ਪੰਜਾਬੀ ਕਿੱਸਾ ਕਾਵਿ ਇਸ਼ਕ ਦੀ ਸੰਪੂਰਨਤਾ ਯੂਨਾਨੀ ਮਿੱਥ ਦਾ ਵਿਸਥਾਰ— ਡਾ. ਤੇਜਵੰਤ ਮਾਨ

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਤੇਜਾ ਸਿੰਘ ਤਿਲਕ ਦੁਆਰਾ ਸੰਪਾਦਤ ਪੁਸਤਕ ‘ਡਾ. ਸ਼ਮਸ਼ੇਰ ਸਿੰਘ ਸਿੱਧੂ ਜੀਵਨ ਤੇ ਰਚਨਾ* ਉਤੇ ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ਪ੍ਰਧਾਨਗੀ ਸ਼ਬਦ ਬੋਲਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਸਿੱਧੂ ਦੀ ਖੋਜ ਦਾ ਕੇਂਦਰ ਪੰਜਾਬੀ ਕਿੱਸਾ—ਕਾਵਿ ਵਿੱਚ ਖਲ—ਨਾਇਕ ਹੈ। ਡਾ. ਸਿੱਧੂ ਨੇ ਨਾਇਕ ਅਤੇ ਖਲਨਾਇਕ ਦੀ ਪਰਿਭਾਸ਼ਾ ਕਰਦਿਆਂ ਆਪਣੀ ਖੋਜ ਨੂੰ ਤਿੰਨ ਹਜ਼ਾਰ ਬੀ.ਸੀ. ਪੁਰਾਣੀ ਇੱਕ ਯੂਨਾਨੀ ਮਿੱਥ ਉਤੇ ਅਧਾਰਤ ਕੀਤਾ ਹੈ। ਇਸ ਮਿੱਥ ਅਨੁਸਾਰ ਮੁੱਢ ਵਿੱਚ ਮਨੁੱਖ ਦੋਹਰਾ ਸੀ। ਦੋ ਮੂੰਹ, ਚਾਰ ਕੰਨ, ਚਾਰ ਲੱਤਾਂ ਅਤੇ ਚਾਰ ਹੱਥ ਅਰਧ—ਪੁਰਸ਼—ਅਰਧ ਨਾਰੀ ਦਾ ਸੰਪੂਰਨ ਸਰੂਪ। ਉਨ੍ਹਾਂ ਦੀ ਸ਼ਕਤੀ ਤੋਂ ਦੇਵਤੇ ਡਰਦੇ ਸਨ। ਦੇਵਤਿਆਂ ਦੀ ਬੇਨਤੀ ਉਤੇ ਯੀਅਸ ਨੇ ਨਾਰੀ ਅਤੇ ਪੁਰਸ਼ ਨੂੰ ਵੱਖੋ ਵੱਖ ਕਰ ਦਿੱਤਾ। ਉਸ ਸਮੇਂ ਤੋਂ ਇਹ ਦੋਵੇਂ ਇੱਕ ਦੂਜੇ ਦੀ ਭਾਲ ਵਿੱਚ ਹਨ ਜਿਸਨੂੰ ਇਸ਼ਕ, ਪਿਆਰ, ਮੁਹੱਬਤ ਕਿਹਾ ਗਿਆ ਹੈ।ਸੰਪੂਰਨਤਾ ਗ੍ਰਹਿਣ ਕਰਨ ਲਈ ਉਨ੍ਹਾਂ ਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਵੱਡੀ ਮੁਸੀਬਤ ਦੇਵਤਿਆਂ ਦੇ ਖਲ—ਨਾਇਕੀ ਕਿਰਦਾਰ ਦੀ ਸੀ। ਇਸ਼ਕ ਦਾ ਆਰੰਭ ‘ਕੁਨ* ਹੈ ਅਤੇ ਅੰਤ ‘ਫਿਕੁਨ* ਹੈ। ਕੁਨ ਅਤੇ ਫਿਕੁਨ ਦੀ ਸਮਾਂ ਚੇਤਨਾ ਵਿਚਕਾਰ ਖਲਨਾਇਕ ਵਿਰੋਧ ਵਿੱਚ ਕਾਰਜਸ਼ੀਲ ਰਹਿੰਦਾ ਹੈ। ਉਨ੍ਹਾਂ ਨੇ ਕਿਸਾਨੀ ਅੰਦੋਲਨ ਦੀਆਂ ਦਸ਼ਾਵਾਂ ਤੇ ਦਿਸ਼ਾਵਾਂ ਬਾਰੇ ਵੀ ਗੰਭੀਰ ਚਰਚਾ ਕੀਤੀ।  