ਨਿਊਜ਼ੀਲੈਂਡ ਦੇ ‘ਪੰਜਾਬੀ ਮੀਡੀਆ ਕਰਮੀਆਂ’ ਵਲੋਂ ਪੱਤਰਕਾਰ ਬਲਤੇਜ ਪੰਨੂ ਦੀ ਗ੍ਰਿਫਤਾਰੀ ਦਾ ਵਿਰੋਧ

Baltej Pannuਪੱਤਰਕਾਰਿਤਾ ਜਿੱਥੇ ਇਕ ਪੇਸ਼ਾ ਹੈ ਉਥੇ ਸਮਾਜ ਸੇਵਾ ਦਾ ਜ਼ਜਬਾ ਵੀ ਇਸ ਵਿਚੋਂ ਝਲਕਦਾ ਹੈ, ਪਰ ਕਈ ਵਾਰ ਪੱਤਰਕਾਰਾਂ ਨਾਲ ਧੱਕਾ ਹੋਇਆ ਵੀ ਪ੍ਰਤੀਤ ਹੁੰਦਾ ਹੈ ਜੋ ਕਿ ਸਰਕਾਰਾਂ ਕਰਦੀਆਂ ਹਨ। ਉਦਾਹਰਣ ਦੇ ਤੌਰ ‘ਤੇ ਦੇਸ਼-ਵਿਦੇਸ਼  ਵਸੇ ਪੰਜਾਬੀਆਂ ਵਲੋਂ ਖਾਸ ਤੌਰ ‘ਤੇ ਮੀਡੀਆ ਕਰਮੀਆਂ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਵਾਪਰਦੇ ਅਜਿਹੇ ਘਟਨਾ-ਚੱਕਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਜਿੱਥੇ ਸਮੇਂ ਦੀਆਂ ਸਰਕਾਰਾਂ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਖਿਲਾਫ ਦਮਨਕਾਰੀ ਨੀਤੀਆਂ ਜਾਰੀ ਹਨ, ਉੱਥੇ ਮੀਡੀਆ ਕਰਮੀਆਂ ਉੱਤੇ ਵੀ ਅਣਐਲਾਨੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਜੋਕੇ ਮੁਦਿੱਆਂ ਦੀ ਰਿਪੋਰਟਿੰਗ ਕਰਦੇ ਬੇਬਾਕ ਪੱਤਰਕਾਰਾਂ ਵਿੱਚੋਂ  ਕੁੱਝ ਦਿਨ ਪਹਿਲਾਂ ਪੱਤਰਕਾਰ ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ  ਤੇ ਹੁਣ ਬੀਤੇ ਦਿਨੀਂ ਉੱਘੇ ਪ੍ਰਵਾਸੀ ਪੱਤਰਕਾਰ ਬਲਤੇਜ ਪੰਨੂ ਹੋਰਾਂ ਨੂੰ ਇੱਕ ਕੇਸ ਵਿੱਚ ਉਲਝਾ ਕੇ ਪਟਿਆਲਾ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ। ਅਜੀਬੋ-ਗਰੀਬ ਤਰੀਕੇ ਨਾਲ ਹੁੰਦੇ ਇਸ ਵਰਤਾਰੇ ਦੀ ਹਰ ਜਾਗਦੀ ਜ਼ਮੀਰ ਵਾਲੇ ਬਸ਼ਰ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ। ਅੱਜ ਇੱਥੇ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਵਲੋਂ ਸਾਂਝੇ ਬਿਆਨ ਰਾਹੀਂ ਬਲਤੇਜ ਪੰਨੂ ਦੀ ਗ੍ਰਿਫਤਾਰੀ ਦਾ ਵਿਰੋਧ ਦਰਜ ਕਰਵਾਇਆ ਗਿਆ। ਬਲਤੇਜ ਸਿੰਘ ਪੰਨੂ ਹੋਰਾਂ ਨੂੰ ਨਿਊਜ਼ੀਲੈਂਡ ਪੰਜਾਬੀ ਮੀਡੀਏ ਦਾ ਇਕ ਨੁਮਾਇੰਦਾ ਵੀ ਉਨ੍ਹਾਂ ਨਾਲ ਮੁਲਾਕਾਕ ਕਰਨ ਦੀ ਕੋਸ਼ਿਸ ਕਰੇਗਾ ਤਾਂ ਕਿ ਇਸ ਕੇਸ ਬਾਰੇ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਨਿਊਜ਼ੀਲੈਂਡ ਪੰਜਾਬੀ ਮੀਡਾ ਵੱਲੋਂ ਬਲਤੇਜ ਪੰਨੂ ਹੋਰਾਂ ਦੀ ਹਰ ਤਰੀਕੇ ਨਾਲ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਮੀਡੀਆ ਕਰਮੀਆਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਅਜਿਹੇ ਮਾਮਲਿਆਂ ਵਿਚ ਸੰਜੀਦਾ ਤਰੀਕੇ ਨਾਲ ਪੇਸ਼ ਆਵੇ ਨਾ ਕਿ ਹੁਕਮਰਾਨ ਦੀ ਤਰ੍ਹਾਂ ਕਾਨੂੰਨ ਦੀ ਉਲੰਘਣਾ ਕਰਦਿਆਂ ਕਿਸੇ ਨੂੰ ਗ੍ਰਿਫਤਾਰ ਕਰੇ। ਇਕ ਪ੍ਰਵਾਸੀ ਦੇ ਕਿੰਨੇ ਹੱਕ ਮੌਜੂਦ ਅਤੇ ਉਹ ਕਿੰਨਾ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਕਾਨੂੰਨ ਦੇ ਵਿਚ ਸਭ ਦਰਜ ਹੈ ਪਰ ਫਿਰ ਵੀ ਸੜਕ ਉਤੇ ਆਪਣੀ ਕਾਰ ਵਿਚ ਜਾ ਰਹੇ ਇਸ ਪੱਤਰਕਾਰ ਨੂੰ ਉਸੇ ਸਮੇਂ ਗ੍ਰਿਫਤਾਰ ਕਰ ਲੈਣਾ ਬੜੀ ਸ਼ਰਮ ਦੀ ਗੱਲ ਹੈ। ਕੀ ਅਜਿਹੇ ਵਾਕਿਆ ਪੂਰੀ ਦੁਨੀਆ ਦੇ ਵਿਚ ਫੈਲਣ ਨਾਲ ਕੋਈ ਪੰਜਾਬ ਦੇ ਵਿਚ ਜਾ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇਗਾ? ਇਹ ਮੌਜੂਦਾ ਸਰਕਾਰ ਨੂੰ ਜਰੂਰ ਸੋਚਣਾ ਚਾਹੀਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks