ਨਿਊਜ਼ੀਲੈਂਡ ਦੇ ਉਤਰੀ ਟਾਪੂ ਦੇ ਵਿਚ ਵਸਿਆ ਦੂਜਾ ਵੱਡਾ ਸ਼ਹਿਰ ਹੇਸਟਿੰਗਜ਼ ਹੈ। ਇਥੇ ਪੰਜਾਬੀਆਂ ਦੀ ਗਿਣਤੀ ਵੀ ਕਾਫੀ ਹੋ ਚੁੱਕੀ ਹੈ ਅਤੇ ਗੁਰਦੁਆਰਾ ਸਾਹਿਬ ਵੀ ਲੰਬੇ ਅਰਸੇ ਤੋਂ ਹੈ। ਇਥੇ ਵਸਦੇ ਪੰਜਾਬੀ ਨੌਕਰੀਆਂ, ਖੇਤੀਬਾੜੀ ਅਤੇ ਬਿਜ਼ਨਸ ਦੇ ਨਾਲ ਘਰਾਂ ਦੇ ਵਿਚ ਸਬਜ਼ੀਆਂ ਆਦਿ ਉਗਾ ਕੇ ਪੰਜਾਬੀ ਕਿਸਾਨੀ ਦਾ ਆਪਣਾ ਸ਼ੌਕ ਵੀ ਪੂਰਾ ਕਰਦੇ ਹਨ। ਸ. ਜਰਨੈਲ ਸਿੰਘ ਜੇ.ਪੀ. ਜੋ ਕਿ ਇਕ ਬਿਜਨਸਮੈਨ ਹਨ ਦੇ ਘਰ ਉਨ੍ਹਾਂ ਦੇ ਸਤਿਕਾਰਯੋਗ ਸੱਸ ਮਾਤਾ ਸ੍ਰੀਮਤੀ ਮਹਿੰਦਰ ਕੌਰ ਨੇ ਪੰਜਾਬੀ ਘਰੇਲੂ ਕਿਸਾਨੀ ਦੀ ਉਦਾਹਰਣ ਪੇਸ਼ ਕਰਦਿਆਂ ਅਮਰੀਕੀ ਕੱਦੂ ਦੀ ਵੇਲ ਨੂੰ ਐਨੀ ਮਿਹਨਤ ਦੇ ਨਾਲ ਉਗਾਇਆ ਅਤੇ ਪਾਲਿਆ ਕਿ ਉਸਨੂੰ ਲੱਗਣ ਵਾਲਾ ਇਕ ਕੱਦੂ ਆਪਣਾ ਕੱਦ-ਕਾਠ ਐਨਾ ਵੱਡਾ ਕਰ ਗਿਆ ਕਿ ਉਸਦਾ ਭਾਰ 83.7 ਕਿਲੋਗ੍ਰਾਮ ਹੋ ਗਿਆ। ਇਸ ਵੱਡਅਕਾਰੀ ਕੱਦੂ ਬਾਰੇ ਹੈਵਲੌਕ ਨਾਰਥ ਬਿਜ਼ਨਸ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ ਗਈ। ਸ. ਜਰਨੈਲ ਸਿੰਘ ਹੋਰਾਂ ਇਸ ਕੱਦੂ ਦੇ ਭਾਰ ਦਾ ਅੰਦਾਜ਼ਾ ਲਗਾਉਣ ਲਈ ਇਕ ਮੁਕਾਬਲਾ ਚਲਾਇਆ ਜੋ ਕਿ ਮਿਲਕ ਡੇਅਰੀ ਉਤੇ ਕੂਪਨ ਸਿਸਟਮ ਨਾਲ ਚਲਾਇਆ ਗਿਆ। 2 ਡਾਲਰ ਪ੍ਰਤੀ ਐਂਟਰੀ ਫੀਸ ਦੇ ਕੇ 70 ਲੋਕਾਂ ਨੇ ਇਸ ਵਿਚ ਭਾਗ ਲਿਆ। ਜਦੋਂ ਬੀਤੇ ਕੱਲ੍ਹ ਨਤੀਜਾ ਕੱਢਿਆ ਗਿਆ ਤਾਂ ਦੋ ਬੱਚਿਆਂ ਮਿਸਟਰ ਲੀਏਮ (9) ਅਤੇ ਮਿਸ ਭੁਪਿੰਦਰਜੀਤ ਕੌਰ ਨੇ ਸਹੀ ਭਾਰ ਦੱਸ ਕੇ 50-50 ਡਾਲਰ ਦੀ ਇਨਾਮੀ ਰਾਸ਼ੀ ਹਾਸਿਲ ਕੀਤੀ। ਬਾਕੀ ਦੇ 40 ਡਾਲਰ ਸ. ਜਰਨੈਲ ਸਿੰਘ ਜੇ.ਪੀ. ਵੱਲੋਂ ਕੈਂਸਰ ਸੁਸਾਇਟੀ ਨੂੰ ਭੇਟ ਕੀਤੇ ਜਾਣਗੇ। ਵੱਡ ਅਕਾਰੀ ਕੱਦੂ ਨੂੰ ਫਿਰ ‘ਫੂਡ ਬੈਂਕ’ ਨੂੰ ਭੇਟ ਕਰ ਦਿੱਤਾ ਗਿਆ ਜੋ ਕਿ ਲੋੜਵੰਦਾਂ ਨੂੰ ਇਸਦਾ ਸੂਪ ਬਣਾ ਕੇ ਪਿਲਾਉਣਗੇ। ਇਸ ਤਰ੍ਹਾਂ ਇਹ ਕੱਦੂ ਕਈਆਂ ਨੂੰ ਇਨਾਮ, ਸਵਾਦ ਅਤੇ ਦਾਨ ਦੇ ਕੇ ਆਪਣੀ ਹਸਤੀ ਮਿਟਾ ਗਿਆ।