ਰੌਂਗ ਟਰੈਕ ਰਾਹੀਂ ਰਾਈਟ ਟਰੈਕ ਦਾ ਹੋਕਰਾ ਦੇਣ ਵਾਲਾ – ਜੀਤ ਭਿੰਦਰ  

jeet bhinmder

ਜੀਤ ਭਿੰਦਰ ਨੂੰ ਮੈਂ ਉਸ ਸਮੇਂ ਤੋਂ ਜਾਣਦਾ ਹਾਂ, ਜਦੋਂ ਉਹ ਗਿੱਦੜਬਾਹੇ ਵਾਲਾ ਭਿੰਦਾ ਹੁੰਦਾ ਸੀ | ਜੀਤ ਭਿੰਦਰ ਦਾ ਜਨਮ 1987 ਵਿਚ ਪੰਜਾਬ ਦੇ ਸਿਰਕੱਢ ਕਸਬੇ ਗਿੱਦੜਬਾਹਾ ਵਿਖੇ ਸਵਰਗੀ ਸਰਦਾਰ ਦਰਸ਼ਨ ਸਿੰਘ ਦੇ ਘਰ ਮਾਤਾ ਗੁਰਵਿੰਦਰ ਕੌਰ ਦੀ ਕੁੱਖੋਂ ਹੋਇਆ | ਡੀ.ਏ.ਵੀ ਸਕੂਲ ਤੋਂ ਕਾਲਿਜ ਰਾਹੀਂ ਉਹ ਪੰਜਾਬੀ ਯੂਨੀਵਰਸੀਟੀ ਪਟਿਆਲਾ ਵਿਖੇ ਸੰਗੀਤ ਦੀ ਐਮ.ਏ ਕਰਨ 2009 ਵਿਚ ਆਇਆ ਸੀ | ਮੈਂ ਉਹਨਾਂ ਦਿਨਾਂ ਵਿਚ ਲੋਕ ਪ੍ਰਸਾਸ਼ਨ ਦੀ ਐਮ. ਏ ਯੂਨੀਵਰਸਿਟੀ ਕਰ ਰਿਹਾ ਸੀ ਤੇ ਭਾਈ ਵੀਰ ਸਿੰਘ ਹੋਸਟਲ ਸਾਡਾ ਟਿਕਾਣਾ ਸੀ | ਕੁਦਰਤੀ ਸੰਗੀਤ ਵਾਲਿਆਂ ਦੇ ਕਮਰੇ ਸਾਡੇ ਕਮਰਿਆਂ ਦੇ ਨਾਲ ਸਨ | ਜਿਸ ਕਰਕੇ ਹਰਮੋਨੀਅਮ ,ਤਬਲਾ ਤੇ ਗਿਟਾਰ ਸਾਡੀ ਸਵੇਰ ਤੇ ਸ਼ਾਮ ਨੂੰ ਸੁਨਹਿਰੀ ਕਰਦੇ ਰਹਿੰਦੇ ਸਨ | ਪਰ ਉਹਨਾਂ ਸਾਰਿਆਂ ਵਿਚ ਇੱਕ ਭਿੰਦੇ ਗਿੱਦੜਬਾਹੇ ਦਾ ਵੱਖਰਾ ਰੂਪ ਸੀ | ਉਹ ਕਲਾਸੀਕਲ ਨਾਲੋਂ ਫੋਕ ਤੇ ਪੰਜਾਬੀ ਪੁਰਾਤਨ ਪੇਂਡੂ ਗਾਇਕੀ ਦਾ ਉਸਤਾਦ ਸੀ | ਇਹੀ ਕਾਰਨ ਸੀ ,ਉਸਦੇ ਨਾਲ ਸਭ ਦਾ ਮੋਹ ਛੇਤੀ ਪੈ ਗਿਆ | ਸਾਰੇ ਉਸਦੀ ਗਾਇਕੀ ਨੂੰ ਨੂੰ ਪਸੰਦ ਕਰਨ ਦੇ ਨਾਲ ਮੋਹ ਵੀ ਕਰਨ ਲੱਗੇ | ਪਰ ਇਸੇ ਦੌਰਾਨ ਹੀ ਜੀਤ ਭਿੰਦਰ ਦੇ ਪਿਤਾ ਜੀ ਦਰਸ਼ਨ ਸਿੰਘ ਦਾ ਦੇਹਾਂਤ ਹੋ ਜਾਂਦਾ ਹੈ | ਘਰ ਦੀ ਕਬੀਲਦਾਰੀ ਉਸਦੀ ਗਾਇਕੀ ਉੱਪਰ ਭਾਰੀ ਪੈਣੀ ਸ਼ੁਰੂ ਹੋ ਜਾਂਦੀ ਹੈ | ਪਰ ਉਸਦਾ ਗਾਇਕੀ ਨਾਲ ਮੋਹ ਪਿੱਛੇ ਨਹੀਂ ਪੈਂਦਾ |

ਇਸ ਦੌਰਾਨ ਜੀਤ ਭਿੰਦਰ ਬਿਜਲੀ ਬੋਰਡ ਵਿਚ ਮੁਲਾਜ਼ਮ ਹੋ ਜਾਂਦਾ ਹੈ | ਉਸਦੇ ਸੁਪਨੇ ਕੁਝ ਸਮੇਂ ਲਈ ਪਿੱਛੇ ਪੈ ਜਾਂਦੇ ਹਨ | ਪਰ ਮੈਂ ਸਮਝਦਾ ਹਾਂ ਇਹਨਾਂ ਪਿੱਛੇ ਪਏ ਸੁਪਨਿਆਂ ਨੇ ਭਿੰਦਰ ਨੂੰ ਇੱਕ ਸੋਚ ਵੀ ਦਿੱਤੀ | ਜਿਸ ਵਿਚੋਂ ਅੱਜ ਦਾ ਜੀਤ ਭਿੰਦਰ ਸਾਡੇ ਸਾਹਮਣੇ ਹੈ | ਇਸ ਮੌਕੇ ਮਿੰਟੂ ਗੁਰੂਸਰੀਏ ਵਰਗੇ ਸੋਚਵਾਨ ਇਨਸਾਨ ਬਤੌਰ ਲੇਖਕ ਉਸਦੇ ਪਿੱਛੇ ਹਨ | ਮੈਂ ਸਮਝਦਾ ਜੇ ਜੀਤ ਭਿੰਦਰ ਨੂੰ ਵਕਤ ਦੇ ਥਪੇੜੇ ਨਾ ਪਏ ਹੁੰਦੇ ਤਾਂ ਉਸਦੀ ਗਾਇਕੀ ਹੋਰ ਹੋਣੀ ਸੀ | ਉਹ ਵੀ ਉਸੇ ਕਾਫਲੇ ਦਾ ਮੈਂਬਰ ਹੋਣਾ ਸੀ | ਜਿਹਨਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਅੱਜ ਦੇ ਪੰਜਾਬ ਦੀ ਹੋਣੀ ਦਾ ਕਾਰਨ ਮੰਨਦੇ ਹਨ | ਮਿੰਟੂ ਗੁਰੂਸਰੀਏ ਦੀ ਕਲਮ ਦਾ ਲਿਖਿਆ ਗੀਤ ਰੌਂਗ ਟਰੈਕ ਉਸਦਾ ਇਸੇ ਸਿਲਸਿਲੇ ਦਾ ਦੂਸਰਾ ਗੀਤ ਹੈ | ਜੋ ਲੋਕਾਂ ਨੂੰ ਸੇਧ ਹੀ ਨਹੀਂ ਦਿੰਦਾ ਸਗੋਂ ਪੰਜਾਬ ਦੇ ਪਿਛਲੇ ਪੰਦਰਾਂ ਸਾਲਾਂ ਦੌਰਾਨ ਪੈਦਾ ਗੈਂਗਵਾਦ ਦੇ ਕਾਰਨਾਂ ਦੀ ਮੋਟੀ ਪੜਚੋਲ ਵੀ ਕਰਦਾ ਹੈ | ਜੀਤ ਭਿੰਦਰ ਦੀ ਗਾਇਕੀ ਤੋਂ ਮੈਂ ਮਹਿਸੂਸ ਕਰਦਾ ਹਾਂ ਕਿ ਉਹ ਤੁਰ ਚਾਹੇ ਹੌਲੀ ਰਿਹਾ ਹੈ | ਪਰ ਅਜਿਹੇ ਸਾਰਥਿਕ ਗੀਤਾਂ ਰਾਹੀਂ ਉਹ ਆਪਣਾ ਅਜਿਹਾ ਮੁਕਾਮ ਜਰੂਰ ਬਣਾਵੇਗਾ | ਜਿਸਦਾ ਉਹ ਸਦਾ ਤੋਂ ਹੱਕਦਾਰ ਰਿਹਾ ਹੈ |

(ਤਰਨਦੀਪ ਬਿਲਾਸਪੁਰ)

kiwipunjab@gmail.com

Install Punjabi Akhbar App

Install
×