ਆਸਟ੍ਰੇਲੀਆ ਦੀਆਂ ਪ੍ਰਮੁੱਖ ਏਅਰ ਲਾਈਨ ਕੰਪਨੀਆਂ ਵਿੱਚੋਂ ਕਾਂਟਾਜ਼ ਨੂੰ ਇੱਕ ਵਾਰੀ ਮੁੜ ਤੋਂ ਸਭ ਤੋਂ ਸੁਰੱਖਿਅਤ ਫਲਾਈਟ ਦੇ ਖ਼ਿਤਾਬ ਨਾਲ ਨਵਾਜਿਆ ਗਿਆ ਹੈ। ਇਹ ਇਨਾਮ ਬੀਤੇ ਸਾਲ ਦੀਆਂ ਸੇਵਾਵਾਂ ਦੇ ਮੱਦੇਨਜ਼ਰ, ਕੰਪਨੀ ਨੂੰ ਸਾਲ 2023 ਲਈ ਮਿਲਿਆ ਹੈ।
ਸੁਰੱਖਿਆ ਸੂਚੀ ਵਿੱਚ ਬੀਤੇ ਸਾਲ ਤੋਂ ਹੀ ਕਾਂਟਾਜ਼ ਉਪਰ ਵੱਲ ਨੂੰ ਵੱਧ ਰਹੀ ਸੀ ਅਤੇ ਨਿਊਜ਼ੀਲੈਂਡ ਦੀ ਕੰਪਨੀ ਏਅਰ ਨਿਊਜ਼ੀਲੈਂਡ ਦੇ ਮੁਕਾਬਲੇ ਤੇ ਪਹੁੰਚ ਗਈ ਸੀ।
ਇਹ ਸੁਰੱਖਿਆ ਸੂਚੀ ਹਰ ਸਾਲ ਏਅਰਲਾਈਨ ਰੇਟਿੰਗਜ਼ ਵੱਲੋਂ ਤਿਆਰ ਕੀਤੀ ਜਾਂਦੀ ਹੈ ਅਤੇ ਹਰ ਸਾਲ ਇਸ ਦੇ ਆਂਕੜੇ ਸਮੁੱਚੇ ਸੰਸਾਰ ਦੀਆਂ ਤਕਰੀਬਨ 400 ਵੈਬਸਾਈਟਾਂ ਤੋਂ ਇਕੱਠੇ ਕੀਤੇ ਜਾਂਦੇ ਹਨ। ਇਨ੍ਹਾਂ ਆਂਕੜਿਆਂ ਵਿੱਚ ਪਾਇਲਟ ਦੀ ਟ੍ਰੇਨਿੰਗ, ਫਲੀਟ ਉਮਰ, ਸੁਰੱਖਿਆ ਅਤੇ ਇੰਜਨਿਅਰਿੰਗ ਦੇ ਮਾਮਲੇ ਆਦਿ ਦੇ ਆਂਕੜੇ ਸ਼ਾਮਿਲ ਹੁੰਦੇ ਹਨ ਪਰੰਤੂ ਯਾਤਰੀਆਂ ਦੀ ਸੰਤੁਸ਼ਟੀ ਇਨ੍ਹਾਂ ਵਿੱਚ ਸ਼ਾਮਿਲ ਨਹੀਂ ਕੀਤੀ ਜਾਂਦੀ।
ਜ਼ਿਕਰਯੋਗ ਹੈ ਕਿ ਕਾਂਟਾਜ਼ ਏਅਰਲਾਈਨ ਕੰਪਨੀ ਨੇ ਆਪਣੇ 100 ਸਾਲਾਂ ਦੀਆਂ ਸੇਵਾਵਾਂ ਤਹਿਤ ਬਹੁਤ ਸਾਰੇ ਰਿਕਾਰਡ ਕਾਇਮ ਕੀਤੇ ਹਨ ਅਤੇ ਇਹ ਸੰਸਾਰ ਦੀ ਸਭ ਤੋਂ ਪੁਰਾਣੀ ਅਜਿਹੀ ਕੰਪਨੀ ਹੈ ਜਿਸ ਦੀਆਂ ਸੇਵਾਵਾਂ ਵਿੱਚ ਕਦੀ ਵੀ ਬਾਧਾ ਨਹੀਂ ਪਈ ਅਤੇ ਇਹ ਲਗਾਤਾਰ ਯਾਤਰੀਆਂ ਦੀਆਂ ਸੇਵਾਵਾਂ ਵਿੱਚ ਦਿਨ ਰਾਤ ਲੱਗੀ ਹੋਈ ਹੈ।