ਮੈਲਬਰਨ ਵਿਚ ਪੰਜਾਬੀ ਸੱਥ ਦੀ ਸ਼ਾਖ਼ਾ

news 181217 Punjabi Sath, Melbourne

ਪਿਛਲੇ ਦਿਨੀਂ ਪੰਜਾਬੀ ਸੱਥ ਆਸਟ੍ਰੇਲੀਆ ਵਿਚਲੀ ਪੰਜਾਬੀ ਸੱਥ ਦੇ ਸਰਪ੍ਰਸਤ, ਗਿਆਨੀ ਸੰਤੋਖ ਸਿੰਘ ਜੀ,  ਮੈਲਬਰਨ ਵਿਚ ਆਏ। ਗਿਆਨੀ ਜੀ ਦੇ ਆਉਣ ਤੇ ‘ਪੰਜਾਬੀ ਸੱਥ, ਲਾਂਬੜਾ’ ਦੀ ਇਕਾਈ ਸਥਾਪਤ ਕੀਤੀ ਗਈ। ਇਸ ਇਕਾਈ ਦੇ ਸੰਚਾਲਕ ਦੀ ਸੇਵਾ, ਪ੍ਰਸਿਧ ਗ਼ਜ਼ਲ ਗੋ ਅਤੇ ਲੇਖਿਕਾ ਕੁਲਜੀਤ ਕੌਰ ਗ਼ਜ਼ਲ ਨੂੰ ਸੌਂਪੀ ਗਈ। ਕੁਲਜੀਤ ਕੌਰ ਗ਼ਜ਼ਲ ਜੀ, ਸੁਹਿਰਦ ਸਮਾਜ ਸੇਵੀ ਅਤੇ ਪੰਜਾਬੀ ਬੋਲੀ ਦੀ ਉਨਤੀ ਵਿਚ ਭਰਪੂਰ ਹਿੱਸਾ ਪਾਉਣ ਵਾਲ਼ੀ ਲੇਖਿਕਾ ਹਨ। ਇਹਨਾਂ ਦੀਆਂ ਤਿੰਨ ਕਿਤਾਬਾਂ ਛੱਪ ਚੁੱਕੀਆਂ ਹਨ ਅਤੇ ਚੌਥੀ ਪ੍ਰੈਸ ਵਿਚ ਹੈ।

ਯਾਦ ਰਹੇ ਕਿ ਪੰਜਾਬੀ ਸੱਥ, ਲਾਂਬੜਾ ਦਾ ਨਿਸ਼ਾਨਾ ਕੇਵਲ ਤੇ ਕੇਵਲ ਪੰਜਾਬੀ ਬੋਲੀ, ਪੰਜਾਬੀ ਸਾਹਿਤ, ਗੁਰਮੁਖੀ ਲਿੱਪੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਡਾ. ਨਿਰਮਲ ਸਿੰਘ ਲਾਂਬੜਾ ਜੀ ਦੀ ਅਗਵਾਈ ਹੇਠ ਪੰਜਾਬੀ ਸੱਥ, ਜੇਹੜੇ ਲੇਖਕ ਆਪਣੀ ਕਿਤਾਬ ਖ਼ੁਦ ਨਹੀਂ ਛਪਵਾ ਸਕਦੇ, ਉਹਨਾਂ ਦੀ ਕਿਤਾਬ ਲੈ ਕੇ ਖ਼ੁਦ ਛਾਪ ਕੇ, ਦੇਸ ਅਤੇ ਪਰਦੇਸਾਂ ਵਿਚ ਵੱਸੇ ਪੰਜਾਬੀ ਪਾਠਕਾਂ ਤੱਕ ਮੁਫ਼ਤ ਪੁਚਾਉਂਦੇ ਹਨ।

ਇਸ ਸੰਸਥਾ ਦੀ ਨਾ ਕੋਈ ਮੈਂਬਰਸ਼ਿੱਪ, ਨਾ ਕੋਈ ਅਹੁਦੇਦਾਰ, ਨਾ ਕੋਈ ਜਮ੍ਹਾ ਫੰਡ ਤੇ ਨਾ ਹੀ ਇਲੈਕਸ਼ਨ ਹੁੰਦੀ ਹੈ ਤੇ ਨਾ ਹੀ ਇਹ ਸੰਸਥਾ ਰਜਿਸਟਰ ਹੈ। ਆਸਟ੍ਰੇਲੀਆ ਵਿਚ ਪਰਥ ਅਤੇ ਬ੍ਰਿਜ਼ਬਿਨ ਦੀਆਂ ਇਕਾਈਆਂ, ਬੀਬੀ ਸੁਖਵੰਤ ਕੌਰ ਪੰਨੂੰ, ਸ. ਹਰਲਾਲ ਸਿੰਘ ਅਤੇ ਸ. ਦਲਬੀਰ ਸਿੰਘ ਹਲਵਾਰਵੀ ਦੀ ਅਗਵਾਈ ਹੇਠ, ਆਪਣੇ ਸਹਿਯੋਗੀਆਂ ਦੇ ਸਹਿਯੋਗ ਨਾਲ਼, ਪੰਜਾਬੀ ਦੀ ਉਨਤੀ ਦੀਆਂ ਸਰਗਰਮੀਆਂ ਵਿਚ ਭਰਪੂਰ ਹਿੱਸਾ ਪਾ ਰਹੀਆਂ ਹਨ।  ਆਪਣੇ ਆਪਣੇ ਸ਼ਹਿਰ ਪਿੰਡ ਵਿਚ ਵੱਸਣ ਵਾਲ਼ਾ ਹਰੇਕ ਪੰਜਾਬੀ ਪਿਆਰਾ, ਆਪਣੇ ਸਥਾਨਕ ਸੰਚਾਲਕ ਨਾਲ਼ ਸੰਪਰਕ ਕਰਕੇ, ਇੱਛਾ ਅਨੁਸਾਰ ਸੰਸਥਾ ਦੀਆਂ ਸਰਗਰਮੀਆਂ ਵਿਚ ਹਿੱਸਾ ਲੈ ਸਕਦਾ ਹੈ ਤੇ ਪੰਜਾਬੀ ਮਾਂ ਬੋਲੀ ਦੀ ਉਨਤੀ ਵਿਚ ਬਣਦਾ ਹਿੱਸਾ ਪਾ ਸਕਦਾ ਹੈ।

ਮੈਲਬਰਨ ਨਿਵਾਸੀ ਪੰਜਾਬੀ ਪਿਆਰਿਆਂ ਨੂੰ ਬੇਨਤੀ ਹੈ ਕਿ ਇਸ ਸੰਸਥਾ ਦੀਆਂ ਸਰਗਰਮੀਆਂ ਵਿਚ ਉਤਸ਼ਾਹ ਨਾਲ਼ ਹਿੱਸਾ ਲੈਣ।

ਕੁਲਜੀਤ ਕੌਰ ਗ਼ਜ਼ਲ ਜੀ ਦਾ ਸੰਪਰਕ ਨੰਬਰ ਹੈ: ੦੪੩੧ ੮੭੨ ੨੩੫ (0431 872 235)

(ਹਰਚਰਨ ਸਿੰਘ)

Welcome to Punjabi Akhbar

Install Punjabi Akhbar
×
Enable Notifications    OK No thanks