ਪੰਜਾਬੀ ਸਾਹਿਤ ਸਭਾ ਵੱਲੋਂ ਡਾ: ਨਰਵਿੰਦਰ ਸਿੰਘ ਕੌਸ਼ਲ, ਡਾ: ਰਾਜ ਕੁਮਾਰ ਗਰਗ ਅਤੇ ਜਨਾਬ ਬੀ.ਕੇ.ਬਰਿਆਹ ਸਨਮਾਨਿਤ

01

ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਕੇਂਦਰੀ ਪੰਜਾਬੀ ਲੇਖ ਸਭਾ (ਸੇਖੋਂ) ਦੇ ਸਹਿਯੋਗ ਨਾਲ ਦਫ਼ਤਰ ਭਾਸ਼ਾ ਵਿਭਾਗ ਸੰਗਰੂਰ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਡਾ: ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕਿਹਾ ਕਿ ਪੁਸਤਕ ਸੱਭਿਆਚਾਰ ਦੇ ਵਿਕਾਸ ਵਿੱਚ ਸਾਹਿਤ ਸਭਾਵਾਂ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਉਹਨਾਂ ਅਫ਼ਸੋਸ ਜਾਹਰ ਕੀਤਾ ਕਿ ਕੁੱਝ ਉਹ ਲੇਖਕ ਜੋ ਖੁਦ ਸਾਹਿਤਕ ਸਭਾਵਾਂ ਦੀ ਦੇਣ ਹਨ, ਸਭਾਵਾਂ ਲਈ ਨਿੰਦਾ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ। ਲਿਖੀਆਂ ਜਾ ਰਹੀਆਂ ਸਾਹਿਤਕ ਰਚਨਾਵਾਂ ਵਿਚਲੀ ਭਾਵ-ਉਤੇਜਨਾ ਨੂੰ ਮਾਨਵੀ ਸਿਰਜਣਾ ਸ਼ਕਤੀ ਵਿੱਚ ਰੂਪਾਂਤਰ ਕਰਨ ਦਾ ਸੁਨੇਹਾ ਇਹ ਸਭਾਵਾਂ ਹੀ ਦਿੰਦੀਆਂ ਹਨ।ਡਾ: ਮਾਨ ਨੇ ਇਹ ਵਿਚਾਰ ਪ੍ਰਸਿੱਧ ਵਿਦਵਾਨ ਆਲੋਚਕ ਡਾ: ਨਰਵਿੰਦਰ ਸਿੰਘ ਕੌਸ਼ਲ ਦਾ ਸਨਮਾਨ ਅਤੇ ਗਲਪਕਾਰ ਡਾ: ਰਾਜ ਕੁਮਾਰ ਗਰਗ ਅਤੇ ਪ੍ਰਸਿੱਧ ਰੰਗ ਕਰਮੀ ਜਨਾਬ ਬੀ.ਕੇ.ਬਰਿਆਹ ਦੀਆਂ ਪੁਸਤਕਾਂ ਲੋਕ ਅਰਪਣ ਕਰਨ ਸਮੇਂ ਪ੍ਰਗਟ ਕੀਤੇ।
ਇਸ ਵਿਸ਼ਾਲ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਡਾ: ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖ ਸਭਾ (ਸੇਖੋਂ) ਨੇ ਕੀਤੀ। ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ: ਭਗਵੰਤ ਸਿੰਘ ਖੋਜ ਅਫਸਰ ਭਾਸ਼ਾ ਵਿਭਾਗ ਪੰਜਾਬ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਬਲਰਾਜ ਓਬਰਾਏ ਬਾਜ਼ੀ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ, ਸ੍ਰ: ਰਜਿੰਦਰ ਸਿੰਘ ਪ੍ਰਕਾਸ਼ਕ ਨੈਸ਼ਨਲ ਬੁੱਕ ਸ਼ਾਪ ਦਿੱਲੀ, ਡਾ: ਨਰਵਿੰਦਰ ਸਿੰਘ ਕੌਸ਼ਲ, ਡਾ: ਰਾਜ ਕੁਮਾਰ ਗਰਗ, ਜਨਾਬ ਬੀ.ਕੇ.ਬਰਿਆਹ, ਡਾ: ਅਸ਼ੋਕ ਪ੍ਰਵੀਨ ਭੱਲਾ, ਡਾ: ਦਵਿੰਦਰ ਕੌਰ, ਸ੍ਰੀ ਪੂਰਨ ਚੰਦ ਜੋਸ਼ੀ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਸ਼ਾਮਲ ਸਨ।
ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਪ੍ਰਸਿੱਧ ਵਿਦਵਾਨ ਆਲੋਚਕ ਡਾ: ਨਰਵਿੰਦਰ ਸਿੰਘ ਕੌਸ਼ਲ, ਡਾ: ਰਾਜ ਕੁਮਾਰ ਗਰਗ, ਜਨਾਬ ਬੀ.ਕੇ.ਬਰਿਆਹ ਨੂੰ ਸਨਮਾਨ ਪੱਤਰ ਸ਼ਾਲ ਅਤੇ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪੱਤਰ ਡਾ: ਭਗਵੰਤ ਸਿੰਘ, ਡਾ: ਦਵਿੰਦਰ ਕੌਰ ਅਤੇ ਸ੍ਰ: ਜਗਦੀਪ ਸਿੰਘ ਨੇ ਪੜ੍ਹੇ। ਇਸ ਤੋਂ ਇਲਾਵਾ ਸ੍ਰ: ਰਜਿੰਦਰ ਸਿੰਘ ਦਿੱਲੀ, ਸ੍ਰੀ ਪੂਰਨ ਚੰਦ ਜੋਸ਼ੀ, ਸ੍ਰ: ਜਗਮੀਤ ਸਿੰਘ ਨੂੰ ਵੀ ਪੰਜਾਬੀ ਸਾਹਿਤ ਸਭਾ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਪ੍ਰਧਾਨਗੀ ਮੰਡਲ ਵੱਲੋਂ ਡਾ: ਰਾਜ ਕੁਮਾਰ ਗਰਗ ਦੁਆਰਾ ਰਚਿਤ ਦੋ ਪੁਸਤਕਾਂ “ਸੁਲਘਦੀ ਅੱਗ ਦਾ ਸੇਕ” (ਨਾਵਲ), “ਜੈਵਿਕ ਖੇਤੀ ਅਤੇ ਜੀਵ ਵਿਗਿਆਨ” (ਗਿਆਨ ਪੁਸਤਕ) ਅਤੇ ਜਨਾਬ ਬੀ.ਕੇ.ਬਰਿਆਹ ਦੁਆਰਾ ਰਚਿਤ ਕਾਵਿ ਸੰਗ੍ਰਹਿ “ਅੱਖਰਾਂ ਦੇ ਘੁੰਗਰੂ” ਲੋਕ ਅਰਪਣ ਕੀਤੀਆਂ ਗਈਆਂ। ਡਾ ਨਰਵਿੰਦਰ ਸਿੰਘ ਕੌਸ਼ਲ ਨੇ ਸਨਮਾਨ ਲਈ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਦੇ ਘਰ ਵਿੱਚ “ਸਿੱਧ” ਪਦਵੀ ਹਾਸਿਲ ਕਰਨਾ ਵੱਡੇ ਮਾਦ ਦੀ ਗੱਲ ਹੈ। ਰਚਨਾ ਅਤੇ ਰਚਨਾਕਾਰ ਦਾ ਆਪਸੀ ਸਬੰਧ ਜੋੜਦਿਆਂ ਡਾ: ਕੌਸ਼ਲ ਨੇ ਕਿਹਾ ਕਿ ਚੰਗੇ ਕਿਰਦਾਰ ਵਾਲਾ ਲੇਖਕ ਹੀ ਚੰਗੀ ਰਚਨਾ ਕਰ ਸਕਦਾ ਹੈ। ਡਾ: ਰਾਜ ਕੁਮਾਰ ਗਰਗ ਨੇ ਕਿਹਾ ਕਿ ਮੈਂ ਅੱਜ ਤੱਕ ਜੋ ਵੀ ਸਾਹਿਤ ਸਿਰਜਣਾ ਕੀਤੀ ਹੈ ਉਸ ਪਿੱਛੇ ਪੰਜਾਬੀ ਸਾਹਿਤ ਸਭਾ ਰੂਪੀ ਗੁਰੂਕੁੱਲ ਦਾ ਬਹੁਤ ਵੱਡਾ ਹੱਥ ਹੈ। ਜਨਾਬ ਬੀ.