ਸਾਈਪ੍ਰਸ ‘ਚ ਪੰਜਾਬੀ ਪਾੜ੍ਹਿਆਂ ਦੇ ਹਾਲਾਤ ਤਰਸਯੋਗ

ਸਰਕਾਰਾਂ ਨੂੰ ਮਦਦ ਦੀ ਗੁਹਾਰ

(ਬ੍ਰਿਸਬੇਨ 26 ਜੂਨ) ਸਮੁੱਚੇ ਵਿਸ਼ਵ ਵਿੱਚ ਕਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਜਿੱਥੇ ਅਨੇਕਾਂ ਦੇਸ਼ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੋਏ ਹਨ ਅਤੇ ਲੋਕ ਨੌਕਰੀਆਂ ਤੋਂ ਵਾਂਝੇ ਹੋਏ ਹਨ। ਉੱਥੇ ਬਹੁਤੇ ਮੁਲਕਾਂ ‘ਚ ਪੰਜਾਬੀ ਪਾੜ੍ਹਿਆਂ ਦੇ ਹਾਲਾਤ ਲਗਾਤਾਰ ਤਰਸਯੋਗ ਬਣਦੇ ਜਾ ਰਹੇ ਹਨ। ਇੰਗਲੈਂਡ ਤੋਂ ਬਾਅਦ ਹੁਣ ਸਾਈਪ੍ਰਸ ‘ਚ ਵੀ ਪੰਜਾਬੀ ਪਾੜ੍ਹਿਆਂ ਨੇ ਇਸ ਬਿਪਤਾ ਦੇ ਚੱਲਦਿਆਂ ਸੰਬੰਧਿਤ ਸਰਕਾਰਾਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਇਹ ਪ੍ਰਗਟਾਵਾ ਪੰਜਾਬੋਂ ਸਾਈਪ੍ਰਸ ਪੜਨ ਗਏ ਸੁੱਖ ਰਾਏ ਅਤੇ ਉਹਨਾਂ ਦੇ ਪੀੜਤ ਸਾਥੀਆਂ ਨੇ ਕੀਤਾ ਹੈ ਜੋ ਪਿਛਲੇ ਦੋ-ਤਿੰਨ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉੱਧਰ ਸਾਈਪ੍ਰਸ ਦੀ ਸਰਕਾਰ ਦਾ ਕਹਿਣਾ ਹੈ ਕਿ ਅਗਰ ਪਾੜ੍ਹਿਆਂ ਕੋਲ ਖ਼ਰਚਾ ਨਹੀਂ ਹੈ ਤਾਂ ਉਹ ਆਪਣੇ ਦੇਸ਼ ਵਾਪਿਸ ਜਾ ਸਕਦੇ ਹਨ। ਪਰ ਪਾੜ੍ਹਿਆਂ ਦਾ ਕਹਿਣਾ ਹੈ ਕਿ ਪੈਸੇ ਦੀ ਕਿੱਲਤ ਕਾਰਨ ਅਜਿਹਾ ਕਰਨਾ ਹੁਣ ਸੰਭਵ ਨਹੀਂ ਹੈ। ਪਾੜ੍ਹਿਆਂ ਨੇ ਇਸ ਤ੍ਰਾਸਦੀ ‘ਚ ਇੱਥੇ ਭਾਰਤੀ ਹਾਈ ਕਮਿਸ਼ਨ ਦੀ ਬੇਰੁਖੀ ‘ਤੇ ਵੀ ਚਿੰਤਾ ਜਤਾਈ ਹੈ।

ਪੀੜਤ ਵਿਦਿਆਰਥੀਆਂ ਅਤੇ ਵਰਕ ਪਰਮਿਟ ਹੋਲਡਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਦੇਸ਼ ਵਿੱਚ ਹੁਣ ਤੱਕ ਦਾ ਤਜਰਬਾ ਸਹੀ ਨਹੀਂ ਰਿਹਾ ਹੈ ਅਤੇ ਸਾਨੂੰ ਘੱਟ ਪੈਸਿਆਂ ‘ਤੇ ਵੱਧ ਕੰਮ, ਨਸਲਵਾਦ, ਸ਼ੋਸ਼ਣ ਆਦਿ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਹਨਾਂ ਬਾਬਤ ਸ਼ਕਾਇਤਾਂ ਦਰਜ਼ ਕਰਨ ਤੇ ਵੀ ਸੁਣਵਾਈ ਨਾਮਾਤਰ ਹੀ ਹੈ। ਪਾੜ੍ਹਿਆਂ ਦਾ ਕਹਿਣਾ ਹੈ ਕਿ ਕੋਵਿਡ -19 ਪਬੰਦੀਆਂ ਦੇ ਚੱਲਦਿਆਂ ਮਾਰਚ ਮਹੀਨੇ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਕੰਮਾਂ ਤੋਂ ਵਿਹਲੇ ਹਨ। ਪੈਸੇ ਦੀ ਤੋਟ ਕਾਰਨ ਬਹੁਤੇ ਪਾੜ੍ਹੇ ਸਮੁੰਦਰੀ ਬੀਚਾਂ ਅਤੇ ਗਿਰਜਾ-ਘਰਾਂ ‘ਚ ਦਿੱਨ ਕਟੀ ਕਰ ਰਹੇ ਹਨ। ਇਸ ਸਮੇਂ ਬਹੁਤੇ ਮੁੰਡੇ/ਕੁੜੀਆਂ ਵਤਨੋਂ ਪੈਸੇ ਮੰਗਵਾ ਕਿ ਗੁਜ਼ਾਰਾ ਕਰ ਰਹੇ ਹਨ। ਪਬੰਦੀਆਂ ਦੀ ਉਲੰਘਣਾ ਕਰਕੇ ਕੰਮ ਕਰਦਿਆਂ ‘ਤੇ ਮੋਟੇ ਜੁਰਮਾਨੇ ਲਗਾਉਣਾ ਆਮ ਵਰਤਾਰਾ ਹੋ ਗਿਆ ਹੈ। ਤਕਰੀਬਨ 200 ਤੋਂ ਵੱਧ ਪੰਜਾਬੀ ਮੁੰਡੇ/ਕੁੜੀਆਂ ਦਾ ਕਹਿਣਾ ਹੈ ਕਿ ਉਹਨਾਂ ਤਾਂ ਚੰਗੇ ਭਵਿੱਖ ਲਈ ਪਰਵਾਸ ਦਾ ਅੱਕ ਚੱਬਿਆ ਸੀ ਪਰ ਹੁਣ ਸਰਕਾਰੀ ਲਾਰਿਆਂ ਦੇ ਚੱਲਦਿਆਂ ਆਸ ਟੁੱਟਦੀ ਨਜ਼ਰ ਆ ਰਹੀ ਹੈ। ਪੀੜਤਾਂ ਨੇ ਅਧਿਕਾਰੀਆਂ ਤੋਂ ਆਪਣੀ ਵਤਨ ਵਾਪਸੀ ਜਾਂ ਇੱਥੇ ਫੌਰੀ ਮਦਦ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਨੇ ਖ਼ਾਲਸਾ ਏਡ ਸੰਸਥਾ ਦਾ ਭੋਜਨ ਵਿਵਸਥਾ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ। ਗੌਰਤਲਬ ਹੈ ਕਿ ਸਾਈਪ੍ਰਸ ਵਿੱਚ ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਪਾੜ੍ਹਿਆਂ ਦੀ ਗਰੁੱਪਬਾਜੀ ‘ਚ ਹੋਈਆਂ ਖੂਨੀ-ਝੜਪਾਂ ਨੇ ਸਾਡੇ ਭਾਈਚਾਰੇ ਦੀ ਸਾਰਥਿਕਤਾ ਉੱਪਰ ਗੰਭੀਰ ਸਵਾਲੀਆ ਚਿੰਨ੍ਹ ਲਗਾਏ ਹਨ। 

Install Punjabi Akhbar App

Install
×