ਪੰਜਾਬੀ ਸੱਥ ਮੈਲਬੌਰਨ ਦੀ ਇੱਕ ਸ਼ਾਮ: ਆਹੀ, ਪਰਵਾਨਾ, ਜੋਸ਼ੀ ਅਤੇ ਸਿੱਧੂ ਜੀ ਦੇ ਨਾਮ

“ਸਾਡੀ ਪੀੜੀ ਸਭ ਤੋ ਵੱਧ ਦਿਮਾਗੀ ਤੌਰ ਤੇ ਪਰੇਸ਼ਾਨ ਹੈ, ਬਾਹਰਲੇ ਦੇਸ਼ਾਂ ਵਿੱਚ ਆ ਕੇ ਅਤੇ ਇਹ ਰਹੇਗੀ ਵੀ ਕਿਉਂਕਿ ਸਾਨੂੰ ਬਾਹਰ ਆ ਕੇ ਮੌਕੇ ਮਸਾਂ ਮਿਲੇ ਹਨ, ਜੜਾਂ ਨਾਲੋ ਟੁੱਟੇ ਹਾਂ ਅਤੇ ਮਾਂ ਬੋਲੀ ਨੂੰ ਕੰਗਾਰੂ ਵਾਂਗ ਦਿਲ ‘ਚ ਪੋਟਲ਼ੀ ਬਣਾ ਰੱਖਦੇ ਹਾਂ, ਫਿਰ ਕਿਵੇ ਮਰ ਜਾਊ ਸਾਡੀ ਮਾਂ ਬੋਲੀ? ਅਸੀਂ ਅਜੇ ਬਾਜ ਵਾਂਗ ਅੱਧੀ ਉਮਰ ਚ ਪਹੁੰਚੇ ਹਾਂ, ਪਰ ਜਦੋਂ ਅਸੀਂ ਦੁਬਾਰਾ ਉਡਾਰੀ ਭਰਾਂਗੇ ਬੱਦਲ਼ਾਂ ਦੀ ਹਿੱਕ ਚੀਰਕੇ ਸਾਡੀ ਮਾਂ ਬੋਲੀ ਤਾਂ ਅੰਬਰਾਂ ਤੇ ਧਰੂ ਤਾਰੇ ਵਾਂਗ ਚਮਕੂ” ਇਹ ਬੋਲ ਸਨ ਸਟੇਜ ਸੈਕਟਰੀ ਕਰਦੇ ਮਨਿੰਦਰ ਸਿੰਘ ਬਰਾੜ ਅਤੇ ਅਰਪਣ ਦੇ ਪਰ ਸੋਚ ਕੁਲਜੀਤ ਕੌਰ ਗਜ਼ਲ ਹੁਣਾਂ ਦੀ ਸੀ ਅਤੇ ਦਿਲ ਦੀ ਅਵਾਜ ਅੱਜ ਪ੍ਰੋਗਰਾਮ ਤੇ ਪਹੁੰਚੇ ਸਾਰਿਆਂ ਸੱਜਣਾਂ ਦੀ ਸੀ। ਅੱਜ ਸਾਨੂੰ ਯਕੀਨ ਹੋ ਗਿਆ ਕਿ ਸਾਡੀ ਮਾਂ ਬੋਲੀ ਹਮੇਸ਼ਾ ਹੀ ਅਮਰ ਰਹੂ ਕਿਉਂਕਿ ਸਭ ਦਿੱਤੇ ਟਾਈਮ ਤੋ ਪਹਿਲਾਂ ਪਹੁੰਚੇ ਹੋਏ ਸਨ ਅਤੇ ਹਾਲ ਦਾ ਸਮਾਂ ਵਧਾਉਣ ਦੇ ਬਾਵਜੂਦ ਵੀ ਨਾਂ ਤਾਂ ਸਰੋਤਿਆਂ ਦਾ ਦਿਲ ਭਰਿਆ ਅਤੇ ਨਾਂ ਹੀ ਸੁਣਾਉਣ ਵਾਲਿਆਂ ਦਾ ਦਿਲ ਕਰ ਰਿਹਾ ਸੀ ਜਾਣ ਦਾ। ਅੱਜ ਦੇ ਮੁੱਖ ਮਹਿਮਾਨਾਂ ‘ਸੁਖਵਿੰਦਰ ਕੌਰ ਆਹੀ’ ਇਹ ਸੁਨੇਹਾ ਦੇਣ ਵਿੱਚ ਵੀ ਸਫਲ ਰਹੇ ਕਿ ਜਿਵੇ ਪਤੰਗ ਜਿੰਨਾਂ ਮਰਜ਼ੀ ਉੱਚਾ ਉੱਡ ਲਵੇ ਪਰ ਬੱਝਿਆ ਡੋਰ ਨਾਲ ਹੀ ਰਹਿੰਦਾ ਉਵੇਂ ਹੀ ਭਾਵੇ ਅਸੀਂ ਏਥੇ ਕਿੰਨੀ ਵੀ ਤਰੱਕੀ ਕਰ ਲਈਏ ਪਰ ਸਾਡੀ ਹੋਂਦ ਤਾਂ ਹੀ ਬਰਕਰਾਰ ਰਹੂ ਜੇ ਅਸੀਂ ਆਪਣੀ ਮਾਂ ਬੋਲੀ ਦੀ ਡੋਰ ਨਾਲ ਬੱਝੇ ਰਹੇ, ਸ.