ਲਸੂੜੇ ਦੀ ਗਿਟਕ ਵਾਂਗ ਪੰਜਾਬੀਆਂ ਨਾਲ ਹਰ ਜਗ੍ਹਾ ਪਹੁੰਚੇ ਹਨ ਨਸ਼ੇ

150714 Mandeep Khurmi HimmatpuraArt- Bhukki in southallਪੰਜਾਬੀ ਮਿਹਨਤਕਸ਼ ਹਨ, ਦਰਿਆਵਾਂ ਦੇ ਰੁਖ ਮੋੜਨ ਦੀ ਕਾਬਲੀਅਤ ਰੱਖਦੇ ਹਨ। ਤੂਫਾਨਾਂ ਨੂੰ ਥੰਮ੍ਹ ਦਿੰਦੇ ਹਨ, ਹਰ ਥਾਂ ਬੱਲੇ ਬੱਲੇ ਹੈ ਵਗੈਰਾ ਵਗੈਰਾ ਗੱਲਾਂ ਹੁਣ ਬੀਤੇ ਦੀਆਂ ਬਾਤਾਂ ਬਣਦੀਆਂ ਜਾਪਦੀਆਂ ਹਨ। ਪੰਜਾਬੀਅਤ ਦੀਆਂ ਜੜ੍ਹਾਂ ‘ਚ ਨਸ਼ਿਆਂ ਦੀ ਸਿਉਂਕ ਇਸ ਕਦਰ ਲੱਗ ਗਈ ਹੈ ਕਿ ਕੋਈ ਵੀ ਖੇਤਰ ਅਜਿਹਾ ਨਹੀਂ ਜਾਪਦਾ ਜਿਸ ਵਿੱਚ ਨਸ਼ਿਆਂ ਨੇ ਦਸਤਕ ਨਾ ਦਿੱਤੀ ਹੋਵੇ। ਪੰਜਾਬੀਆਂ ਦੇ ਖ਼ੂਨ ‘ਚ ਰਚੀ ਖੇਡ ਕਬੱਡੀ ਨੂੰ ਹੀ ਜਦ ਨਸ਼ੇ ਨੇ ਕੈਂਚੀਆਂ ਨਿਆਣੇ ਮਾਰ ਲਏ ਹਨ ਫਿਰ ਹੋਰ ਕੋਈ ਗੱਲ ਕਹਿਣ ਨੂੰ ਬਚਦੀ ਹੀ ਨਹੀਂ ਕਿਉਂਕਿ ਜਦੋਂ ਸਿਹਤਮੰਦੀ ਨਾਲ ਜੁੜੀ ਖੇਡ ਹੀ ਨਸ਼ੇ ਦੇ ਅਸਰ ਹੇਠ ਖੇਡੀ ਜਾਵੇ ਉੱਥੇ ਆਮ ਜਨਜੀਵਨ ‘ਚ ਨਸ਼ਿਆਂ ਦੇ ਦਖਲ ਤੋਂ ਮੁਨਕਰ ਕਿਵੇਂ ਹੋਇਆ ਜਾ ਸਕਦਾ ਹੈ? ਬੀਤੇ ਸਮੇਂ ਵਿੱਚ ਸਮੈਕ ਵੱਲੋਂ ਪੰਜਾਬ ਵਿੱਚ ਵੱਡੀ ਪੱਧਰ ‘ਤੇ ਪੈਰ ਪਸਾਰ ਲਏ ਜਾਣ ਦੀ ਸੱਚਾਈ ਸਾਹਮਣੇ ਆਉਣ ‘ਤੇ ਧੜਾਧੜ੍ਹ ਨਸ਼ਾ ਛੁਡਾਊ ਕੇਂਦਰ ਵੀ ਖੋਲ੍ਹ ਦਿੱਤੇ ਗਏ ਜਦੋਂਕਿ ਦੂਜੇ ਪਾਸੇ ਅਜੇ ਵੀ ਵਿਰੋਧੀ ਸਿਆਸੀ ਧਿਰਾਂ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੱਸ ਕੇ ਸੱਚਾਈ ਤੋਂ ਮੂੰਹ ਮੋੜ੍ਹਨ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ। ਨਸ਼ਾ ਛੁਡਾਊ ਕੇਂਦਰਾਂ ਨੇ ਪੰਜਾਬ ਦੇ ਲੋਕਾਂ ਦਾ ਕਿੰਨਾ ਕੁ ਭਲਾ ਕੀਤਾ ਹੈ? ਜਾਂ ਪੰਜਾਬ ਦੇ ਕਿੰਨੇ ਕੁ ਲੋਕ ਨਸ਼ਿਆਂ ਨੂੰ ਤਿਲਾਂਜਲੀ ਦੇ ਗਏ ਹਨ? ਇਸ ਬਾਰੇ ਪੰਜਾਬ ਦੀ ਦਰਤੀ ‘ਤੇ ਵਸਦੇ ਅਤੇ ਪੰਜਾਬ ਨਾਲ ਧੁਰ ਅੰਦਰੋਂ ਜੁੜੇ ਲੋਕ ਵਧੇਰੇ ਜਾਣਦੇ ਹਨ। ਬੇਸ਼ੱਕ ਪਿਛਲੇ ਸਮੇਂ ਵਿੱਚ ਨਸ਼ਾ ਖਾਣ ਵਾਲੇ ਜਾਂ ਛੋਟੇ ਪੱਧਰ ‘ਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਰਕਾਰੀ ਕਾਰਵਾਈ ਕਰ ਕੇ ਇੱਕ ਵਾਰ ਨਸ਼ਿਆਂ ਖਿਲਾਫ ਉੱਠੀ ਆਵਾਜ਼ ਨੂੰ ਠੰਢੇ ਛਿੱਟੇ ਮਾਰ ਕੇ ਸ਼ਾਂਤ ਕਰ ਦਿੱਤਾ ਗਿਆ ਪਰ ਸਵਾਲ ਅਜੇ ਵੀ ਮੂੰਹ ਅੱਡੀ ਖੜ੍ਹੇ ਹਨ ਕਿ ਪੰਜਾਬ ਵਿੱਚ ਨਸ਼ਾ ਆਉਂਦਾ ਕਿੱਥੋਂ ਹੈ ਤੇ ਵੱਡੀਆਂ ਮੱਛੀਆਂ ‘ਤੇ ਜਾਲ ਕੌਣ ਸੁੱਟੇਗਾ?
ਨਸ਼ੇ ਅਤੇ ਪੰਜਾਬੀ ਸ਼ਬਦ ਇੱਕ ਦੂਜੇ ਦੇ ਪੂਰਕ ਬਣਦੇ ਨਜ਼ਰ ਆਉਂਦੇ ਹਨ ਜਦੋਂ ਪੰਜਾਬ ਦੀ ਬਜਾਏ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦੇ ਨਸ਼ਾ ਤਸਕਰੀ ਜਾਂ ਪਾਬੰਦੀਸ਼ੁਦਾ ਨਸ਼ਾ ਵਰਤਣ ਦੀਆਂ ਖ਼ਬਰਾਂ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਦੇਖਦੇ ਹਾਂ। ਜਾਹਿਰ ਹੈ ਕਿ ਪੰਜਾਬੀ ਮੂਲ ਦਾ ਨਸ਼ਾ ਤਸਕਰ ਆਪਣੇ ਮਾਲ ਨੂੰ ਵੇਚਣ ਲਈ ਵੀ ਆਪਣੇ ਭਾਈਚਾਰੇ ਦੇ ਲੋਕਾਂ ਤੱਕ ਹੀ ਪਹਿਲਾਂ ਪਹੁੰਚ ਕਰੇਗਾ। ਇਹ ਗੱਲ ਵੀ ਸੱਚ ਹੈ ਕਿ ਧੋਖਾ ਜਾਂ ਬੇਈਮਾਨੀ ਵੀ ਉਸੇ ਨਾਲ ਹੀ ਕੀਤੀ ਜਾਂਦੀ ਹੈ ਜਿਸਦਾ ਸਾਡੇ ‘ਤੇ ਵਿਸ਼ਵਾਸ਼ ਬੱਝਾ ਹੁੰਦਾ ਹੈ। ਕਿਸੇ ਅਣਜਾਣ ਨੂੰ ਚੁੰਗਲ ਵਿੱਚ ਫਸਾਉਣਾ ਬਹੁਤ ਔਖਾ ਹੁੰਦਾ ਹੈ। ਇੱਕੋ ਝਟਕੇ ਨਾਲ ਧਨਾਢ ਹੋਣ ਦੀ ਕੋਸ਼ਿਸ਼ ਵਿੱਚ ਬੇਸ਼ੱਕ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਇਸ ਨਸ਼ਿਆਂ ਰੂਪੀ ਮੌਤ ਦੇ ਵਪਾਰੀ ਬਣ ਬੈਠੇ ਹਨ ਪਰ ਇਹ ਗੱਲ ਜ਼ਿਹਨ ‘ਚ ਰੱਖਣ ਦੀ ਹਮੇਸ਼ਾ ਲੋੜ ਹੈ ਕਿ ਅੱਗ ਕਦੇ ਵੀ ਆਪਣਾ ਬੇਗਾਨਾ ਨਹੀਂ ਦੇਖਦੀ। ਕਿਸੇ ਦੇ ਪੁੱਤਾਂ ਨੂੰ ਮੌਤ ਦੇ ਰਾਹ ਤੋਰਨ ਵਾਲਿਆਂ ਨਾਲ ਖੁਦ ਵੀ ਭਲੀ ਨਹੀਂ ਹੁੰਦੀ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਵਿਦੇਸ਼ਾਂ ਵਿੱਚ ਆ ਕੇ ਵੀ ਪੰਜਾਬੀਆਂ ਅਤੇ ਨਸ਼ਿਆਂ ਦੀ ”ਸਾਂਝ” ਨੂੰ ਬੜੇ ਫ਼ਖਰ ਨਾਲ ਬਿਆਨਦੇ ਹਾਂ। ਵਿਦੇਸ਼ ‘ਚ ਵਿਚਰਦਿਆਂ ਬੜਾ ਨੇੜਿਉਂ ਹੋ ਕੇ ਵੀ ਦੇਖਿਆ ਹੈ ਕਿ ਕਿਵੇਂ ਇੱਕ ਕੰਮ ਵਾਲਾ ਮਾਲਕ ਆਪਣੇ ਨੌਜਵਾਨ ਕਾਮਿਆਂ ਨੂੰ ਨਸ਼ੇ ਦੀ ਚਾਟ ‘ਤੇ ਲਗਾ ਕੇ ਵੱਧ ਤੇ ਫੁਰਤੀ ਨਾਲ ਕੰਮ ਲੈਣ ਦੀ ਚੇਸ਼ਟਾ ਰੱਖਦਾ ਹੈ। ਇੰਗਲੈਂਡ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕਸਬਾ ਸਾਊਥਾਲ ਵਿਖੇ ਫੇਰੀ ਲਗਾਓਗੇ ਤਾਂ ਸਹਿਜੇ ਹੀ ਅੰਦਾਜ਼ਾ ਲਗਾ ਲਓਗੇ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਪੰਜਾਬ ਹੀ ”ਵਸਾ” ਲੈਂਦੇ ਹਨ। ਉਹ ਗੱਲ ਵੱਖਰੀ ਹੈ ਕਿ ਅਸੀਂ ਆਪਣੀ ਚੰਗਿਆਈਆਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਬਜਾਏ ਆਪਣੀਆਂ ਖੋਟਾਂ ਨੂੰ ਵਧੇਰੇ ਵੱਡੇ ਲਲਕਾਰੇ ਮਾਰ ਮਾਰ ਦੱਸਦੇ ਹਾਂ। ਕਿੰਗ ਸਟਰੀਟ ਲਾਗੇ ਗੋਰਿਆਂ ਦੇ ਕਬਰਿਸਤਾਨ ਵਿੱਚੋਂ ਦੋ ਤਿੰਨ ਪੰਜਾਬੀ ਮੁੰਡੇ ਸ਼ੱਕੀ ਜਿਹੀ ਹਾਲਤ ‘ਚ ਨਿੱਕਲੇ ਦੇਖੇ ਤਾਂ ਮੈਂ ਤੇ ਮੇਰਾ ਇੱਕ ਦੋਸਤ ਉਸ ਜਗ੍ਹਾ ਪਹੁੰਚ ਗਏ ਜਿੱਥੇ ਉਹ ਲੁਕ ਕੇ ਬੈਠੇ ਸਨ। ਦਿਲ ਮੁੱਠੀ ‘ਚ ਆ ਗਿਆ ਸੀ ਜਦੋਂ ਉਸ ਜਗ੍ਹਾ ਨਸ਼ੇ ਵਾਲੇ ਟੀਕੇ ਲਾਉਣ ਵਾਲਾ ਸਮਾਨ, ਸਮੈਕ ਸੁੰਘਣ ਵਾਲੇ ਚਮਚਾ ਰੂਪੀ ਸਮਾਨ ਅਤੇ ਪੰਜਾਬ ਵਿੱਚ ਅਮਲੀਆਂ ਵੱਲੋਂ ਖਾਧੇ ਜਾਂਦੇ ਮੈਡੀਕਲ ਕੈਪਸੂਲਾਂ ਦੇ ਖਾਲੀ ਪੱਤੇ ਇੰਗਲੈਂਡ ਦੀ ਧਰਤੀ ?