ਕੋਵਿਡ-19 ਦੇ ਇੱਕ ਮਾਮਲੇ ਤੋਂ ਬਾਅਦ ਕਾਂਟਾਜ਼ ਦੇ ਯਾਤਰੀ ਹਾਲੇ ਤੱਕ ਬੈਠੇ ਕਰੋਨਾ ਟੈਸਟ ਦੇ ਇੰਤਜ਼ਾਰ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੰਜ ਦਿਨ ਪਹਿਲਾਂ ਮੈਲਬੋਰਨ ਆਈ ਕਾਂਟਾਜ਼ ਦੀ ਫਲਾਈਟ ਜਿਸ ਵਿੱਚ ਕਿ ਇੱਕ ਯਾਤਰੀ ਕਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਵਿਚਲੇ ਦਰਜਨ ਤੋਂ ਵੱਧ ਯਾਤਰੀ ਆਪਣੇ ਕਰੋਨਾ ਦੇ ਟੈਸਟ ਕਰਵਾਉਣ ਦੇ ਇੰਤਜ਼ਾਰ ਵਿੰਚ ਬੈਠੇ ਹਨ ਪਰੰਤੂ ਹਾਲੇ ਤੱਕ ਵੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਕੋਈ ਵੀ ਸੁੱਧ ਬੁਧ ਨਹੀਂ ਲਈ ਜਾ ਸਕੀ।
ਅਸਲ ਵਿੱਚ ਬੀਤੇ ਦਿਨੀਂ ਬੁੱਧਵਾਰ ਨੂੰ, ਜਿਹੜੀ ਕਾਂਟਾਜ਼ ਦੀ ਫਲਾਈਟ ਨੰਬਰ ਕਿਊ 778 ਪਰਥ ਤੋਂ ਮੈਲਬੋਰਨ ਆਈ ਸੀ ਤਾਂ ਉਸ ਵਿੱਚਲੇ ਇੱਕ 45 ਸਾਲਾਂ ਦੇ ਵਿਅਕਤੀ ਨੂੰ ਕਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਵਿਕਟੋਰੀਆਈ ਸਿਹਤ ਅਧਿਕਾਰੀਆਂ ਦੇ ਆਂਕੜਿਆਂ ਮੁਤਾਬਿਕ, ਜਹਾਜ਼ ਵਿੱਚ 241 ਹੋਰ ਯਾਤਰੀ ਸਨ ਜਿਨ੍ਹਾਂ ਵਿੱਚੋਂ ਕਿ 156 ਦੀ ਰਿਪੋਰਟ ਨੈਗੇਟਿਵ ਆ ਗਈ ਪਰੰਤੂ ਹਾਲੇ ਵੀ ਦਰਜਨਾਂ ਅਜਿਹੇ ਯਾਤਰੀ ਹਨ ਜਿਹੜੇ ਕਿ ਆਪਣੇ ਕਰੋਨਾ ਟੈਸਟ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ, ਉਨ੍ਹਾਂ ਦੇ ਆਪਣੇ ਘਰਾਂ ਅੰਦਰ ਹੀ, 14 ਦਿਨਾਂ ਦੇ ਆਈਸੋਲੇਸ਼ਨ ਵਿੱਚ ਵੀ ਰੱਖਿਆ ਗਿਆ ਹੈ।
ਵਿਕਟੋਰੀਆ ਦੇ ਮੰਤਰੀ ਬੈਨ ਕੈਰੋਲ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਇਹ ਟੈਸਟ ਕਰ ਰਹੇ ਹਾਂ ਅਤੇ ਅੱਜ ਅਤੇ ਕੱਲ੍ਹ ਵਿੱਚ ਇਹ ਟੈਸਟ ਮੁਕੰਮਲ ਕਰ ਲਏ ਜਾਣਗੇ।
ਉਕਤ 45 ਸਾਲਾਂ ਦੇ ਕਰੋਨਾ ਪਾਜ਼ਿਟਿਵ ਵਿਅਕਤੀ ਦੀ ਪਤਨੀ, ਉਨ੍ਹਾਂ ਦੇ ਦੇ ਬੱਚੇ, ਬੱਚਿਆਂ ਦਾ ਇੱਕ ਦੋਸਤ, ਸਾਰਿਆਂ ਦੀ ਕਰੋਨਾ ਰਿਪੋਰਟ ਨੈਗੇਟਿਵ ਆ ਚੁਕੀ ਹੈ। ਏਅਰਪੋਰਟ ਦੇ 10 ਸਟਾਫ ਮੈਂਬਰਾਂ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਹੈ।
ਰਾਜ ਦੇ ਕਰੋਨਾ ਟੈਸਟਿੰਗ ਕਮਾਂਡਰ ਜੈਰਨ ਵੇਮਰ ਨੇ ਕਿਹਾ ਕਿ ਬਾਕੀ ਦੇ ਯਾਤਰੀਆਂ ਦੇ ਟੈਸਟ ਵੀ ਜਲਦੀ ਹੀ ਮੁਕੰਮਲ ਕਰ ਲਏ ਜਾਣਗੇ।
ਇਸ ਦੌਰਾਨ ਰਾਜ ਅੰਦਰ ਕੋਈ ਵੀ ਕਰੋਨਾ ਦਾ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਨਹੀਂ ਹੋਇਆ ਅਤੇ ਅੱਜ ਸੋਮਵਾਰ ਨੂੰ 12,680 ਕਰੋਨਾ ਟੈਸਟਾਂ ਦੇ ਨਤੀਜੇ ਵੀ ਜਾਰੀ ਕੀਤੇ ਗਏ ਅਤੇ ਬੀਤੇ 59 ਦਿਨਾਂ ਵਿੱਚ ਕੋਈ ਵੀ ਨਵਾਂ ਮਾਮਲਾ (ਸਥਾਨਕ ਸਥਾਨਾਂਤਰਣ ਦਾ) ਦਰਜ ਨਹੀਂ ਹੋਇਆ।
ਪਰਥ ਦੇ ਆਪਟਸ ਸਟੇਡੀਅਮ ਵਿੱਚ ਸ਼ਨਿਚਰਵਾਰ ਦੀ ਰਾਤ ਨੂੰ ਖੇਡਣ ਵਾਲੇ ਖਿਡਾਰੀਆਂ (ਨਾਰਥ ਮੈਲਬੋਰਨ ਦੀ ਏ.ਐਫ.ਐਲ.) ਨੂੰ ਵੀ ਐਤਵਾਰ ਨੂੰ ਵਿਕਟੋਰੀਆ ਪਰਤਣ ਦੀ ਇਜਾਜ਼ਤ ਜਾਰੀ ਕਰ ਦਿੱਤੀ ਗਈ ਸੀ ਅਤੇ ਵਾਪਸ ਆਉਣ ਉਪਰ ਸਭ ਦੇ ਚੈਕਅਪ ਹੋਇਆ ਅਤੇ ਸਭ ਨੂੰ 14 ਦਿਨਾਂ ਦੇ ਹੋਮ ਆਈਸੋਲੇਸ਼ਨ ਦੀ ਤਾਕੀਦ ਕੀਤੀ ਗਈ, ਪਰੰਤੂ ਖਿਡਾਰੀਆਂ ਨੂੰ ਅਗਲੇ 14 ਦਿਨਾਂ ਦੀ ਸਿਖਲਾਈ ਅਤੇ ਖੇਡਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

Install Punjabi Akhbar App

Install
×