ਪੰਜਾਬੀ ਭਾਸ਼ਾ ਤੇ ਲਿੱਪੀ ਬਾਰੇ ਗੰਭੀਰ ਸੰਵਾਦ ਸਿਰਜਣ ਦੀ ਲੋੜ ਹੈ —ਨਰਵਿੰਦਰ ਕੌਸ਼ਲ
ਨਵੇਂ ਸਾਲ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ. ਵੱਲੋਂ ਪੰਜਾਬੀ ਸਾਹਿਤ ਰਤਨ ਡਾ. ਤੇਜਵੰਤ ਮਾਨ ਦਾ ਜਨਮ ਦਿਨ ਸਾਹਿਤਕ ਰੰਗ ਵਿੱਚ ਮਨਾਇਆ ਗਿਆ। ਡਾ. ਨਰਵਿੰਦਰ ਸਿੰਘ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਜਗਜੀਤ ਸਿੰਘ ਕੋਮਲ, ਡਾ. ਭਗਵੰਤ ਸਿੰਘ, ਪਵਨ ਹਰਚੰਦਪੁਰੀ ਸ਼ਾਮਲ ਹੋਏ। ਡਾ. ਤੇਜਵੰਤ ਦੇ ਜੀਵਨ ਵਿਅਕਤੀਤਵ ਅਤੇ ਫਲਸਫੇ ਬਾਰੇ ਗੰਭੀਰ ਸੰਵਾਦ ਰਚਾਇਆ ਗਿਆ। ਇਸ ਸਮਾਗਮ ਵਿੱਚ ਸਾਹਿਤ ਸਭਾ ਸੁਨਾਮ, ਲਹਿਰਾ, ਸਾਹਿਤ ਸਭਾ ਧਨੌਲਾ, ਪੰਜਾਬੀ ਸਾਹਿਤ ਸਭਾ ਧੂਰੀ, ਮਾਲੇਰਕੋਟਲਾ ਦੇ ਪ੍ਰਮੁੱਖ ਅਹੁਦੇਦਾਰਾਂ ਅਤੇ ਸਾਹਿਤਕਾਰਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਡਾ. ਭਗਵੰਤ ਸਿੰਘ ਨੇ ਡਾ. ਤੇਜਵੰਤ ਮਾਨ ਦੀ ਵਿਚਾਰਧਾਰਕ ਪਰਪੱਕਤਾ ਦੀ ਗੱਲ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿੱਚ ਜਦੋਂ ਪੰਜਾਬ ਬੌਧਿਕ ਨਿਘਾਰ , ਬੌਧਿਕ ਕੰਗਾਲੀ ਅਤੇ ਬੌਧਿਕ ਸੰਕਟ ਦਾ ਸ਼ਿਕਾਰ ਹੋ ਚੁੱਕਾ ਹੈ, ਉਸ ਵਕਤ ਡਾ. ਤੇਜਵੰਤ ਮਾਨ ਨੇ ਸਾਹਿਤ ਦੇ ਸਮਾਜਕ ਪ੍ਰਸੰਗਾਂ ਨੂੰ ਪ੍ਰਮੁੱਖਤਾ ਦੇ ਕੇ ਇੱਕ ਵਿਸ਼ਾਲ ਲਹਿਰ ਲਾਮਬੰਦ ਕੀਤੀ ਹੈ। ਇਨ੍ਹਾਂ ਦੀ ਬਦੌਲਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਜਵਾਲਾ ਪ੍ਰਚੰਡ ਹੋਈ ਹੈ। ਪਵਨ ਹਰਚੰਦਪੁਰੀ ਨੇ ਡਾ. ਤੇਜਵੰਤ ਦੀ ਜਥੇਬੰਦਕ ਚੇਤਨਾ ਦੇ ਪਹਿਲੂਆਂ ਤੇ ਰੋਸ਼ਨੀ ਪਾਈ। ਜ਼ੋਰਾ ਸਿੰਘ ਮੰਡੇਰ ਨੇ ਡਾ. ਤੇਜਵੰਤ ਮਾਨ ਦੀ ਆਲੋਚਨਾ ਦ੍ਰਿਸ਼ਟੀ ਨੂੰ ਮੁੱਖ ਤੌਰ ਤੇ ਉਭਾਰਿਆ। ਡਾ. ਦਵਿੰਦਰ ਕੌਰ ਨੇ ਤੇਜਵੰਤ ਮਾਨ ਦੀ ਕਾਵਿਕ ਪ੍ਰਤਿਭਾ ਬਾਰੇ ਦੱਸਿਆ। ਡਾ. ਅਮਨਦੀਪ ਕੌਰ ਗੋਸਲ ਨੇ ਡਾ. ਤੇਜਵੰਤ ਮਾਨ ਦੀ ਦ੍ਰਿੜਤਾ ਅਤੇ ਸੁਹਿਰਦਤਾ ਬਾਰੇ ਬਹੁਤ ਭਾਵਪੂਰਤ ਢੰਗ ਨਾਲ ਬਿਆਨ ਕੀਤਾ। ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਉਨ੍ਹਾਂ ਦੀ ਤਰਕਸ਼ੀਲਤਾ, ਪ੍ਰਤਿਬੱਧਤਾ ਦੀ ਸ਼ਲਾਘਾ ਕੀਤੀ। ਡਾ. ਨਰਵਿੰਦਰ ਕੌਸ਼ਲ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਡਾ. ਤੇਜਵੰਤ ਮਾਨ ਨੇ ਇੱਕ ਸੰਸਥਾ ਦੀ ਤਰ੍ਹਾਂ ਕੰਮ ਕੀਤਾ ਹੈ। ਉਹ ਸਾਹਿਤ ਨੂੰ ਅੰਤਰੀਵ ਭਾਵ ਤੋਂ ਸਮਝਦੇ ਹਨ। ਉਨ੍ਹਾਂ ਨੇ ਵਿਦਿਅਕ ਅਦਾਰਿਆਂ ਵਿੱਚ ਆ ਰਹੇ ਨਿਘਾਰ ਨੂੰ ਬਹੁਤ ਪਹਿਲਾਂ ਪਛਾਣ ਲਿਆ ਸੀ। ਉਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਪੰਜਾਬੀ ਭਾਸ਼ਾ ਤੇ ਲਿੱਪੀ ਬਾਰੇ ਸੰਵਾਦ ਰਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਦੀ ਆਲੋਚਨਾ ਦੇ ਨਵੇਂ ਮਾਪਦੰਡ ਸਿਰਜਣ ਦੇ ਨਾਲ ਸਮਾਜਕ ਪ੍ਰਸੰਗਾਂ ਬਾਰੇ ਗੰਭੀਰ ਪ੍ਰਵਚਨ ਸਿਰਜਦੀ ਹੈ। ਡਾ. ਜਗਜੀਤ ਸਿੰਘ ਕੋਮਲ ਨੇ ਡਾ. ਤੇਜਵੰਤ ਮਾਨ ਦੀ ਕਹਾਣੀ ਕਲਾ ਅਤੇ ਕਾਵਿ ਕਲਾ ਬਾਰੇ ਨਵੇਂ ਦ੍ਰਿਸ਼ਟੀਕੋਣ ਉਜਾਗਰ ਕੀਤੇ। ਡਾ. ਤੇਜਵੰਤ ਮਾਨ ਨੇ ਇਸ ਅਵਸਰ ਤੇ ਕਿਹਾ ਕਿ ਸਾਹਿਤ ਨੂੰ ਸਮਝਣ ਲਈ ਆਨੰਦ ਪਾਠ ਅਤੇ ਪਾਠ ਆਨੰਦ ਦੇ ਫਰਕ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਸਮਾਜਕ ਅਧੋਗਤੀ ਲਈ ਸਾਤਿਹਕਾਰਾਂ ਦੀ ਵੀ ਜਿੰਮੇਵਾਰੀ ਹੈ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿੱਪੀ, ਵਿਗਿਆਨਕ ਅਤੇ ਪਰਿਪੂਰਣ ਹੈ। ਜੇਕਰ ਕਿਸੇ ਨੂੰ ਗੁਰਮੁਖੀ ਸ਼ਬਦ ਤੋਂ ਚਿੜ੍ਹ ਹੈ, ਉਹ ਪੰਜਾਬੀ ਲਿੱਪੀ ਕਹਿ ਸਕਦਾ ਹੈ। ਇਸ ਮੌਕੇ ਨਿਰਮਲ ਸਿੰਘ ਕਾਹਲੋਂ ਦੀ ਪੁਸਤਕ ਭੱਥੇ ਦੇ ਤੀਰ ਲੋਕ ਅਰਪਣ ਕੀਤੀ ਗਈ। ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਪ੍ਰੋ. ਮਿੱਠੂ ਪਾਠਕ, ਪ੍ਰੀਤ ਪਾਠਕ ਨੇ ਕਵੀਸ਼ਰੀ ਰਾਹੀਂ ਮਾਨ ਦੀ ਸ਼ਖਸ਼ੀਅਤ ਨੂੰ ਉਭਾਰਿਆ। ਡਾ. ਰਾਕੇਸ਼ ਸ਼ਰਮਾ, ਨਾਹਰ ਸਿੰਘ ਮੁਬਾਰਕਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਜਗੀਰ ਸਿੰਘ ਰਤਨ, ਸੁਰਿੰਦਰਪਾਲ ਕੌਰ ਰਸੀਆ, ਗੁਰਜਿੰਦਰ ਸਿੰਘ ਰਸੀਆ, ਸੁਰਿੰਦਰ ਸ਼ਰਮਾ, ਜੰਗ ਸਿੰਘ ਫੱਟੜ, ਚਮਕੌਰ ਸਿੰਘ, ਚਰਨਜੀਤ ਸਿੰਘ, ਗੁਰਨਾਮ ਸਿੰਘ, ਤਰਸੇਮ ਸਿੰਘ ਸੇਮੀ, ਅਮਰੀਕ ਗਾਗਾ, ਮੀਤ ਸਕਰੌਦੀ, ਨਿਰਮਲ ਸਿੰਘ ਕਾਹਲੋਂ, ਕੁਲਵੰਤ ਕਸਕ, ਅਰਮ ਗਰਗ, ਜਰਨੈਲ ਸਿੰਘ ਸੱਗੂ, ਬਾਬਾ ਹਰਦਿਆਲ ਸਿੰਘ, ਅਮਰਜੀਤ ਸਿੰਘ ਅਮਨ ਆਦਿ ਅਨੇਕਾਂ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ। ਇਹ ਸਮਾਗਮ ਵਿੱਚ ਵਿਜੈ ਕੁਮਾਰ, ਬ੍ਰਿਜ ਮੋਹਨ, ਭਾਰਤ ਭੂਸ਼ਨ, ਅਮਨਦੀਪ ਸਿੰਘ, ਪਰਮਜੀਤ ਸਿੰਘ ਆਦਿ ਅਨੇਕ ਪ੍ਰਤਿਸ਼ਠਿਤ ਸਾਹਿਤਕਾਰ ਸ਼ਾਮਲ ਹੋਏ। ਇਸ ਸਮਾਗਮ ਨੇ ਜਿੱਥੇ ਡਾ. ਤੇਜਵੰਤ ਮਾਨ ਦੀ ਵਿਲੱਖਣ ਸ਼ਖਸ਼ੀਅਤ ਦੇ ਦਰਸ਼ਨ ਕਰਾਏ, ਉਥੇ ਸਾਹਿਤ ਤੇ ਸਮਾਜ ਦੇ ਗੰਭੀਰ ਸੰਦਰਭਾਂ ਬਾਰੇ ਨਵੇਂ ਪੱਥਾਂ ਦੀ ਨਿਸ਼ਾਨਦੇਹੀ ਕੀਤੀ ।