ਤੇ ਦੇਖੇ ਸਨ। ਇਹਨੀਂ ਦਿਨੀਂ ਹੀ ਮੈਂ ਕੁਝ ਦਿਨ ਇੱਕ ਘਰ ਵਿੱਚ ਪੰਜਾਬੀ ਮੁੰਡਿਆਂ ਨਾਲ ਠਹਿਰ ਕੀਤੀ ਸੀ ਤੇ ਉਹਨਾਂ ਮੁੰਡਿਆਂ ਵਿੱਚੋਂ ਹੀ ਇੱਕ ਦੀ ਫੋਟੋ ਬੀਤੇ ਦਿਨੀਂ ਇੰਗਲੈਂਡ ਦੇ ਅਖ਼ਬਾਰਾਂ ‘ਚ ਨਸ਼ਾ ਤਸਕਰ ਵਜੋਂ ਲੱਗੀ ਦੇਖਕੇ ਹੁਣ ਖਾਸ ਹੈਰਾਨੀ ਨਹੀਂ ਸੀ ਹੋਈ। ਕਿਉਂਕਿ ਹੁਣ ਸਾਡੇ ਆਪਣਿਆਂ ਦੀਆਂ ਕਰਤੂਤਾਂ ਕਰਕੇ ਇੰਗਲੈਂਡ ਵੀ ਸਚਮੁੱਚ ਆਪਣੇ ਪਿਆਰੇ ਪੰਜਾਬ ਵਰਗਾ ਲੱਗਣ ਲੱਗ ਗਿਆ ਹੈ। ਇੱਕ ਤਸਵੀਰ ਆਪ ਸਭ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਇਹ ਰਾਜਸਥਾਨ ਦੇ ਕਿਸੇ ਡੋਡਿਆਂ ਦੇ ਠੇਕੇ ਦੀ ਨਹੀਂ ਹੈ ਸਗੋਂ ਸਾਊਥਾਲ ਦੀ ਧੁੰਨੀ ਸਮਝੀ ਜਾਂਦੀ ਜਰਨੈਲੀ ਸੜਕ ਦੇ ਕੋਲ ਦੀ ਹੈ। ਤਸਵੀਰ ਦੀ ਇਬਾਰਤ ਇਹ ਦੱਸਣ ਲਈ ਕਾਫ਼ੀ ਹੈ ਕਿ ਇਬਾਰਤ ਲਿਖਣ ਵਾਲਾ ਵੀ ਪੰਜਾਬੀ, ਦੁਕਾਨਦਾਰ ਵੀ ਪੰਜਾਬੀ, ਪੜ੍ਹਨ ਵਾਲੇ ਵੀ ਪੰਜਾਬੀ ਤੇ ਪੜ੍ਹ ਕੇ ਡੋਡੇ ਖਰੀਦਣ ਵਾਲੇ ਵੀ ਪੰਜਾਬੀ। ਬੇਸ਼ੱਕ ਦੁਕਾਨਦਾਰਾਂ ਵੱਲੋਂ ਸ਼ਰੇਆਮ ਪ੍ਰਚਾਰ ਕੇ ਵੇਚੇ ਜਾਂਦੇ ਡੋਡਿਆਂ ਨੂੰ ਵੇਚਣ ਲਈ ਖਾਸ ਘੁੰਡੀ ਆਪਣੇ ਕੋਲ ਰੱਖੀ ਗਈ ਹੈ ਤਾਂ ਕਿ ਕਾਨੂੰਨੀ ਵਲਗਣ ਤੋਂ ਬਚਿਆ ਜਾ ਸਕੇ ਪਰ ਇਹ ਗੱਲ ਖਾਸ ਧਿਆਨ ਮੰਗਦੀ ਹੈ ਕਿ ਪੰਜਾਬੀ ਜਿਸ ਪਾਸੇ ਵੱਲ ਨੂੰ ਵੀ ਜਾਂਦੇ ਹਨ, ਨਸ਼ੇ ਲਸੂੜੇ ਦੀ ਗਿਟਕ ਵਾਂਗ ਇਹਨਾਂ ਦੇ ਨਾਲ ਚਿੰਬੜੇ ਉੱਧਰ ਨੂੰ ਆਪਣੇ ਆਪ ਹੀ ਪਹੁੰਚ ਜਾਂਦੇ ਹਨ। ਸਾਡੇ ਭਾਈਚਾਰੇ ਦੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੂੰ ਵੀ ਇਸ ਗੱਲ ‘ਤੇ ਗੰਭੀਰ ਹੋ ਕੇ ਸੋਚਣਾ ਪਵੇਗਾ ਕਿ ਪੰਜਾਬ ਮਾਰਕਾ ਨਸ਼ੇ ਵਿਦੇਸ਼ਾਂ ਦੀ ਧਰਤੀ ‘ਤੇ ਪਹੁੰਚਦੇ ਕਿਵੇਂ ਹਨ? ਜਦੋਂ ਇਹਨਾਂ ਦੀ ਤਸਕਰੀ ਦੇ ਮਾਮਲੇ ‘ਚ ਕਾਰਵਾਈ ਹੁੰਦੀ ਹੈ ਤਾਂ ਪੰਜਾਬੀਆਂ ਦੀ ਬੱਲੇ ਬੱਲੇ ?ਚ ਅਸੀਂ ਸਭ ਪੰਜਾਬੀ ਹੀ ਹਾਸ਼ੀਏ ‘ਤੇ ਆ ਜਾਂਦੇ ਹਾਂ।

Install Punjabi Akhbar App

Install
×