ਜੀਤ ਸਿੰਘ ਜੋਸ਼ੀ ਨੇ ਸਾਰੇ ਸਰੋਤਿਆਂ ਦੀਆਂ ਜਨਮ ਭੂਮੀ ਨਾਲ ਮੋਹ ਦੀਆਂ ਤੰਦਾਂ ਨੂੰ ਹੋਰ ਪੀਂਡਾ ਕਰ ਦਿੱਤਾ, ਸ.ਬਲੌਰ ਸਿੰਘ ਸਿੱਧੂ ਨੇ ਰੂਹਾਨੀਅਤ ਦੀ ਗੱਲ ਕਰਨ ਤੋ ਬਾਦ ਆਪਣੀ ਕਵਿਤਾ ਨਾਲ ਸਭ ਨੂੰ ਭਾਵਨਾਤਮਿਕ ਕਰ ਦਿੱਤਾ, ਸ. ਬਲਬੀਰ ਸਿੰਘ ਪਰਵਾਨਾ ਨੇ ਪੰਜਾਬ, ਪੰਜਾਬੀਅਤ, ਧਾਰਮਿਕ, ਰਾਜਨੀਤਿਕ, ਨਸ਼ੇ ਅਤੇ ਸਾਡੀਆਂ ਜੜਾਂ ਬਾਰੇ ਆਪਣੇ  ਉਮਰ ਭਰ ਦੇ ਤਜਰਬੇ ਨੂੰ ਸਾਂਝਾ ਕੀਤਾ। ਅੱਜ ਦੇ ਕਵੀ ਸੰਮੇਲਨ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਕਾਰਜਕਾਰਨੀ ਕਮੇਟੀ (ਪੰਜਾਬੀ ਸੱਥ ਮੈਲਬਰਨ) ਦੇ ਕੁਲਜੀਤ ਕੌਰ ਗ਼ਜ਼ਲ, ਜਸਬੀਰ ਕੌਰ ਇਨਾਇਤ, ਬਲਜੀਤ ਫਰਵਾਲੀ, ਜੈਸਮੀਨ ਕੌਰ ਪੰਨੂੰ , ਕੁਲਦੀਪ ਕੌਰ ਦੀਪ, ਰਵਿੰਦਰ ਬਰਾੜ, ਰਮਿੰਦਰ ਕੌਰ ਖਿਆਲਾ, ਲਵਪ੍ਰੀਤ ਕੌਰ, ਮਨਦੀਪ ਸਿੰਘ ਬਰਾੜ, ਬੱਬੂ ਗਿੱਲ ਬਰਨਾਲਾ, ਹਰਜੋਤ ਕੌਰ, ਮਨਦੀਪ ਕੌਰ (ਰੰਧਾਵਾ ਭੈਣਾਂ) , ਅਮਨਬੀਰ ਸਿੰਘ ਧਾਮੀ (ਕੋਰੀਆ ), ਮਨਿੰਦਰ ਬਰਾੜ ਅਤੇ ਸਤਵਿੰਦਰ ਸਿੰਘ ਸੰਧੂ ਦਾ ਪੂਰਾ ਪੂਰਾ ਸਹਿਯੋਗ ਰਿਹਾ, ਜਿਹੜੇ ਬਿਨਾ ਕਿਸੇ ਅਹੁਦਿਆਂ ਤੋ ਹੀ ਇਕ ਪਰਿਵਾਰ ਵਾਂਗ ਕੰਮ ਕਰ ਰਹੇ ਸਨ। ਬਹੁਤ ਹੀ ਦੂਰ ਤੋਂ ਆਏ ਅੱਜ ਦੇ ਖਾਸ ਮਹਿਮਾਨ ਪ੍ਰੀਤ ਖਿੰਡਾ ਅਤੇ ਅੰਮ੍ਰਿਤ ਖਿੰਡਾ ਦੀ ਹਾਜ਼ਰੀ ਦੇ ਨਾਲ ਕਵੀ/ਕਵਿਤਰੀ ਮਹਿੰਦਰ ਕੌਰ, ਕੁਲਵੰਤ ਕੌਰ, ਵਜਿੰਦਰ ਕੌਰ, ਹਰਬੰਸ ਕੌਰ,, ਮਲਕੀਅਤ ਕੌਰ, ਹਰਪ੍ਰੀਤ ਸਿੰਘ ਬੱਬਰ, ਕੁਲਵੰਤ ਸਿੰਘ, ਸ਼ਰਨ ਕੌਰ, ਬਲਿਹਾਰ ਸੰਧੂ, ਰਣਜੀਤ ਸਿੰਘ, ਗਗਨਦੀਪ ਸਿੰਘ ਗਰੇਵਾਲ, ਸਤਨਾਮ ਸਿੰਘ ਗੰਗਾਨਗਰ,ਅਤੇ ਸ.