ਪੰਜਾਬੀ ਸਾਹਿਬ ਸਭਾ ਗਲਾਸਗੋ ਦੀ ਇਕੱਤਰਤਾ ਦੌਰਾਨ ਵਿਚਾਰੇ ਗਏ ਗੰਭੀਰ ਮੁੱਦੇ

  • ਸਾਹਿਤ ਮਨੁੱਖੀ ਸਖ਼ਸ਼ੀਅਤ ‘ਚ ਨਿਖਾਰ ਲਿਆਉਂਦਾ ਹੈ- ਦਿਲਾਵਰ ਸਿੰਘ, ਦਿਲਬਰ

12 Sep 2019 KhurmiUK 01

ਲੰਡਨ/ ਗਲਾਸਗੋ — ”ਸਾਹਿਤ ਪੜ੍ਹਨ ਦੀ ਰੁਚੀ ਮਨੁੱਖ ਦੇ ਮਨ ਨੂੰ ਉਚਾਈਆਂ ਦੇ ਦੀਦਾਰੇ ਕਰਵਾਉਂਦਾ ਹੈ। ਲੇਖਕ ਵਰਗ ਦੀ ਮਿਹਨਤ ਦਾ ਨਿਚੋੜ ਬਣ ਕੇ ਜਦ ਸਾਹਿਤ ਕਾਗਜ਼ਾਂ ਦੀ ਹਿੱਕ ‘ਤੇ ਉੱਕਰਿਆ ਜਾਂਦਾ ਹੈ ਤਾਂ ਉਹ ਸਮੁੱਚੇ ਖਿੱਤੇ ਦੀ ਧਰੋਹਰ ਬਣ ਜਾਂਦਾ ਹੈ। ਨਿਰਸੰਦੇਹ ਸਾਹਿਤ ਮਨੁੱਖੀ ਸਖ਼ਸ਼ੀਅਤ ‘ਚ ਨਿਖਾਰ ਲਿਆਉਣ ਦਾ ਕੰਮ ਕਰਦਾ ਹੈ। ਸਾਡੀ ਸਭ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਾਹਿਤਕ ਕ੍ਰਿਤਾਂ ਨੂੰ ਸਾਂਭਣ ਦੇ ਨਾਲ ਨਾਲ ਪਾਠਕਾਂ ਦੀ ਕਤਾਰ ਵੀ ਲੰਮੀ ਕੀਤੀ ਜਾਵੇ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ ਗਲਾਸਗੋ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਤੇ ਸਕੱਤਰ ਦਲਜੀਤ ਸਿੰਘ ਦਿਲਬਰ ਨੇ ਕੀਤਾ। ਸਮਾਗਮ ਦੀ ਸ਼ੁਰੂਆਤ ਲੇਖਕ ਅਮਰ ਮੀਨੀਆਂ ਤੇ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਸ਼ਮੂਲੀਅਤ ਕਰਨ ‘ਤੇ ਜੀ ਆਇਆਂ ਕਹਿਣ ਨਾਲ ਹੋਈ। ਇਸ ਉਪਰੰਤ ਸਮੂਹ ਸਭਾ ਮੈਂਬਰਾਨ ਨੇ ਨਵੇਂ ਜੀਆਂ ਨਾਲ ਆਪਣੀ ਜਾਣ-ਪਹਿਚਾਣ ਕਰਵਾਈ। ਸਕੱਤਰ ਦਲਜੀਤ ਸਿੰਘ ਦਿਲਬਰ ਨੇ ਸਭਾ ਵੱਲੋਂ ਕਰਵਾਏ ਗਏ ਪਿਛਲੇ ਸਮਾਗਮਾਂ ਦੀ ਵਿਸਥਾਰਿਤ ਰਿਪੋਰਟ ਪੇਸ਼ ਕੀਤੀ, ਜਿਸ ਉੱਪਰ ਭਖਵੀਂ ਚਰਚਾ ਦੇ ਨਾਲ ਨਾਲ ਰਹਿ ਗਈਆਂ ਤਰੁੱਟੀਆਂ ਨੂੰ ਭਵਿੱਖਤ ਸਮਾਗਮਾਂ ਵਿੱਚੋਂ ਦੂਰ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਜਿਕਰਯੋਗ ਹੈ ਕਿ ਪੰਜਾਬੀ ਸਾਹਿਤ ਸਭਾ ਗਲਾਸਗੋ ਸਿਰਫ ਆਪਣੀ ਸਭਾ ਦੀਆਂ ਹੀ ਸਰਗਰਮੀਆਂ ਤੱਕ ਸੀਮਤ ਨਾ ਹੋ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਗੁਰਦੁਆਰਾ ਅਧੀਨ ਚਲਦੇ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੀ ਚਿੰਤਤ ਰਹਿੰਦੀ ਹੈ। ਇਸੇ ਤਹਿਤ ਹੀ ਸਭਾ ਦੇ ਸਮਾਗਮਾਂ ਵਿੱਚ ਵਿਦਿਆਰਥੀਆਂ ਨੂੰ ਸੱਭਿਆਚਾਰਕ ਵੰਨਗੀਆਂ ਵਿੱਚ ਪੇਸ਼ਕਾਰੀ ਲਈ ਬਾਕਾਇਦਾ ਤਿਆਰੀ ਕਰਵਾ ਕੇ ਮੰਚ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸੰਬੰਧੀ ਬੋਲਦਿਆਂ ਸਭਾ ਅਹੁਦੇਦਾਰ ਦਿਲਬਾਗ ਸਿੰਘ ਸੰਧੂ, ਤਰਲੋਚਨ ਸਿੰਘ ਮੁਠੱਡਾ, ਹਰਜੀਤ ਦੁਸਾਂਝ, ਸੁਖਦੇਵ ਰਾਹੀ, ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸਾਹਿਤ ਦਾ ਅਸਲ ਮਨੋਰਥ ਹਰ ਵਰਗ ਨੂੰ ਇੱਕ ਲੜੀ ਵਿੱਚ ਪ੍ਰੋਣਾ ਹੁੰਦਾ ਹੈ। ਸਾਹਿਤ ਦੀ ਸਾਰਥਿਕਤਾ ਹੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਸਮਾਜ ਦਾ ਹਰ ਵਰਗ ਸਾਹਿਤ ਦੇ ਸ਼ੀਸ਼ੇ ਨੂੰ ਜ਼ਰੂਰ ਨਿਹਾਰੇ। ਇਕੱਤਰਤਾ ਦੌਰਾਨ ਜਿੱਥੇ ਵੱਖ ਵੱਖ ਸਾਹਿਤਕਾਰਾਂ ਦੀ ਲਿਖਣ ਸ਼ੈਲੀ ਸੰਬੰਧੀ ਹਾਜਰੀਨ ਨੇ ਆਪੋ ਆਪਣਾ ਨਜ਼ਰੀਆ ਪੇਸ਼ ਕੀਤਾ, ਉੱਥੇ ਸਭਾ ਦੇ ਵਿਸਾਖੀ 2020 ਤੱਕ ਦੇ ਸਮਾਗਮਾਂ ਨੂੰ ਲੜੀਬੱਧ ਕਰਕੇ ਤਿਆਰੀਆਂ ਲਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

Install Punjabi Akhbar App

Install
×