ਪੰਜਾਬੀਓ! ਇੱਥੇ ਨਸਲਾਂ,ਫਿਰਕਿਆਂ ਜਾਂ ਧਰਮਾਂ ਦਾ ਰੌਲਾ ਨਹੀ,ਇਹ ਮਾਂ ਬੋਲੀ ਦੀ ਆਬਰੂ ਦਾ ਸੁਆਲ ਹੈ

bagel singh dhaliwal 190916 ਪੰਜਾਬੀਓ oo

ਪੰਜਾਬ ਭਾਸ਼ਾ ਵਿਭਾਗ ਨੇ 13 ਸਤੰਬਰ ਦਾ ਦਿਨ ਹਿੰਦੀ ਦਿਵਸ ਵਜੋਂ ਮਨਾਇਆ,ਜਿਸ ਵਿੱਚ ਪੰਜਾਬੀ ਅਤੇ ਹਿੰਦੀ ਦੇ ਲੇਖਿਕਾਂ ਨੇ ਭਾਗ ਲਿਆ।ਬਿਨਾ ਸ਼ੱਕ ਪੰਜਾਬ ਭਾਸ਼ਾ ਵਿਭਾਗ ਦਾ ਇਹ ਕੋਈ ਮਾੜਾ ਉੱਦਮ ਨਹੀ ਸੀ,ਬਲਕਿ ਇਹ ਉਹਨਾਂ ਦੀ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਦਾ ਸਤਿਕਾਰ ਦੇਣ ਵਜੋ ਕੀਤਾ ਗਿਆ ਉੱਦਮ ਸਮਝਣਾ ਚਾਹੀਦਾ ਹੈ,ਪਰੰਤੂ ਇਸ ਸਮਾਗਮ ਦਾ ਜਿਹੜਾ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਸਭ ਤੋ ਚਿੰਤਾਜਨਕ ਪਹਿਲੂ ਰਿਹਾ,ਉਹ ਇਹ ਹੈ ਕਿ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਹਿੰਦੀ ਦੇ ਲੇਖਿਕਾਂ ਵੱਲੋਂ ਪੰਜਾਬੀ ਪ੍ਰਤੀ ਜਿਸਤਰਾਂ ਦੀ ਭਾਸ਼ਾ ਵਰਤੀ ਗਈ,ਜਿਸਤਰਾਂ ਪੰਜਾਬੀ ਨੂੰ ਮਹਿਜ ਗਾਲੀ ਗਲੋਚ ਦੀ ਭਾਸ਼ਾ ਬਣਾ ਕੇ ਇਹਨੂੰ ਅਨਪੜ,ਮੂਰਖ ਗਵਾਰਾਂ ਦੀ ਭਾਸ਼ਾ ਬਨਾਉਣ ਦੀ ਕੋਸ਼ਿਸ਼ ਕੀਤੀ ਗਈ,ਉਸ ਵਰਤਾਰੇ ਨੂੰ ਅਣਗੌਲਿਆ ਨਹੀ ਕੀਤਾ ਜਾ ਸਕਦਾ,ਉਸ ਤੇ ਚਿੰਤਾ ਜਤਾਉਣੀ ਹਰ ਗੈਰਤਮੰਦ ਪੰਜਾਬੀ ਦਾ ਫਰਜ ਹੈ।ਕੇਂਦਰੀ ਪੰਜਾਬੀ ਲੇਖਿਕ ਸਭਾ ਦੇ ਪ੍ਰਧਾਨ ਡਾ ਤੇਜਵੰਤ ਸਿੰਘ ਮਾਨ ਵੱਲੋਂ ਲਿਆ ਗਿਆ ਸਟੈਂਡ ਬੇਹੱਦ ਹੀ ਸ਼ਲਾਘਾਯੋਗ ਹੈ,ਜਿਸ ਦੀ ਹਰ ਪੰਜਾਬੀ ਪਰੇਮੀ ਨੂੰ ਸ਼ਲਾਘਾ ਕਰਨੀ ਬਣਦੀ ਹੈ।

ਦੱਸਣਾ ਬਣਦਾ ