ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਬੀਤੇ ਦਿਨੀਂ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਪੰਜਾਬੀ ਕਵੀ ਦਰਬਾਰ ਪ੍ਰੋਗਰਾਮ ‘ਕਾਵਿ ਕਰੂੰਬਲਾਂ 3’ ਕਰਵਾਇਆ ਗਿਆ । ਇਸ ਵਿੱਚ ਪਰਥ ਦੇ ਉੱਭਰ ਰਹੇ ਨੌਜਵਾਨ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਨੂੰ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਬੀਬੀ ਰਮੋਨਾ ਜੀ ਨੇ ਲੋਕ ਗੀਤ ਗਾ ਕੇ ਕੀਤੀ।
ਇਸ ਦੌਰਾਨ ਹਰਮੋਨੀਅਮ ਤੇ ਦਲਜੀਤ ਸਿੰਘ ਅਤੇ ਤਬਲੇ ਤੇ ਬੀਬੀ ਹਰਿੰਦਰ ਕੌਰ ਜੀ ਨੇ ਇਨ੍ਹਾਂ ਦਾ ਸਾਥ ਦਿੱਤਾ । ਪਰਥ ਦੀ ਕਵਿੱਤਰੀ ਕਿਰਨਬੀਰ ਕੌਰ ਨੇ ਆਪਣੀ ਰਚਨਾ ‘ਹੋਂਦ ਦੀ ਤਲਾਸ਼’ ਪੇਸ਼ ਕੀਤੀ। ਕਵੀ ਚੰਦਨਦੀਪ ਸਿੰਘ ਨੇ ਆਪਣੀ ਰਚਨਾ ‘ਅਣਜਾਣ’ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਸੱਥ ਦੇ ਮੈਂਬਰ ਹਰਮਨ ਸਿੰਘ ਧਾਲੀਵਾਲ ਨੇ ਆਪਣੀ ਰਚਨਾ ‘ ਮੈਂ ਪੰਜਾਬ ਬੋਲਦਾ ਹਾਂ ‘ ਰਾਹੀਂ ਹਾਜ਼ਰੀ ਲਵਾਈ।
ਰਾਜਪਾਲ ਸਿੰਘ ਸੰਧੂ ਨੇ ਆਪਣਾ ਗੀਤ ‘ਮਰ ਗਿਆ ਜੇ ਮੈਂ ਕਿਧਰੇ, ਗੀਤ ਤਾਂ ਮੇਰੇ ਮਰਦੇ ਨਹੀਂ’ ਤਰੰਨਮ ਵਿੱਚ ਗਾ ਕੇ ਸੁਣਾਇਆ। ਨੌਜਵਾਨ ਕਵੀ ਮਨੀ ਸਿੰਘ ਹਰੀਕਾ ਨੇ ਆਪਣੀਆਂ ਕਵਿਤਾਵਾਂ ‘ਉਹਦੀ ਤੇ ਮੇਰੀ ਹੁਣ ਇੱਕ ਗੱਲ ਹੋ ਗਈ ਏ’ , ‘ਇੱਕ ਬੈਠੀ ਚਿੜੀ ਬਨੇਰੇ ਤੇ’ ਅਤੇ ‘ਤੇਰੀਆਂ ਵੇ ਸੱਜਣਾ ਕਿੱਦਾਂ ਦੀਆਂ ਗੱਲਾਂ ਨੇ’ ਨਾਲ ਮਹਿਫਲ ਵਿੱਚ ਖੂਬ ਰੰਗ ਬੰਨ੍ਹਿਆ। ਪਰਵਾਸੀ ਸਾਹਿਤਕਾਰ ਸਰਦਾਰ ਜਸਵੀਰ ਸਿੰਘ ਧੀਮਾਨ ਜੀ ਨੇ ਆਪਣੀ ਕਵਿਤਾ ‘ਮਾਂ ਦੇ ਹੱਥ’ ਸਰੋਤਿਆਂ ਦੇ ਸਨਮੁੱਖ ਰੱਖੀ। ਨੌਜਵਾਨ ਮਨਕਮਲ ਸਿੰਘ ਨੇ ਬਾਬੂ ਰਜਬ ਅਲੀ ਦੀ ਰਚਨਾ ‘ਮਿੱਠੇ ਬੋਲ ਸੁਣੀਦੇ ਪੰਜਾਬੀ ਬੋਲੀ ਦੇ’ ਸੁਣਾ ਕੇ ਉਸ ਮਹਾਨ ਸ਼ਹਿਰ ਦੀ ਯਾਦ ਤਾਜ਼ਾ ਕਰਵਾ ਦਿੱਤੀ ।
