ਕੋਵਿਡ-19 ਫਲਾਈਟ ਕ੍ਰੈਡਿਟ: ਕਾਂਟਾਜ਼ ਨੇ ਵਧਾਇਆ ਸਮਾਂ

ਬੀਤੇ 3 ਸਾਲਾਂ ਤੋਂ ਜਦੋਂ ਦਾ ਕੋਵਿਡ ਕਾਲ਼ ਸ਼ੁਰੂ ਹੋਇਆ ਹੈ ਇਸੇ ਦੌਰਾਨ ਕਾਂਟਾਜ਼ ਕੰਪਨੀ ਨੇ ਆਪਣੇ ਯਾਤਰੀ ਗ੍ਰਾਹਕਾਂ ਨੂੰ ਫਲਾਈਟ ਕ੍ਰੈਡਿਟ ਦੇਣੇ ਸ਼ੁਰੂ ਕੀਤੇ ਸਨ ਕਿਉਂਕਿ ਵਾਰ ਵਾਰ ਬਾਰਡਰਾਂ ਦੇ ਬੰਦ ਹੋਣ ਕਾਰਨ ਕਈ ਵਾਰੀ ਯਾਤਰੀਆਂ ਵੱਲੋਂ ਬੁੱਕ ਕੀਤੀਆਂ ਹੋਈਆਂ ਟਿਕਟਾਂ ਦਾ ਸਮਾਂ ਤਬਦੀਲ ਹੋ ਜਾਂਦਾ ਸੀ, ਜਾਂ ਫਲਾਈਆਂ ਰੱਦ ਵੀ ਕਰਨੀਆਂ ਪੈ ਜਾਂਦੀਆਂ ਸਨ। ਇਸੇ ਦੇ ਮੱਦੇਨਜ਼ਰ ਕਾਂਟਾਜ਼ ਨੇ ਫਲਾਈਟ ਕ੍ਰੈਡਿਟਾਂ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਹਾਲੇ ਵੀ ਜਾਰੀ ਹੈ। ਇਸ ਦਾ ਸਮਾਂ ਦਿਸੰਬਰ 31, 2023 ਤੱਕ ਸੀ ਪਰੰਤੂ ਕੰਪਨੀ ਨੇ ਯਾਤਰੀਆਂ ਦੀ ਸਹੂਲਤ ਨੂੰ ਦੇਖਦਿਆਂ ਹੋਇਆਂ ਹੁਣ ਇਹ ਸਮਾਂ 31 ਦਿਸੰਬਰ, 2024 ਤੱਕ ਵਧਾ ਦਿੱਤਾ ਹੈ। ਨਾਲ ਇਹ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਕਿਸੇ ਨੇ ਸਾਲ 2024 ਦੀਆਂ ਫਲਾਈਟਾਂ ਬੁੱਕ ਕਰਨੀਆਂ ਹਨ ਤਾਂ ਇਸੇ ਸਾਲ ਦੇ ਦਿਸੰਬਰ ਦੀ 31 ਤਾਰੀਖ ਤੱਕ ਅਗਲੇ ਸਾਲ ਦੀਆਂ ਫਲਾਈਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ ਜਾਂ ਕੰਪਨੀ ਨੂੰ ਟ੍ਰੈਵਲ ਪਲਾਨ ਭੇਜੇ ਜਾ ਸਕਦੇ ਹਨ।
ਕੰਪਨੀ ਦੇ ਗਰੁੱਪ ਚੀਫ਼ ਕਸਟਮਰ ਅਫ਼ਸਰ -ਮਾਰਕਸ ਸਵੈਨਸਨ ਦਾ ਕਹਿਣਾ ਹੈ ਕਿ ਕਰੋਨਾ ਕਾਲ਼ ਦੌਰਾਨ ਕਾਂਟਾਜ਼ ਨੇ ਆਪਣੇ ਗ੍ਰਾਹਕ ਯਾਤਰੀਆਂ ਨੂੰ 2 ਬਿਲੀਅਨ ਡਾਲਰਾਂ ਤੋਂ ਵੀ ਵੱਧ ਦੇ ਫਲਾਈਟ ਕ੍ਰੈਡਿਟ ਦਿੱਤੇ ਹਨ। ਅਤੇ ਹਾਲੇ ਵੀ 800 ਮਿਲੀਅਨ ਡਾਲਰਾਂ ਦੇ ਕਰੀਬ ਦੇ ਫਲਾਈਟ ਕ੍ਰੈਡਿਟ ਪਏ ਹੋਏ ਹਨ। ਜ਼ਿਆਦਾਤਰ ਕ੍ਰੈਡਿਟ 500 ਡਾਲਰਾਂ ਤੋਂ ਘੱਟ ਦੇ ਖਰਚੇ ਵਾਲੀਆਂ ਫਲਾਈਟਾਂ ਉਪਰ ਦਿੱਤੇ ਜਾਂਦੇ ਹਨ।