ਸਾਲ 2023 ਲਈ ਕਾਂਟਾਜ਼ ਨੇ ਕੀਤਾ 1.45 ਬਿਲੀਅਨ ਡਾਲਰ ਮੁਨਾਫ਼ੇ ਦਾ ਐਲਾਨ

ਕਾਂਟਾਜ਼ ਕੰਪਨੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਕਰੋਨਾ ਕਾਲ਼ ਤੋਂ ਬਾਅਦ ਹੁਣ ਅਜਿਹੀਆਂ ਅਵਸਥਾਵਾਂ ਆ ਰਹੀਆਂ ਹਨ ਕਿ ਯਾਤਰੀਗਣ ਹਵਾਈ ਯਾਤਰਾ ਨੂੰ ਜ਼ਿਆਦਾ ਮਾਨਤਾ ਦੇ ਰਹੇ ਹਨ ਕਿਉਂਕਿ ਇਸ ਵਿੱਚ ਕਾਫੀ ਸਮਾਂ ਬਚਦਾ ਹੈ ਅਤੇ ਆਉਣ ਵਾਲੇ ਸਾਲ 2023 ਦੇ ਪਹਿਲੇ ਅੱਧ ਦੌਰਾਨ, ਕੰਪਨੀ ਇਸੇ ਦੇ ਮੱਦੇਨਜ਼ਰ ਆਪਣਾ ਮੁਨਾਫ਼ਾ 1.45 ਬਿਲੀਅਨ ਤੱਕ ਕਮਾਉਣ ਦਾ ਟੀਚਾ ਮਿੱਥ ਰਹੀ ਹੈ। ਇਹ ਮੁਨਾਫ਼ਾ ਇਸੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਦਰਸਾਏ ਗਏ ਮੁਨਾਫ਼ੇ ਨਾਲੋਂ 150 ਮਿਲੀਅਨ ਜ਼ਿਆਦਾ ਦਾ ਬਣਦਾ ਹੈ।
ਕਾਂਟਾਜ਼ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ 200 ਮਿਲੀਅਨ ਡਾਲਰਾਂ ਦੇ ਨਵੇਂ ਨਿਵੇਸ਼ ਨਾਲ ਹੋਰ ਵਾਧੂ ਸਟਾਫ ਦੀ ਭਰਤੀ ਵੀ ਕਰ ਰਹੀ ਹੈ ਜਿਸ ਨਾਲ ਏਅਰਲਾਈਨ ਦੀ ਕਾਰਗੁਜ਼ਾਰੀ ਵਿੱਚ ਹੋਰ ਵੀ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਇਸੇ ਸਾਲ ਦਿਸੰਬਰ ਦੇ ਮਹੀਨੇ ਤੱਕ, ਕੰਪਨੀ ਦਾ ਕਰਜ਼ਾ ਵੀ 2.5 ਬਿਲੀਅਨ ਡਾਲਰਾਂ ਦੇ ਕਰੀਬ ਉਤਰਨ ਦੀ ਸੰਭਾਵਨਾ ਵੀ ਹੈ ਅਤੇ ਇਹ ਰਕਮ ਵੀ ਪਹਿਲਾਂ ਨਾਲੋਂ ਅਨੁਮਾਨਿਤ ਰਕਮ ਨਾਲੋਂ 900 ਮਿਲੀਅਨ ਡਾਲਰ ਜ਼ਿਆਦਾ ਹੈ।