ਅਖੀਰ ਵਿੱਚ ਹਰਲਾਲ ਸਿੰਘ ਨੇ ਆਪਣਾ ਗੀਤ ‘ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ’ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ। ਇਸ ਉਪਰੰਤ ਸੱਥ ਵੱਲੋਂ ਪ੍ਰਕਾਸ਼ਿਤ ਕਰਵਾਈ ਗਈ ਪਹਿਲੀ ਕਿਤਾਬ ‘ਮਾਂ’ ਪ੍ਰਤੀ ਸਰਦਾਰ ਜਸਬੀਰ ਸਿੰਘ ਧੀਮਾਨ ਜੀ ਅਤੇ ਸਰਦਾਰ ਅਜੀਤ ਸਿੰਘ ਸੰਧੂ ਜੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰਧਾਨਗੀ ਮੰਡਲ ਵਿੱਚ ਬੈਠੇ ਹੋਏ ਪਤਵੰਤੇ ਸੱਜਣਾ ਅਤੇ ਸੱਥ ਦੇ ਸਾਰੇ ਮੈਂਬਰਾਂ ਨੇ ਬੀਬੀ ਸੁਖਵੰਤ ਕੌਰ ਪੰਨੂੰ ਜੀ ਨੂੰ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ, ਸਾਂਝੀਵਾਲਤਾ ਅਤੇ ਮਨੁੱਖਤਾ ਦੀ ਸੇਵਾ ਵਿੱਚ ਕੀਤੀ ਘਾਲਣਾ ਲਈ ਸਨਮਾਨਿਤ ਕੀਤਾ ਗਿਆ।
ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਦੇ ਪ੍ਰਧਾਨ ਸਰਦਾਰ ਗੁਰਦਰਸ਼ਨ ਸਿੰਘ ਕੈਲੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਨੇਟ ਸਪਰਿੰਗ ਦੇ ਪ੍ਰਧਾਨ ਹੈਰੀ ਗਿੱਲ ਜੀ ਨੇ ਸੱਥ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਪ੍ਰੋਗਰਾਮ ਦੀ ਸਮਾਪਤੀ ਤੇ ਸੱਥ ਦੇ ਸੰਚਾਲਕ ਹਰਲਾਲ ਸਿੰਘ ਨੇ ਆਏ ਹੋਏ ਸਰੋਤਿਆਂ ਅਤੇ ਹੋਰਨਾਂ ਸੰਸਥਾਵਾਂ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਵਦੀਪ ਕੌਰ ਭੰਗੂ ਜੀ ਨੇ ਬਾਖੂਬੀ ਨਿਭਾਈ ।ਇਸ ਮੌਕੇ ਤੇ ਸੱਥ ਦੇ ਮੈਂਬਰ ਹਰਮੀਤ ਸਿੰਘ ਕੈਲੇ, ਗੁਰਦਿਆਲ ਸਿੰਘ ਉੱਪਲ, ਜਸਬੀਰ ਸਿੰਘ ਧੀਮਾਨ, ਜਤਿੰਦਰ ਭੰਗੂ, ਸੰਦੀਪ ਸਿੰਘ, ਹਰਮਨ ਧਾਲੀਵਾਲ , ਗੁਰਬਿੰਦਰ ਕਲੇਰ, ਗੁਰਮੀਤ ਸਿੰਘ ਸੰਧੂ ਆਦਿ ਹਾਜ਼ਰ ਸਨ।