ਕੁਈਨਜ਼ਲੈਂਡ ਖੋਲ੍ਹੇਗਾ 10 ਜੁਲਾਈ ਨੂੰ ਬਾਰਡਰ -ਪਰ ਵਿਕਟੋਰੀਆ ਨਾਲ ਰਹਿਣਗੇ ਬੰਦ

(ਐਸ.ਬੀ.ਐਸ.) ਕੁਈਨਜ਼ਲੈਂਡ ਨੇ ਲਾਕਡਾਊਨ ਪਲਾਨਾਂ ਵਿੱਚ ਬਦਲਾਉ ਕਰਦਿਆਂ 10 ਜੁਲਾਈ ਨੂੰ ਆਪਣੇ ਰਾਜਾਂ ਦੀਆਂ ਸੀਮਾਵਾਂ ਦੂਸਰੇ ਰਾਜਾਂ ਲਈ ਖੋਲ੍ਹਣ ਦਾ ਫੈਸਲਾ ਕੀਤਾ ਹੈ ਪਰੰਤੂ ਵਿਕਟੋਰੀਆ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਦੇ ਮਾਮਲਿਆਂ ਕਰਕੇ ਇਹ ਬਾਰਡਰ ਵਿਕਟੋਰੀਆ ਲਈ ਹਾਲ ਦੀ ਘੜੀ ਬੰਦ ਹੀ ਰਹਿਣਗੇ। ਆਉਣ ਵਾਲੀ 10 ਜੁਲਾਈ ਨੂੰ ਤਸਮਾਨੀਆ, ਦੱਖਣੀ ਆਸਟ੍ਰੇਲੀਆ, ਪੱਛਮੀ ਆਸਟ੍ਰੇਲੀਆ, ਨਿਊ ਸਾਊਥ ਵੇਲਜ਼, ਨਾਰਦਰਨ ਟੈਰਿਟਰੀ ਅਤੇ ਏ.ਸੀ.ਟੀ. ਵਾਲੇ ਬਾਰਡਰ ਘੋਸ਼ਣਾਂ ਪੱਤਰ (ਡੈਕਲੇਰੇਸ਼ਨ) ਭਰ ਕੇ ਰਾਜ ਵਿੱਚ ਦਾਖਲਾ ਲੈ ਸਕਦੇ ਹਨ। ਪ੍ਰੀਮੀਅਰ ਐਨਸਟੇਸ਼ੀਆ ਪਾਲਾਸਜ਼ੁਕ ਨੇ ਕਿਹਾ ਕਿ ਘੋਸ਼ਣਾ ਪੱਤਰ ਵਿੱਚ ਇਹ ਸਵੀਕਾਰਿਆ ਜਾਵੇਗਾ ਕਿ ਉਕਤ ਵਿਅਕਤੀ ਨੇ ਪਿੱਛਲੇ 14 ਦਿਨਾਂ ਵਿੱਚ ਵਿਕਟੋਰੀਆ ਰਾਜ ਅੰਦਰ ਯਾਤਰਾ ਨਹੀਂ ਕੀਤੀ। 3 ਜੁਲਾਈ ਤੋਂ ਅਜਿਹਾ ਕੋਈ ਵਿਅਕਤੀ ਜਿਹੜਾ ਕਿ ਵਿਕਟੋਰੀਆ ਤੋਂ ਆਵੇਗਾ, ਨੂੰ ਹੋਟਲ ਵਿੱਚ ਕੁਆਰਨਟੀਨ ਕੀਤਾ ਜਾਵੇਗਾ ਅਤੇ ਉਕਤ ਨੂੰ ਹੋਟਲ ਦਾ ਖਰਚਾ ਵੀ ਆਪ ਹੀ ਉਠਾਉਣਾ ਪਵੇਗਾ। ਉਧਰ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਹੈ ਕਿ ਉਹ ਹਾਲੇ ਥੋੜ੍ਹਾ ਇੰਤਜ਼ਾਰ ਹੋਰ ਕਰਨਗੇ ਅਤੇ ਵਿਕਟੋਰੀਆ 20 ਜੁਲਾਈ ਦੀ ਤਾਰੀਖ ਤੱਕ ਸਮੀਖਿਆ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਦੇ ਲੋਕ ਨਿਊ ਸਾਊਥ ਵੇਲਜ਼ ਅਤੇ ਏ.ਸੀ.ਟੀ. ਨਾਲ ਆਵਾਗਮਨ ਕਰ ਸਕਦੇ ਹਨ ਪਰੰਤੂ ਹਾਲੇ ਵਿਕਟੋਰੀਆ ਵਿੱਚ ਕਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਹੋਇਆਂ ਦੋਹਾਂ ਰਾਜਾਂ ਵਿਚਾਲੇ ਹਾਲ ਦੀ ਘੜੀ ਦੀਆਂ ਪਾਬੰਧੀਆਂ ਲਾਗੂ ਰਹਿਣਗੀਆਂ।