ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

FullSizeRender (2)

ਫੀਨਿਕਸ, 17 ਜੁਲਾਈ — 44 ਸਾਲਾ ਪੰਜਾਬੀ ਅਵਤਾਰ ਸਿੰਘ ਗਰੇਵਾਲ ਨੂੰ ਅਮਰੀਕੀ ਅਦਾਲਤ ਵੱਲੋਂ ਆਪਣੀ ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਦੋਸ਼ੀ ਕਰਾਰ ਦਿੱਤਾ ਗਿਆ ਹੈ। ਗਰੇਵਾਲ ਨੂੰ 23 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਅਦਾਲਤ ਵੱਲੋਂ ਉਸ ਨੂੰ ਅੱਵਲ ਦਰਜੇ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ।

ਅਵਤਾਰ ਗਰੇਵਾਲ ‘ਤੇ ਦੋਸ਼ ਹੈ ਕਿ ਉਸ ਨੇ ਆਹਵਤੁਕੀ ਵਿਖੇ 2007 ਵਿਚ ਆਪਣੀ 30 ਸਾਲਾ ਪਤਨੀ ਨਵਨੀਤ ਕੌਰ ਨੂੰ ਬਾਥਟੱਬ ਵਿਚ ਡੋਬ ਕੇ ਮਾਰਿਆ ਸੀ। ਕਤਲ ਕਰਨ ਤੋਂ ਬਾਅਦ ਉਹ ਇੰਡੀਆ ਭੱਜ ਗਿਆ ਸੀ ਅਤੇ 2011 ਵਿਚ ਭਾਰਤ ਸਰਕਾਰ ਵੱਲੋਂ ਇਸ ਨੂੰ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨਵਨੀਤ ਕੌਰ ਅਤੇ ਅਵਤਾਰ ਗਰੇਵਾਲ ਦਾ ਵਿਆਹ 2005 ‘ਚ ਇੰਡੀਆ ‘ਚ ਹੋਇਆ ਸੀ। ਪਰ ਵਿਆਹ ਤੋਂ ਬਾਅਦ ਉਹ ਜ਼ਿਆਦਾ ਚਿਰ ਇਕੱਠੇ ਨਹੀਂ ਰਹੇ। ਅਵਤਾਰ ਗਰੇਵਾਲ ਕੈਨੇਡਾ ਰਹਿ ਰਿਹਾ ਸੀ। ਪਰ ਨਵਨੀਤ ਕੌਰ ਅਮਰੀਕਾ ਰਹਿ ਰਹੀ ਸੀ।

ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਅਵਤਾਰ ਗਰੇਵਾਲ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ। ਉਸ ਨੇ ਨਵਨੀਤ ਨੂੰ ਕਈ ਵਾਰ ਫੋਨ ਵੀ ਕੀਤੇ। ਪਰ ਨਵਨੀਤ ਨੇ ਕੋਈ ਜਵਾਬ ਨਹੀਂ ਦਿੱਤਾ। ਵਕੀਲ ਨੇ ਧਾਰਨਾ ਦਿੱਤੀ ਕਿ ਗਰੇਵਾਲ ਨੇ ਖੁਦ ਵੀ ਕਈ ਵਾਰ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਥੇ ਇਹ ਵੀ ਕਿਹਾ ਗਿਆ ਕਿ ਵਿਆਹ ਦੌਰਾਨ ਨਵਨੀਤ ਕੌਰ ਨੂੰ ਦਿਲ ਦੀ ਸਰਜਰੀ ਦੀ ਲੋੜ ਸੀ, ਜਿਸ ਲਈ ਉਸ ਨੇ ਅਮਰੀਕਾ ਨੂੰ ਚੁਣਿਆ। ਪਰ ਗਰੇਵਾਲ ਉਸ ਦਾ ਇਲਾਜ ਕੈਨੇਡਾ ਵਿਚ ਕਰਵਾਉਣਾ ਚਾਹੁੰਦਾ ਸੀ। ਨਵਨੀਤ ਕੌਰ ਦੀ ਮੌਤ ਤੋਂ ਕੁੱਝ ਦਿਨ ਪਹਿਲਾਂ ਉਸ ਨੇ ਗਰੇਵਾਲ ਨੂੰ ਫੋਨ ਕਰਕੇ ਕਿਹਾ ਕਿ ਉਹ ਤਲਾਕ ਲੈਣਾ ਚਾਹੁੰਦੀ ਹੈ, ਇਸ ਕਰਕੇ ਉਹ ਉਸ ਕੋਲ ਆਵੇ। ਗਰੇਵਾਲ ਕੈਨੇਡਾ ਤੋਂ ਤੁਰੰਤ ਆਹਵਤੁਕੀ ਪਹੁੰਚਿਆ। ਨਵਨੀਤ ਕੌਰ ਉਸ ਨੂੰ ਖੁਦ ਏਅਰਪੋਰਟ ਤੋਂ ਘਰ ਲੈ ਕੇ ਗਈ ਅਤੇ ਘਰ ਜਾ ਕੇ ਉਸ ਨੇ ਫਿਰ ਤੋਂ ਤਲਾਕ ਬਾਰੇ ਗੱਲ ਕੀਤੀ। ਇਸ ਵਿਚ ਦੋਵਾਂ ਵਿਚਾਲੇ ਤਕਰਾਰ ਹੋ ਗਿਆ। ਦੋਵੇਂ ਗੁੱਥਮ-ਗੁੱਥਾ ਵੀ ਹੋਏ। ਵਕੀਲਾਂ ਅਨੁਸਾਰ ਗਰੇਵਾਲ ਨੇ ਪਾਣੀ ਦੇ ਟੱਬ ਵਿਚ ਲਿਜਾ ਕੇ ਉਸ ਨੂੰ ਡੋਬ ਦਿੱਤਾ। ਕਤਲ ਕਰਨ ਤੋਂ ਬਾਅਦ ਉਸ ਨੇ ਇਕ ਨੋਟ ਲਿਖ ਕੇ ਮੌਕੇ ‘ਤੇ ਛੱਡਿਆ, ਜਿਸ ਵਿਚ ਉਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪਰ ਅਦਾਲਤ ਵਿਚ ਉਹ ਮੁਕਰ ਗਿਆ ਸੀ।

Install Punjabi Akhbar App

Install
×