ਨਿਊਜ਼ੀਲੈਂਡ ਦੇ ਵਿਚ ਪੜ੍ਹਾਈ ਦੇ ਨਾਲ-ਨਾਲ ਆਪਣੀ ਮਿਹਨਤ ਅਤੇ ਮੁਸ਼ੱਕਤ ਦੀ ਕਮਾਈ ਕਰਨ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਦੇ ਵਿਚ ਡਾਹਡੀਆਂ ਪ੍ਰੇਸ਼ਾਨੀਆਂ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਕੱਲ੍ਹ ਇਥੇ ਦੀ ਇਕ ਕਾਰ ਵਿਕ੍ਰੇਤਾ ਕੰਪਨੀ ‘ਟੂ ਚੀਪ ਕਾਰਜ਼’ ਦੇ ਮਾਲਕਾਂ ਵੱਲੋਂ ਕਾਰਾਂ ਦੀ ਗਰੂਮਿੰਗ (ਅੰਦਰੋ ਬਾਹਰੋਂ ਸਫਾਈ ਤੇ ਸਜਾਵਟ) ਕਰ ਰਹੇ ਕੁਝ ਪੰਜਾਬੀ ਮੁੰਡਿਆਂ ਨੂੰ ਜਦੋਂ ਬਿਨਾਂ ਕੋਈ ਠੋਸ ਕਾਰਨ ਕੰਮ ਤੋਂ ਕੱਢਿਆ ਜਾਣ ਲੱਗਾ ਤਾਂ ਬਾਕੀ 24-25 ਹੋਰ ਮੁੰਡਿਆਂ ਨੇ ਵੀ ਏਕਾ ਵਿਖਾਉਂਦਿਆਂ ਇਕੱਠਿਆਂ ਨੌਕਰੀ ਛੱਡਣ ਦਾ ਐਲਾਨ ਕਰ ਦਿੱਤਾ। ਅੱਜ ਇਨ੍ਹਾਂ ਮੁੰਡਿਆਂ ਨੇ ਈਸਟ ਟਮਾਕੀ ਖੇਤਰ ਵਿਖੇ ਸਥਿਤ ਕੰਪਨੀ ਦੇ ਮੁੱਖ ਕਾਰ ਯਾਰਡ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ ਕਰਦਿਆਂ ਕੰਪਨੀ ਉਤੇ ਕਈ ਤਰ੍ਹਾਂ ਦੇ ਦੋਸ਼ ਲਾਏ ਅਤੇ ਇਥੇ ਦੇ ਰਾਸ਼ਟਰੀ ਮੀਡੀਆ ਨੂੰ ਵੀ ਬੁਲਾਇਆ ਗਿਆ। ਇਸ ਤੋਂ ਪਹਿਲਾਂ ਇਹ ਮੁੰਡੇ ਇਥੇ ਦੀ ਇਕ ਨਾਮੀ ਯੂਨੀਅਨ ‘ਈ. ਪੀ. ਐਮ.ਯੂ’ ਦੇ ਸੰਪਰਕ ਵਿਚ ਆਏ ਅਤੇ ਉਨ੍ਹਾਂ ਨੇ ਇਨ੍ਹਾਂ ਮੁੰਡਿਆਂ ਦੇ ਅੱਜ ਦੇ ਰੋਸ ਪ੍ਰਦਰਸ਼ਨ ਵਿਚ ਪੂਰਾ ਸਾਥ ਦਿੱਤਾ ਤੇ ਸਾਰੀ ਪ੍ਰੇਸ਼ਾਨੀ ਨੂੰ ਸਮਝਿਆ। ਮੀਡੀਆ ਨੂੰ ਜਾਰੀ ਅਤੇ ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਕੁਝ ਪੰਜਾਬੀ ਮੁੰਡਿਆਂ ਨੇ ਦੱਸਿਆ ਕਿ ਕੰਪਨੀ ਦੇ ਮਾਲਕ ਉਨ੍ਹਾਂ ਨੂੰ ਬੁਰਾ-ਭਲਾ ਕਹਿੰਦੇ ਰਹਿੰਦੇ ਸਨ, ਪਰ ਉਹ ਕੰਮ ਮਿਲਿਆ ਹੋਣ ਕਰਕੇ ਕੁਝ ਹੱਦ ਤੱਕ ਕਾਫੀ ਸਮੇਂ ਤੋਂ ਸਹਿਣ ਕਰ ਰਹੇ ਸਨ ਪਰ ਅੱਤ ਉਦੋਂ ਹੋ ਗਈ ਜਦੋਂ ਉਹ ‘ਇੰਡੀਅਨ ਮਦਰ…..ਫ…’ ਤੱਕ ਕਹਿਣ ਲੱਗ ਪਏ। ਇਸ ਤੋਂ ਇਲਾਵਾ ਉਨ੍ਹਾਂ ਦੇ ਲਈ ਸਫਾਈ ਵਾਸਤੇ ਕੋਈ ਸੇਫਟੀ ਦਸਤਾਨੇ, ਮਾਸਕ, ਨਾ ਫਸਟ ਏਡ ਅਤੇ ਹੋਰ ਕੋਈ ਸਮਾਨ ਉਪਲਬਧ ਨਹੀਂ ਸੀ ਕਰਵਾਇਆ ਜਾਂਦਾ। ਇਨ੍ਹਾਂ ਮੁੰਡਿਆ ਦੀ ਰੋਸਟਰ ਡਿਊਟੀ ਸਵੇਰੇ 8 ਤੋਂ ਸ਼ਾਮ 6 ਤੱਕ ਹੁੰਦੀ ਸੀ, ਪਰ ਉਨ੍ਹਾਂ ਨੂੰ ਸਵੇਰੇ 7 ਵਜੇ ਬੁਲਾ ਕੇ 9 ਵਜੇ ਤੱਕ ਕੰਮ ਕਰਵਾਉਂਦੇ ਸਨ ਪਰ ਕਦੀ ਵੀ ਲੱਗੇ ਘੰਟਿਆਂ ਦੇ ਹਿਸਾਬ ਨਾਲ ਮਿਹਨਤਾਨਾ ਨਹੀਂ ਸਨ ਦਿੰਦੇ। ਇਨ੍ਹਾਂ ਮੁੰਡਿਆਂ ਨੇ ਪਹਿਲਾਂ ਕੋਈ ਯੂਨੀਅਨ ਨਾਲ ਸਾਂਝ ਨਹੀਂ ਸੀ ਰੱਖੀ ਹੋਈ ਅਤੇ ਨਾ ਹੀ ਇਸ ਬਾਰੇ ਸੋਚਿਆ ਸੀ, ਪਰ ਹੁਣ ਪਈ ਪ੍ਰੇਸ਼ਾਨੀ ਕਰਕੇ ਯੂਨੀਅਨ ਦਾ ਸਾਥ ਲਿਆ ਹੈ। ਯੂਨੀਅਨ ਦੇ ਅਧਿਕਾਰੀਆਂ ਨੇ ਜਿੱਥੇ ਮਾਲਕਾਂ ਨਾਲ ਗੱਲਬਾਤ ਕੀਤੀ ਹੈ ਉਥੇ ‘ਵਰਕ ਸੇਫ’ ਅਤੇ ‘ਹਿਊਮਨ ਰਾਈਟਸ ਕਮਿਸ਼ਨ’ ਦੇ ਨਾਲ ਵੀ ਗੱਲਬਾਤ ਕੀਤੀ ਹੈ।
ਉਧਰ ਕਾਰ ਦੇ ਚੀਫ. ਐਗਜ਼ੀਕਿਊਟਿਵ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕਿਹਾ ਹੈ ਕਿ ਸਾਰੇ ਗਰੂਮਰਜ਼ (ਕਾਰ ਸਫਾਈ ਦਲ) ਵੱਲੋਂ ਲਗਾਏ ਦੋਸ਼ ਗਲਤ ਹਨ।