
ਕੁਈਨਜ਼ਲੈਂਡ ਸਰਕਾਰ ਵੱਲੋਂ ਵੀ ਸਿਡਨੀ ਵਿਚਲੇ ਕੋਵਿਡ-19 ਦੇ ਕਲਸਟਰ ਨੂੰ ਦੇਖਦਿਆ ਹੋਇਆਂ ਰਾਜ ਅੰਦਰ ਸਿਡਨੀ ਦੇ ਯਾਤਰੀਆਂ ਵਾਸਤੇ ਪੂਰਨ ਪਾਬੰਧੀ ਲਗਾ ਦਿੱਤੀ ਗਈ ਹੈ ਅਤੇ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਆਪਣੇ ਐਲਾਨਨਾਮੇ ਵਿੱਚ ਕਿਹਾ ਹੈ ਕਿ ਸਿਡਨੀ ਵਿਚਲੇ, ਬਲੂ ਮਾਊਂਟੇਨ, ਸੈਂਟਰਲ ਕੋਸਟ ਅਤੇ ਇਲਾਵਾਰਾ ਸ਼ੌਲਹੈਵਨ ਆਦਿ ਖੇਤਰਾਂ ਵਿੱਚ ਜੇਕਰ ਕੋਈ ਕੋਈਨਜ਼ਲੈਂਡ ਦਾ ਨਿਵਾਸੀ, ਬੀਤੇ ਪੰਦਰ੍ਹਵਾੜੇ ਦੌਰਾਨ ਗਿਆ ਹੋਇਆ ਹੈ ਨੂੰ ਵੀ ਰਾਜ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ ਅਤੇ ਜੇਕਰ ਉਨ੍ਹਾਂ ਨੂੰ ਇਜਾਜ਼ਤ ਮਿਲਦੀ ਵੀ ਹੈ ਤਾਂ ਫੇਰ ਉਨ੍ਹਾਂ ਨੂੰ 14 ਦਿਨਾਂ ਦੇ ਹੋਟਲ ਕੁਆਰਨਟੀਨ ਵਿੱਚ ਰਹਿਣਾ ਹੀ ਪਵੇਗਾ। ਕੁਈਨਜ਼ਲੈਂਡ ਦੇ ਨਿਵਾਸੀਆਂ ਨੂੰ ਆਪਣੇ ਘਰਾਂ ਵਿੱਚ ਪਰਤਣ ਵਾਸਤੇ ਮੰਗਲਵਾਰ ਸਵੇਰ ਦੇ 1 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ ਪਰੰਤੂ ਊਨ੍ਹਾਂ ਦਾ ਕਰੋਨਾ ਟੈਸਟ ਵੀ ਹੋਵੇਗਾ ਅਤੇ ਉਨ੍ਹਾਂ ਨੂੰ 14 ਦਿਨਾਂ ਦੇ ਸੈਲਫ ਆਈਸੋਲੇਸ਼ਨ ਵਿੱਚ ਵੀ ਰਹਿਣਾ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਿਊ ਸਾਊਥ ਵੇਲਜ਼ ਦੇ ਬਾਰਡਰਾਂ ਨਾਲ ਲਗਦੇ ਸਾਰੇ ਚੈਕ ਪੁਆਇੰਟ ਮੁੜ ਤੋਂ ਸੁਰਜੀਤ ਕਰ ਦਿੱਤੇ ਗਏ ਹਨ ਅਤੇ ਨਵੀਆਂ ਪਾਬੰਧੀਆਂ ਦੇ ਤਹਿਤ ਇੱਥੇ ਚੈਕਿੰਗ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ।