਤੇ ਸਹਿਮਤ ਹੋਏ ਹਨ। ਜਿਸ ਨਾਲ ਹੁਣ ਮਨੋਨੀਤ ਭਾਈਚਾਰੇ ਮੌਜੂਦਾ ਫੈਡਰਲ ਐਮਰਜੈਂਸੀ ਬਾਇਓਸਕਿਓਰਿਟੀ ਪਾਬੰਦੀਆਂ ਤੋਂ ਰਾਜ ਅਧਾਰਿਤ ਪ੍ਰਬੰਧਾਂ ਵਿੱਚ ਤਬਦੀਲ ਹੋ ਜਾਣਗੇ। ਪੜਾਅ 1 ਤਹਿਤ ਕਿਸੇ ਭਾਈਚਾਰੇ ਵਿੱਚ ਦਾਖਲ ਹੋਣ ਜਾਂ ਦੁਬਾਰਾ ਦਾਖਲ ਹੋਣ ਵਾਲੇ ਲੋਕਾਂ ਨੂੰ ਸਵੈ ਅਲਗਾਅ (ਕੁਆਰੰਟੀਨ) ਹੋਣਾ ਪਵੇਗਾ ਜਿੱਥੇ ਅਜਿਹਾ ਕਰਨਾ ਸੁਰੱਖਿਅਤ ਹੋਵੇ ਹਾਲਾਂਕਿ, ਜ਼ਰੂਰੀ ਕਰਮਚਾਰੀਆਂ ਲਈ ਵੱਖਰੀਆਂ ਛੋਟਾਂ ਲਾਗੂ ਰਹਿਣਗੀਆਂ, ਜਿਹੜੇ ਬਿਨਾਂ ਕਿਸੇ ਰੁਕਾਵਟ ਦੇ ਇਹ ਯਾਤਰਾ ਕਰਦੇ ਹਨ ਜਾਂ ਜਿਨ੍ਹਾਂ ਨੂੰ ਛੋਟ ਦਿੱਤੀ ਜਾਂਦੀ ਹੈ। ਪੜਾਅ 2 ਵਿੱਚ ਮੁੱਖ ਸਿਹਤ ਅਧਿਕਾਰੀ ਇੱਕ ਦਿਸ਼ਾ ਨਿਰਧਾਰਤ ਕਰੇਗਾ ਜੋ ਭਾਈਚਾਰੇ ਨੂੰ ‘ਸੁਰੱਖਿਅਤ ਯਾਤਰਾ ਦੇ ਖੇਤਰਾਂ’ ਦਾ ਹਿੱਸਾ ਬਣਨ ਦੇ ਯੋਗ ਬਣਾਉਂਦਾ ਹੈ ਤਾਂ ਜੋ ਵਸਨੀਕ ਜਨਤਕ ਸਿਹਤ ਸਲਾਹ ਦੇ ਅਧਾਰ ‘ਤੇ ਆਸਾਨੀ ਨਾਲ ਯਾਤਰਾ ਕਰ ਸਕਣ। ਪੜਾਅ 3 ਰਾਹੀਂ ਦੂਰ-ਦੁਰਾਡੇ ਰਹਿੰਦੇ ਆਦਿਵਾਸੀ ਭਾਈਚਾਰੇ ਵਿੱਚ ਦਾਖਲੇ ਲਈ ਵੱਖਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ, ਕੁੱਕ ਸ਼ਾਇਰ ਅਤੇ ਬਰਕ ਨੂੰ ਕੂਈਨਜ਼ਲੈਂਡ ਦੇ ਹੋਰ ਇਲਾਕਿਆਂ ਵਾਂਗ ਹੀ ਪ੍ਰਬੰਧਾਂ ਦੇ ਅਧੀਨ ਕਰ ਦਿੱਤਾ ਜਾਵੇਗਾ। ਸੂਬੇ ਦੇ ਸਕੂਲਾਂ ‘ਚ ਵਿਦਿਆਰਥੀਆਂ ਦੀ ਵਾਪਸੀ ਪਹਿਲਾਂ ਵਾਂਗ ਰਹੇਗੀ।