
ਬੀਤੇ ਦਿਨੀਂ, ਮਾਰਚ 6, 2021 ਨੂੰ, ਨਿਊਜ਼ੀਲੈਂਡ ਦੇ ਪੂਰਬੀ ਔਕਲੈਂਡ ਵਿਚਲੇ ਸਬਅਰਬ, ਫਲੈਟ ਬੁਸ਼ ਖੇਤਰ ਵਿੱਚ ਬੈਰੀ ਕਰਟੀਜ਼ ਦੇ ਕਾਰ ਪਾਰਕਿੰਗ ਅੰਦਰ, ਪੁਲਿਸ ਨੂੰ ਇੱਕ ਸੜੀ ਹੋਈ ਸਿਲਵਰ ਮਾਜ਼ਦਾ ਕਾਰ ਮਿਲੀ ਸੀ ਜਿਸ ਵਿੱਚ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਸੀ ਜੋ ਕਿ ਬੁਰੀ ਤਰ੍ਹਾਂ ਸੜ੍ਹ ਚੁਕੀ ਸੀ ਅਤੇ ਹੁਣ ਉਸ ਦੀ ਸ਼ਨਾਖ਼ਤ ਪੁਲਿਸ ਵੱਲੋਂ ਪੰਜਾਬ ਦੇ ਸੰਗਰੂਰ ਤੋਂ ਇੱਕ 26 ਨੌਜਵਾਨ ਕੁਨਾਲ ਖੈੜਾ ਵੱਜੋਂ ਹੋਈ ਹੈ ਜੋ ਕਿ ਮਾਨੂਕਾਉ ਵਿਖੇ ਰਹਿੰਦਾ ਸੀ ਅਤੇ ਨਿਊਜ਼ੀਲੈਂਡ ਆਪਣੀ ਪੜ੍ਹਾਈ ਕਰਨ ਲਈ ਆਇਆ ਸੀ।
ਬੇਸ਼ੱਕ ਬੀਤੇ ਦਿਨ, ਸੋਮਵਾਰ ਮਾਰਚ 8, 2021 ਨੂੰ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਹੋ ਚੁਕਿਆ ਹੈ ਪਰੰਤੂ ਪੁਲਿਸ ਵੱਲੋਂ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਹਾਲ ਦੀ ਘੜੀ ਪੁਲਿਸ ਵੀ ਉਲਝੀ ਹੋਈ ਦਿਖਾਈ ਦਿੰਦੀ ਹੈ ਕਿ ਆਖਿਰ ਇਸ ਦੁਰਘਟਨਾ ਦੀ ਅਸਲ ਵਜ੍ਹਾ ਕੀ ਸੀ ਅਤੇ ਇੰਨੀ ਭਿਆਨਕ ਦੁਰਘਟਨਾ ਦੇ ਵਾਪਰਨ ਪਿੱਛੇ ਅਸਲ ਕਾਰਨ ਕੀ ਸੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।
ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਦੇ ਸੰਗਰੂਰ ਵਿੱਚ ਰਹਿੰਦੇ ਉਕਤ ਮ੍ਰਿਤਕ ਨੌਜਵਾਨ ਦੇ ਬਾਕੀ ਪਰਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਚੁਕਿਆ ਹੈ ਅਤੇ ਪੂਰਨ ਦੁੱਖ ਜਤਾਉਂਦਿਆਂ ਕਾਊਂਟੀਜ਼ ਮਾਨੂਕਾਉ ਤੋਂ ਸੀਨੀਅਰ ਡਿਟੈਕਟਿਵ ਸਾਰਜੈਂਟ ਨਟਾਲੀ ਨੈਲਸਨ ਨੇ ਕਿਹਾ ਕਿ ਸਾਨੂੰ ਪੂਰਾ ਦੁੱਖ ਹੈ ਕਿ ਅਜਿਹੀ ਘਟਨਾ ਵਾਪਰ ਚੁਕੀ ਹੈ ਅਤੇ ਅਸੀਂ ਪਰਵਾਰ ਦੇ ਦੁੱਖ ਵਿੱਚ ਵੀ ਸ਼ਾਮਿਲ ਹਾਂ ਅਤੇ ਘਟਨਾ ਦੀ ਜਾਂਚ ਦੇ ਨਾਲ ਨਾਲ, ਉਨ੍ਹਾਂ ਦੀ ਪੂਰੀ ਪੂਰੀ ਮਦਦ ਵੀ ਕੀਤੀ ਜਾ ਰਹੀ ਹੈ।
ਸਥਾਨਕ ਲੋਕਾਂ ਨੇ, ਜੋ ਕਿ ਉਕਤ ਪਾਰਕ ਅੰਦਰ ਸੈਰ ਕਰਨ, ਜਾਗਿੰਗ ਕਰਨ, ਅਤੇ ਹੋਰ ਇਸੇ ਤਰ੍ਹਾਂ ਦੇ ਕੰਮਾਂ ਲਈ ਹਰ ਰੋਜ਼ ਹੀ ਆਉਂਦੇ ਹਨ, ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜਿਹੀ ਜਨਤਕ ਥਾਂ ਉਪਰ ਜਿੱਥੇ ਕਿ ਲੋਕਾਂ ਦਾ ਆਣਾ-ਜਾਣਾ ਲੱਗਿਆ ਹੀ ਰਹਿੰਦਾ ਹੈ, ਉਥੇ ਅਜਿਹੀ ਘਟਨਾ ਵਾਪਰ ਗਈ ਅਤੇ ਕਿਸੇ ਨੂੰ ਪਤਾ ਤੱਕ ਵੀ ਨੀ ਲੱਗਿਆ।