ਵਿਚਾਰ ਚਰਚਾ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਭਗਵੰਤ ਸਿੰਘ, ਡਾ. ਜਗਜੀਤ ਸਿੰਘ ਕੋਮਲ, ਡਾ. ਚਰਨਜੀਤ ਸਿੰਘ ਉਡਾਰੀ, ਡਾ. ਦਵਿੰਦਰ ਕੌਰ, ਪਵਨ ਹਰਚੰਦਪੁਰੀ, ਦਲਬਾਰ ਸਿੰਘ, ਜਗਜੀਤਇੰਦਰ ਸਿੰਘ, ਭਰਗਾਨੰਦ ਲੌਂਗੋਵਾਲ, ਅਮਰ ਗਰਗ ਕਲਮਦਾਨ, ਕੁਲਵੰਤ ਕਸਕ ਗੁਰਨਾਮ ਸਿੰਘ ਨੇ ਹਿੱਸਾ ਲਿਆ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਪੁਸਤਕ ਵਿੱਚ ਡਾ. ਸ਼ਮਸ਼ੇਰ ਸਿੰਘ ਸਿੱਧੂ ਦੁਆਰਾ ਅਣਗੌਲੇ ਕਿੱਸਾਦਾਰ ਪੰਡਤ ਰਿਖੀ ਰਾਮ ਦੀ ਅਣਛਪੀ ਅਣ—ਲਿਖੀ ਮੌਖਿਕ ਕਿੱਸਾਕਾਰੀ ਨੂੰ ਸੰਭਾਲਣ ਦੀ ਲੋੜ ਵਾਲੇ ਨਿਬੰਧ ਨੂੰ ਸਭ ਤੋਂ ਮਹੱਤਵਪੂਰਨ ਕਿਹਾ। ਡਾ. ਭਗਵੰਤ ਸਿੰਘ ਨੇ ਤੇਜਾ ਸਿੰਘ ਤਿਲਕ ਦੀ ਆਲੋਚਨਾ ਅਤੇ ਖੋਜ਼ ਸ਼ੈਲੀ ਦੀ ਗੱਲ ਕਰਦਿਆਂ ਸ਼ਬਦ—ਜੋੜਾਂ ਨੂੰੰ ਭਾਸ਼ਾ ਵਿਗਿਆਨ ਅਨੁਸਾਰ ਪਰਖਣ ਦੀ ਪ੍ਰਸ਼ੰਸਾ ਕੀਤੀ। ਦਲਬਾਰ ਸਿੰਘ ਨੇ ਪੱਤਲ ਕਾਵਿ ਅਤੇ ਮਲਵਈ ਮਰਦਾਂ ਦਾ ਗਿੱਧਾ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਮਾਨ, ਡਾ. ਚਰਨਜੀਤ ਸਿੰਘ ਉਡਾਰੀ, ਹਰਬੰਸ ਕੌਰ ਪਤਨੀ ਸਵ. ਸ਼ਮਸ਼ੇਰ ਸਿੰਘ ਸਿੱਧੂ, ਡਾ. ਭਗਵੰਤ ਸਿੰਘ, ਪਵਨ ਹਰਚੰਦਪੁਰੀ ਨੇ ਕੀਤੀ। ਪੁਸਤਕ ਦੀ ਸੰਪਾਦਨਾ ਬਾਰੇ ਜਾਣਕਾਰੀ ਦਿੰਦਿਆਂ ਸੰਪਾਦਕ ਤੇਜਾ ਸਿੰਘ ਤਿਲਕ ਨੇ ਸ਼ਮਸ਼ੇਰ ਸਿੰਘ ਸਿੱਧੂ ਨਾਲ ਆਪਣੇ ਦੋਸਤਾਨਾਂ ਸਬੰਧਾਂ ਅਤੇ ਖੋਜ ਕਾਰਜ ਵਿੱਚ ਕੀਤੇ ਸਹਿਯੋਗ ਦਾ ਵਰਨਣ ਕੀਤਾ। ਉਨ੍ਹਾਂ ਸਵੀਕਾਰ ਕੀਤਾ ਕਿ ਇਸ ਪੁਸਤਕ ਦੀ ਤਿਆਰੀ, ਛੱਪਣ ਲਈ ਮਾਇਕ ਸਹਾਇਤਾ ਹਰਬੰਸ ਕੌਰ ਜੀ ਵੱਲੋਂ ਕੀਤੀ ਗਈ। ਉਪਰੰਤ ਪੰਜਾਬੀ ਸਾਹਿਤ ਸਭਾ ਵੱਲੋਂ ਸਰਦਾਰਨੀ ਹਰਬੰਸ ਕੌਰ ਅਤੇ ਤੇਜਾ ਸਿੰਘ ਤਿਲਕ ਦਾ ਸਨਮਾਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਤ ਹਾਜਰ ਕਵੀਆਂ ਨੇ ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ ਸਰਵ ਸ਼੍ਰੀ ਬਚਨ ਸਿੰਘ ਗੁਰਮ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ ਅਮਨ, ਗੁਲਜ਼ਾਰ ਸਿੰਘ ਸ਼ੌਂਕੀ, ਰਮੇਸ਼ ਜੈਨ, ਮੀਤ ਸਕਰੌਦੀ, ਪਵਨ ਹਰਚੰਦਪੁਰੀ, ਅਮਰ ਗਰਗ, ਵਿਜੈ ਕੁਮਾਰ, ਮੋਹਨ ਸਿੰਘ, ਗੁਰਜੰਤ ਸਿੰਘ ਰਾਹੀ, ਕੁਲਵੰਤ ਕਸਕ, ਬਲਦੀਪ ਸਿੰਘ ਆਦਿ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਇਸੇ ਮੌਕੇ ਸਿਰਮੌਰ ਕਵੀ ਡਾ. ਚਰਨਜੀਤ ਸਿੰਘ ਉਡਾਰੀ ਨੇ ਇੱਕ ਵਿਸ਼ੇਸ਼ ਕਵੀ ਦੇ ਰੂਪ ਵਿੱਚ ਆਪਣੀਆਂ ਛੇ ਕਵਿਤਾਵਾਂ ਸੁਣਾਈਆਂ ਅਤੇ ਸਭਾ ਨੂੰ ਯਕੀਨ ਦੁਆਇਆ ਕਿ ਉਹ ਛੇਤੀ ਹੀ ਆਪਣੀ ਕਵਿਤਾ ਦੀ ਪੁਸਤਕ ਪ੍ਰਕਾਸ਼ਤ ਕਰਾਉਣਗੇ। ਇਸ ਸਮਾਗਮ ਵਿੱਚ ਵਿਜੇ ਕੁਮਾਰ, ਰਮੇਸ਼ ਜੈਨ ਕਾਮਰੇਡ, ਡਾ. ਮੱਘਰ ਸਿੰਘ, ਮੋਹਨ ਸਿੰਘ, ਵੀ.ਪੀ. ਸ਼ਰਮਾ, ਧਰਮ ਸਿੰਘ, ਹਰਮਿੰਦਰਪਾਲ ਸਿੰਘ, ਬੀ.ਕੇ. ਬਿੰਦਲ ਐਡਵੋਕੇਟ ਸਮੇਤ ਅਨੇਕਾਂ ਪ੍ਰਤਿਸ਼ਠਿਤ ਵਿਅਕਤੀ ਮੌਜੂਦ ਸਨ। ਸਾਰੇ ਪ੍ਰੋਗਰਾਮ ਦੀ ਸਟੇਜ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਸੰਭਾਲੀ । 

Install Punjabi Akhbar App

Install
×