ਕੈਨੇਡਾ ਵਿੱਚ ਪੰਜਾਬੀਆਂ ਦੀ ਗੁੰਡਾਗਰਦੀ…..

ਪੰਜਾਬ ਤਾਂ ਕੈਨੇਡਾ ਵਰਗਾ ਬਣਨਾ ਨਹੀਂ, ਪਰ ਅਸੀਂ ਕੈਨੇਡਾ ਨੂੰ ਜਰੂਰ ਪੰਜਾਬ ਵਰਗਾ ਬਣਾ ਦਿਆਂਗੇ…..।

ਇਸ ਦੀਵਾਲੀ ‘ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ, ਮਾਲਟਨ ਅਤੇ ਮਿਸੀਸਾਗਾ ਵਿਖੇ ਪੰਜਾਬੀਆਂ ਵੱਲੋਂ ਕੀਤੀਆਂ ਗਈਆਂ ਸ਼ਰਮਨਾਕ ਹਰਕਤਾਂ ਦੀਆਂ ਕਈ ਵੀਡੀਉ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਭਾਰਤੀਆਂ ਅਤੇ ਖਾਸ ਤੌਰ ‘ਤੇ ਪੰਜਾਬੀਆਂ ਨੇ ਰੱਜ ਕੇ ਕੈਨੇਡਾ ਦੇ ਨਰਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ। ਜਿਸ ਅਫਸਰ ਨੇ ਇਹਨਾਂ ਨੂੰ ਆਤਸ਼ਬਾਜ਼ੀ ਚਲਾਉਣ ਦੀ ਅਗਿਆ ਦਿੱਤੀ ਹੋਵੇਗੀ, ਉਹ ਜਰੂਰ ਕਿਤੇ ਬੈਠਾ ਆਪਣੇ ਸਿਰ ਦੇ ਵਾਲ ਪੁੱਟ ਰਿਹਾ ਹੋਵੇਗਾ। ਕਈ ਪਾਰਕਿੰਗਾਂ ਅਗਲੇ ਦਿਨ ਤੱਕ ਪਟਾਕਿਆਂ ਦੀ ਰਹਿੰਦ ਖੂੰਹਦ ਨਾਲ ਭਰੀਆਂ ਪਈਆਂ ਸਨ। ਕੈਨੇਡਾ ਵਿੱਚ ਜਦੋਂ ਵੀ ਕਿਸੇ ਨੂੰ ਪਾਰਕ ਆਦਿ ਵਿੱਚ ਕੋਈ ਫੰਕਸ਼ਨ ਕਰਨ ਦੀ ਆਗਿਆ ਮਿਲਦੀ ਹੈ ਤਾਂ ਉਸ ਦੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਪ੍ਰਬੰਧਕ ਸਮਾਗਮ ਖਤਮ ਹੋਣ ਤੋਂ ਬਾਅਦ ਸਫਾਈ ਕਰ ਕੇ ਜਾਣਗੇ। ਪਰ ਭਾਰਤੀਆਂ ਨੂੰ ਸਫਾਈ ਕਿੱਥੇ ਚੰਗੀ ਲੱਗਦੀ ਹੈ? ਇੱਕ ਵੀਡੀਉ ਵਿੱਚ ਤਾਂ ਇੱਕ ਗੋਰਾ ਪਾਰਕਿੰਗ ਵਿੱਚ ਖਲੋ ਕੇ ਗੰਦ ਪਾਉਣ ਵਾਲੇ ਸਾਡੇ ਲੋਕਾਂ ਨੂੰ ਉੱਚੀ ਉੱਚੀ ਗਾਲ੍ਹਾਂ ਕੱਢ ਰਿਹਾ ਹੈ। ਦੀਵਾਲੀ ਵਾਲੇ ਦਿਨ ਹੀ ਟੋਰਾਂਟੋ ਦੇ ਇੱਕ ਹੋਰ ਉੱਪ ਨਗਰ ਮਿਸੀਸਾਗਾ ਵਿੱਚ ਕਥਿੱਤ ਖਾਲਿਸਤਾਨ ਦੇ ਵਿਰੋਧੀ ਤੇ ਹਮਾਇਤੀ ਰੱਜ ਕੇ ਛਿੱਤਰੋ ਛਿੱਤਰੀ ਹੋਏ ਹਨ।

ਕੈਨੇਡਾ ਦੇ ਜਿਸ ਸ਼ਹਿਰ (ਬਰੈਂਪਟਨ, ਸਰੀ ਆਦਿ) ਵਿੱਚ ਭਾਰਤੀਆਂ ਤੇ ਖਾਸ ਤੌਰ ‘ਤੇ ਪੰਜਾਬੀਆਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਗੋਰੇ ਉਹ ਸ਼ਹਿਰ ਹੀ ਛੱਡ ਜਾਂਦੇ ਹਨ। ਆਪਣੇ ਆਪ ਨੂੰ ਦੇਸੀ ਸਾਬਤ ਕਰਨ ਲਈ ਸਿਰ ‘ਤੇ ਡੱਬੀਆਂ ਵਾਲਾ ਸਾਫਾ, ਪੈਰੀਂ ਕੈਂਚੀ ਚੱਪਲਾਂ ਅਤੇ ਸ਼ਰਟ ਨਾਲ ਸੜਿਆ ਹੋਇਆ ਪਜਾਮਾ ਪਾ ਕੇ ਪੰਜਾਬੀ ਆਮ ਹੀ ਘੁੰਮਦੇ ਹੋਏ ਵੇਖੇ ਜਾ ਸਕਦੇ ਹਨ। ਬਰੈਂਪਟਨ ਵਿੱਚ ਤਾਂ ਦੁਨੀਆਂ ਹੀ ਅਲੱਗ ਵੱਸਦੀ ਹੈ। ਨੌਜਵਾਨ ਕਾਰਾਂ ਵਿੱਚ ਉੱਚੀ ਉੱਚੀ ਡੈੱਕ ਲਗਾ ਕੇ ਹਾਰਨ ਮਾਰਦੇ ਫਿਰਦੇ ਹਨ। ਕੋਈ ਵੀ ਆਪਣੇ ਪਾਲਤੂ ਕੁੱਤਿਆਂ ਦਾ ਗੰਦ ਸੜਕ ਉੱਪਰੋਂ ਸਾਫ ਨਹੀਂ ਕਰਦਾ। ਸੰਸਾਰ ਦੀਆਂ ਸੈਂਕੜੇ ਕੌਮਾਂ ਦੇ ਕਰੋੜਾਂ ਲੋਕ ਪੱਛਮੀ ਦੇਸ਼ਾਂ ਵਿੱਚ ਵੱਸਦੇ ਹਨ। ਪਰ ਕੁਝ ਪੰਜਾਬੀਆਂ ਵੱਲੋਂ ਜੋ ਜਲੂਸ ਆਪਣੀ ਕੌਮ ਦਾ ਕੱਢਿਆ ਜਾ ਰਿਹਾ ਹੈ, ਉਹ ਕੰਮ ਕਿਸੇ ਹੋਰ ਕੌਮ ਵੱਲੋਂ ਨਹੀਂ ਕੀਤਾ ਜਾ ਰਿਹਾ। ਰੋਜ਼ਾਨਾ ਰੈਫਰੈਂਡਮ ਵਰਗੇ ਕਿਸੇ ਫਜ਼ੂਲ ਦੇ ਮੁੱਦੇ ‘ਤੇ ਕੈਨੇਡਾ ਵਰਗੇ ਸ਼ਾਂਤੀ ਪਸੰਦ ਦੇਸ਼ ਦੇ ਵਸਨੀਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਲੱਖਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇ ਕੇ ਉਥੇ ਵੱਸਣ ਦਾ ਜੋ ਮੌਕਾ ਦਿੱਤਾ ਜਾ ਰਿਹਾ ਹੈ, ਉਹ ਕੈਨੇਡਾ ਸਰਕਾਰ ਦੀ ਕੋਈ ਮਜ਼ਬੂਰੀ ਨਹੀਂ ਬਲਕਿ ਦਰਿਆ ਦਿਲੀ ਹੈ। ਪਰ ਪੰਜਾਬ ਤੋਂ ਗਏ ਕੁਝ ਵਿਦਿਆਰਥੀਆਂ ਅਤੇ ਸਿਟੀਜ਼ਨ ਪੰਜਾਬੀਆਂ ਦੀਆਂ ਅਜਿਹੀਆਂ ਸ਼ਰਮਨਾਕ ਹਰਕਤਾਂ ਤੋਂ ਲੱਗਦਾ ਹੈ ਕਿ ਕਿਸੇ ਦਿਨ ਕੈਨੇਡਾ ਨੇ ਸਾਡੇ ਵੀਜ਼ੇ ਲਗਾਉਣੇ ਹੀ ਬੰਦ ਕਰ ਦੇਣੇ ਹਨ।

(ਪੰਜਾਬੀ ਨੌਜਵਾਨਾਂ ਦੇ ਇੱਕ ਇਕੱਠ ਵੱਲੋਂ ਪੁਲਿਸ ਦੀ ਗੱਡੀ ਘੇਰ ਕੇ ਅਫਸਰ ਨਾਲ ਮਾੜਾ ਵਿਵਹਾਰ)………….. (ਇੱਕ ਪੰਜਾਬੀ ਮੂਲ ਦੀ ਪੁਲਿਸ ਅਫ਼ਸਰ, ਪੰਜਾਬੀਆਂ ਦੀ ਗੁੰਡਾਗਰਦੀ ਨੂੰ ਬਿਆਨ ਕਰਦੀ ਹੋਈ)

ਸਾਡੇ ਲੋਕ ਕਿਤੇ ਵੀ ਜਾਣ, ਆਪਣੀਆਂ ਘਟੀਆ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੇ। ਪਿੱਛੇ ਜਿਹੇ ਵਾਇਰਲ ਹੋਈ ਇੱਕ ਵੀਡੀਉ ਵਿੱਚ ਇੱਕ ਵਿਅਕਤੀ ਕੈਨੇਡਾ ਦੀ ਫਲਾਈਟ ਵਿੱਚ ਬੈਠਾ ਤੰਬਾਕੂ ਮਲ ਰਿਹਾ ਸੀ। ਉਥੇ ਹੁਣ ਪੰਜਾਬੀ ਇਲਾਕਿਆ ਦੇ ਪਬਲਿਕ ਟਾਇਲਟਾਂ ਵਿੱਚ ਤੰਬਾਕੂ ਥੁੱਕਿਆ ਆਮ ਹੀ ਦਿਖਾਈ ਦੇ ਜਾਂਦਾ ਹੈ ਤੇ ਦੇਸੀ ਦੁਕਾਨਾਂ ਵਿੱਚ ਤੰਬਾਕੂ ਦੀਆਂ ਪੁੜੀਆਂ ਅਸਾਨੀ ਨਾਲ ਮੁਹੱਈਆ ਹਨ। ਬਹੁਤੇ ਪੰਜਾਬੀ ਸ਼ਰਾਬ ਬਿਨਾਂ ਨਹੀਂ ਰਹਿ ਸਕਦੇ ਪਰ ਕੈਨੇਡਾ ਵਿੱਚ ਸ਼ਰਾਬ ਬਹੁਤ ਮਹਿੰਗੀ ਹੈ। ਇਸ ਲਈ ਕਈ ਸੂਰਮੇ ਜੁਗਾੜ ਲਗਾ ਕੇ ਘਰ ਹੀ ਸ਼ਰਾਬ ਕੱਢ ਲੈਂਦੇ ਹਨ। ਸਾਲ ਕੁ ਪਹਿਲਾਂ ਟੂਰਿਸਟ ਵੀਜ਼ੇ ‘ਤੇ ਗਿਆ ਇੱਕ ਮੂਰਖ ਕਿਰਾਏ ਦੀ ਬੇਸਮੈਂਟ ਵਿੱਚ ਦੇਸੀ ਸ਼ਰਾਬ ਕੱਢ ਰਿਹਾ ਸੀ ਤਾਂ ਗੈਸ ਫਟ ਗਈ। ਉਹ ਆਪ ਤਾਂ ਕਿਸੇ ਤਰਾਂ ਮਰਨੋਂ ਬਚ ਗਿਆ ਪਰ ਬੇਸਮੈਂਟ ਅਤੇ ਘਰ ਦਾ ਕਾਫੀ ਹਿੱਸਾ ਬਰਬਾਦ ਹੋ ਗਿਆ। ਗੈਰ ਕਾਨੂੰਨੀ ਦੁਰਘਟਨਾ ਦੇ ਸਿੱਟੇ ਵਜੋਂ ਘਰ ਸੜ ਜਾਣ ਕਾਰਨ ਘਰ ਦੇ ਮਾਲਕ ਨੂੰ ਕੋਈ ਬੀਮਾ ਵੀ ਨਾ ਮਿਲਿਆ। ਖੁਦ ਤਾਂ ਅਗਲੀ ਫਲਾਈਟ ਰਾਹੀਂ ਡੀਪੋਰਟ ਹੋ ਗਿਆ, ਪਰ ਵਿਚਾਰੇ ਘਰ ਦੇ ਮਾਲਕ ਦਾ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਕਰ ਆਇਆ।

((ਪੁਲਿਸ ਅਫ਼ਸਰ ਦੀ ਕਾਰ ਨੂੰ ਘੇਰ ਕੇ ਖੜ੍ਹੇ ਪੰਜਾਬੀ ਮੁੰਡੇ))

ਪੰਜਾਬੀ ਨੌਜਵਾਨਾਂ ਵੱਲੋਂ ਕੈਨੇਡਾ ਵਿੱਚ ਕੀਤੀਆਂ ਜਾ ਰਹੀਆਂ ਮਾੜੀਆਂ ਹਰਕਤਾਂ ਦੀ ਕੋਈ ਨਾ ਕੋਈ ਵੀਡੀਉ ਮਹੀਨੇ ਦਸਾਂ ਦਿਨਾਂ ਬਾਅਦ ਵਾਇਰਲ ਹੋ ਹੀ ਜਾਂਦੀ ਹੈ। ਕੁਝ ਦਿਨ ਪਹਿਲਾਂ ਇੱਕ ਮਾਰਕੀਟ ਵਿੱਚ ਵਿਦਿਆਡਰਥੀਆਂ ਦੇ ਦੋ ਧੜਿਆਂ ਵਿੱਚਕਾਰ ਜੰਮ ਕੇ ਹੋਈ ਲੜਾਈ ਦੌਰਾਨ ਖੁਲ੍ਹ ਕੇ ਕਿਰਪਾਨਾਂ ਦੀ ਵਰਤੋਂ ਕੀਤੀ ਗਈ ਸੀ। ਸਰੀ ਵਿਖੇ ਹੋਈ ਇੱਕ ਹੋਰ ਘਟਨਾ ਵਿੱਚ ਪੰਜਾਬੀ ਨੌਜਵਾਨਾਂ ਦੇ ਇੱਕ ਇਕੱਠ ਵੱਲੋਂ ਪੁਲਿਸ ਦੀ ਗੱਡੀ ਘੇਰ ਕੇ ਅਫਸਰ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਸੀ। ਕੈਨੇਡੀਅਨ ਪੁਲਿਸ ਅਮਰੀਕੀ ਪੁਲਿਸ ਨਾਲੋਂ ਬਹੁਤ ਜਿਆਦਾ ਨਰਮ ਹੈ। ਉਥੇ ਤਾਂ ਪੁਲਿਸ ਵਾਲੇ ਅਜਿਹੀ ਹਰਕਤ ਕਰਨ ‘ਤੇ ਗੋਲੀ ਚਲਾਉਣ ਲੱਗਿਆਂ ਮਿੰਟ ਲਗਾਉਂਦੇ ਹਨ। ਪਿਉ ਤੋਂ ਜ਼ਮੀਨਾ ਗਹਿਣੇ ਰਖਵਾ ਕੇ ਲੱਖਾਂ ਰੁਪਏ ਖਰਚਾ ਕੇ ਕੈਨੇਡਾ ਪਹੁੰਚੇ ਵਿਦਿਆਰਥੀ ਬਹੁਤ ਸ਼ਾਨ ਨਾਲ ਆਪਣੇ ਨਾਮ ਨਾਲ ਸਰਪੰਚ ਅਤੇ ਨੰਬਰਦਾਰ ਵਰਗੇ ਤਖੱਲਸ ਲਗਾਈ ਫਿਰਦੇ ਹਨ। ਪਰ ਗਲਤ ਹਰਕਤਾਂ ਕਰਨ ਕਾਰਨ ਅਜਿਹੇ ਕਈ ਪੰਚ, ਸਰਪੰਚ ਅਤੇ ਨੰਬਰਦਾਰ ਇੰਡੀਆ ਡੀਪੋਰਟ ਕੀਤੇ ਜਾ ਚੁੱਕੇ ਹਨ।