ਬਲਜੀਤ ਸਿੰਘ ਬਰਾੜ ਵੱਲੋਂ ਸਾਂਝੇ ਕੀਤੇ ਦਿਲ ਦੇ ਵਲਵਲੇ, ਭਾਵਨਾਵਾ ਅਤੇ ਜਜਬਾਤਾਂ ਨੇ ਹਾਲ ‘ਚ ਬੈਠੇ ਸਾਰੇ ਸਰੋਤਿਆਂ ਨੂੰ ਸੱਤ ਸਮੁੰਦਰ ਪਾਰ ਵੀ ਦਿਲ ਤੋ ਪੰਜਾਬ ਅਤੇ ਪੰਜਾਬੀਅਤ ਨਾਲ ਮਿਲਣੀ ਕਰਵਾ ਦਿੱਤੀ। ਕਾਰ ਪਾਰਕ ਵਿੱਚ ਖੜੇ ਦਰੱਖਤਾਂ ਦੀਆਂ ਕਰੂੰਬਲਾਂ ਫੁੱਟਦੀਆਂ ਟਾਹਣੀਆਂ ਦੇਖਣ ਤੋ ਬਾਦ ਹਾਲ ਵਿੱਚ ਨਿੱਕੀ ਜਿਹੀ ਪਿਆਰੀ ਤਿੰਨ ਸਾਲਾ ਬੱਚੀ “ਅਲਾਸਕਾ” ਵਲੋ ਗੁਰਬਾਣੀ ਦੇ ਗੁਣਗਾਣ ਨਾਲ ਪ੍ਰੋਗਰਾਮ ਦਾ ਆਗਾਜ਼ ਅਤੇ ਹਾਲ ਚ ਹਰ ਉਮਰ ਦੇ ਬੱਚਿਆਂ ਦਾ ਲਗਾਤਾਰ ਪੰਜ ਘੰਟੇ ਟਿਕੇ ਰਹਿਣਾ ਹੀ ਇਸ ਗੱਲ ਦੀ ਗਵਾਹੀ ਹੈ ਕਿ ਹੁਣ ਬਾਹਰ ਬਗੀਚਿਆਂ ਵਿੱਚੋਂ ਬਹਾਰ ਅਤੇ ਸਾਡੀ ਮਾਂ ਬੋਲੀ ਦੇ ਸਿਰ ਤੋ ਤਾਜ ਬਹੁਤੀ ਦੂਰ ਨਹੀਂ।  ਸਟਾਰ ਗਰੌਸਰੀ ਤੋ ਮਨਿੰਦਰ ਸਿੰਘ ਸੰਨੀ ਅਤੇ ਬੱਬੂ ਗਿੱਲ ਬਰਨਾਲਾ (icurry) ਹੁਣਾਂ ਨੇ ਮਾਂ ਬੋਲੀ ਦੇ ਪ੍ਰੋਗਰਾਮ ਨੂੰ ਨਿਰਸਵਾਰਥ ਸਪੌਂਸਰ ਕਰਕੇ ਸਰਵਣ ਪੁੱਤ ਹੋਣ ਦਾ ਮਾਣ ਖੱਟ ਲਿਆ। ਅੱਜ ਦੇ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਵਿੱਚ ਗੁਰਪ੍ਰੀਤ ਸਿੰਘ ਕਾਹਲੋਂ, ਜਸਪ੍ਰੀਤ ਸਿੰਘ ਮਾਂਗਟ, ਸਨਮ, ਰਣਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਅੰਤ ਵਿੱਚ ਸੁਖਵਿੰਦਰ ਕੌਰ ਆਹੀ ਦੀ ਕਿਤਾਬ “ਜੇ ਤੂੰ ਆਜੇਂ” ਦੀ ਘੁੰਢ ਚੁਕਾਈ ਦੀ ਰਸਮ ਅਤੇ ਆਏ ਸਾਰੇ ਮਹਿਮਾਨਾਂ ਦਾ ਸਨਮਾਨ ਕਰਨ ਤੋ ਇਹ ਕਵੀ ਸੰਮੇਲਨ ਫਿਰ ਤੋ ਜਲਦੀ ਮਿਲਣ ਦਾ ਵਾਅਦਾ ਕਰਦਾ ਸਮਾਪਤ ਹੋ ਗਿਆ।

(ਬਲਜੀਤ ਫਰਵਾਲੀ)
baljitpharwaliwriting@gmail.com