ਕੇ.ਬਰਿਆਹ ਨੇ ਕਿਹਾ ਕਿ ਮੈਂ ਆਪਣੀ ਪੁਸਤਕ ਨੂੰ ਤਾਂ ਹੀ ਸਫਲ ਸਮਝਾਂਗਾ ਜੇਕਰ ਅੱਖਰਾਂ ਦੇ ਘੁੰਗਰੂਆਂ ਦੀ ਟੁਨਕਾਰ ਸਾਫ਼ ਸੁਥਰੀ ਗਾਇਕੀ ਦਾ ਸੰਦੇਸ਼ ਦੇਣ ਵਿੱਚ ਸਫ਼ਲ ਹੋਵੇਗੀ।
ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਮਰਪਿਤ ਵਿਸ਼ਾਲ ਕਵੀ ਕਰਬਾਰ ਵਿੱਚ ਸਰਵ ਸ੍ਰੀ ਅਮਰੀਕ ਗਾਗਾ, ਗੁਲਜਾਰ ਸਿੰਘ ਸ਼ੌਂਕੀ, ਪੂਰਨ ਚੰਦ ਜੋਸ਼ੀ, ਡਾ: ਇਕਬਾਲ ਸਿੰਘ, ਡਾ: ਸੁਖਵਿੰਦਰ ਸਿੰਘ ਪਰਮਾਰ, ਸੁਰਿੰਦਰ ਸਿੰਘ ਰਾਜਪੂਤ, ਮੇਘ ਗੋਇਲ, ਕਰਤਾਰ ਠੁੱਲੀਵਾਲ, ਡਾ: ਅਸ਼ੋਕ ਪ੍ਰਵੀਨ ਭੱਲਾ, ਡਾ: ਗੁਰਬਚਨ ਝੰਨੇੜੀ, ਅਮਰਜੀਤ ਸਿੰਘ ਅਮਨ, ਦੇਸ਼ ਭੂਸ਼ਣ, ਜੀਤ ਹਰਜੀਤ, ਭੁਪਿੰਦਰ ਸਿੰਘ ਖਾਲਸਾ, ਗੁਰਨਾਮ ਸਿੰਘ, ਕੁਲਵੰਤ ਕਸਕ, ਸੁਰਿੰਦਰਪਾਲ, ਰਾਮ ਮੂਰਤ ਸਿੰਘ, ਅਮਰ ਗਰਗ ਕਲਮਦਾਨ, ਕੌਰ ਸੈਨ, ਬੀਰਪਾਲ ਸ਼ਰਮਾ, ਭਰਗਾਨੰਦ ਲੌਂਗੋਵਾਲ, ਕੁਲਵੰਤ ਸਿੰਘ ਖਨੌਰੀ, ਬਾਲੀ ਰੇਤਗੜ੍ਹ, ਜਗਸੀਰ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ ਓੁਬਰਾਏ ਨੇ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਇਸ ਮੌਕੇ ਸ੍ਰੀ ਰਣਜੀਤ ਬਰਿਆਹ, ਸ੍ਰੀ ਹਾਕਮ ਖਾਨ ਨਾਭਾ, ਡਾ: ਪਵਨ ਅੱਗਰਵਾਲ, ਬਲਵਿੰਦਰ ਸਿੰਘ, ਸ੍ਰੀ ਨਵਦੀਪ ਗਰਗ ਆਦਿ ਵੀ ਮੌਜੂਦ ਸਨ।ਅਖੀਰ ਵਿੱਚ ਧੰਨਵਾਦੀ ਸ਼ਬਦ ਗੁਰਨਾਮ ਸਿੰਘ ਇਤਿਹਾਸਖੋਜੀ ਨੇ ਕਹੇ। ਅਗਲਾ ਸਮਾਗਮ 7 ਅਗਸਤ ਨੂੰ ਸ੍ਰੀ ਪੂਰਨ ਚੰਦ ਜੋਸ਼ੀ ਜੀ ਦੀ ਪੁਸਤਕ “ਪੂਰਨ ਪ੍ਰੀਤ” ਉੱਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਦੇ ਐਲਾਨ ਨਾਲ ਸਮਾਪਤ ਹੋਇਆ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਬਲਰਾਜ ਓਬਰਾਏ ਬਾਜ਼ੀ ਨੇ ਬਾਖੂਬੀ ਕੀਤਾ।

Install Punjabi Akhbar App

Install
×