ਵਿਦੇਸ਼ਾਂ ਵਿੱਚ ਸੈਂਕੜੇ ਕੌਮੀਅਤਾਂ ਦੇ ਲੋਕ ਵੱਸਦੇ ਹਨ ਜੋ ਆਪਣੇ ਕੰਮ ਨਾਲ ਕੰਮ ਰੱਖਦੇ ਹਨ। ਪਰ ਪੰਜਾਬੀਆਂ ਨੂੰ ਕੁਝ ਜਿਆਦਾ ਹੀ ਮਰਨ ਮਿੱਟੀ ਚੜ੍ਹੀ ਹੋਈ ਹੈ। ਕੈਨੇਡਾ ਵਿੱਚ ਪੰਜਾਬੀਆਂ ਤੋਂ ਇਲਾਵਾ ਕਿਸੇ ਹੋਰ ਕੌਮ ਵੱਲੋਂ ਧਾਰਮਿਕ ਸਥਾਨ ਦੇ ਕਬਜ਼ੇ ਖਾਤਰ ਛਿੱਤਰੋ ਛਿੱਤਰੋ ਹੁੰਦੇ ਅਤੇ ਇੱਕ ਦੂਸਰੇ ਦੇ ਧਾਰਮਿਕ ਚਿੰਨ੍ਹਾਂ ਦੀ ਸ਼ਰੇਆਮ ਬੇਇੱਜ਼ਤੀ ਕਰਨ ਦੀ ਕਦੇ ਕੋਈ ਖਬਰ ਨਹੀਂ ਆਈ। ਇਸ ਤੋਂ ਇਲਾਵਾ ਇੱਹ ਵੀ ਅਟੱਲ ਸੱਚਾਈ ਹੈ ਕਿ ਪੰਜਾਬੀ ਜਦੋਂ ਵੀ ਕੋਈ ਗਲਤੀ ਕਰਦੇ ਹਨ ਤਾਂ ਆਪਣੀ ਵੇਸ਼ ਭੂਸ਼ਾ ਕਾਰਨ ਦੂਰੋਂ ਹੀ ਪਹਿਚਾਣੇ ਜਾਂਦੇ ਹਨ। ਸਭ ਤੋਂ ਜਿਆਦਾ ਪੰਜਾਬੀ ਹੀ ਸੜਕਾਂ ਕਿਨਾਰੇ ਪਿਸ਼ਾਬ ਕਰਦੇ ਹੋਏ ਪਕੜੇ ਗਏ ਹਨ। ਚੰਦ ਬੰਦਿਆਂ ਦੀਆਂ ਅਜਿਹੀਆਂ ਕਰਤੂਤਾਂ ਕਾਰਨ ਸਾਰੇ ਭਾਈਚਾਰੇ ਦਾ ਨਾਮ ਬਦਨਾਮ ਹੋ ਰਿਹਾ ਹੈ। ਇਸ ਕਾਰਨ ਹੀ ਕੈਨੇਡਾ ਸਰਕਾਰ ਸਖਤ ਹੁੰਦੀ ਜਾਂ ਰਹੀ ਹੈ। ਕੁਝ ਮਹੀਨਿਆਂ ਤੋਂ 8 ਬੈਂਡ ਲੈਣ ਵਾਲੇ ਵਿਦਿਆਰਥੀਆ ਦੇ ਵੀ ਸਟੂਡੈਂਟ ਵੀਜ਼ੇ ਰਿਜੈਕਟ ਹੋ ਰਹੇ ਹਨ। ਜੋ ਘਟੀਆ ਕਰਤੂਤ ਬਰੈਂਪਟਨ ਆਦਿ ਦੇ ਕੁਝ ਸਿਰ ਫਿਰਿਆਂ ਨੇ ਕੀਤੀ ਹੈ, ਉਸ ਤੋਂ ਲੱਗਦਾ ਨਹੀਂ ਕਿ ਭਵਿੱਖ ਵਿੱਚ ਕਦੇ ਕੈਨੇਡਾ ਵਿੱਚ ਕਿਸੇ ਨੂੰ ਦੀਵਾਲੀ ਸਮੇਂ ਪਟਾਖੇ ਚਲਾਉਣ ਦੀ ਅਗਿਆ ਦੁਬਾਰਾ ਮਿਲੇ।