
(ਦ ਏਜ ਮੁਤਾਬਿਕ) ਮੁੱਖ ਸਿਹਤ ਅਧਿਕਾਰੀ ਡਾ. ਚੈਂਟ ਨੇ ਅਹਿਮ ਜਾਣਕਾਰੀ ਵਿੱਚ ਦੱਸਿਆ ਹੈ ਕਿ ਦਿਸੰਬਰ ਦੀ 18 (ਸ਼ੁਕਰਵਾਰ)ਤਾਰੀਖ ਨੂੰ ਡਾਰਵਿਨ ਤੋਂ ਸਿਡਨੀ ਪਹੁੰਚੀ ਫਲਾਈਟ ਦਾ ਸਿੱਧਾ ਸੰਬੰਧ ਕਰੋਨਾ ਦੇ ਮਰੀਜ਼ਾਂ ਨਾਲ ਸਥਾਪਿਤ ਹੋ ਚੁਕਿਆ ਹੈ ਅਤੇ ਇਸ ਦੇ ਸਾਰੇ ਹੀ ਯਾਤਰੀਆਂ ਅਤੇ ਕਰੂ ਮੈਂਬਰਾਂ ਸੈਲਫ ਆਈਸੋਲੇਟ ਹੋਣ ਦੀ ਤਾਕੀਦ ਜਾਰੀ ਕੀਤੀ ਜਾ ਚੁਕੀ ਹੈ। ਦਰਅਸਲ ਦਿਸੰਬਰ ਦੀ 17 ਤਾਰੀਖ ਨੂੰ ਇੱਕ ਵਿਅਕਤੀ ਪੈਰਿਸ ਤੋਂ ਡਾਰਵਿਨ ਆਇਆ ਸੀ ਅਤੇ ਉਸ ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀ ਹੋਰ ਮਰੀਜ਼ਾਂ ਦੀ ਤਲਾਸ਼ ਵਿੱਚ ਹਨ ਪਰੰਤੂ ਹਾਲ ਦੀ ਘੜੀ ਪੂਰਾ ਡਾਟਾ ਉਨ੍ਹਾਂ ਨੂੰ ਨਹੀਂ ਮਿਲਿਆ ਹੈ। ਕਾਂਟਾਜ਼ ਨੇ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਪੈਰਿਸ ਤੋਂ ਡਾਰਵਿਨ ਆਈ ਰਿਪੈਟ੍ਰੀਏਸ਼ਨ ਫਲਾਈਟ ਰਾਹੀਂ ਉਕਤ ਵਿਅਕਤੀ ਆਇਆ ਸੀ ਅਤੇ ਫੇਰ ਉਹ ਸਿਡਨੀ ਨੂੰ ਰਵਾਨਗੀ ਪਾ ਗਿਆ ਸੀ ਅਤੇ ਹੁਣ ਸਾਰਿਆਂ ਨੂੰ ਹੀ ਸੈਲਫ ਆਈਸੋਲੇਟ ਕਰ ਦਿੱਤਾ ਗਿਆ ਹੈ। ਏਅਰਲਾਈਨ ਅਧਿਕਾਰੀਆਂ ਨੇ ਫਲਾਈਟ ਦੀਆਂ ਸਾਰੀਆਂ ਡਿਟੇਲਾਂ ਨਿਊ ਸਾਊਥ ਵੇਲਜ਼ ਸਰਕਾਰ ਨੂੰ ਸੌਂਪ ਦਿੱਤੀਆਂ ਹਨ ਤਾਂ ਜੋ ਇਸ ਦੇ ਸਾਰੇ ਯਾਤਰੀਆਂ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਕਰਕੇ ਸਹੀ ਕਦਮ ਚੁੱਕਿਆ ਜਾ ਸਕੇ।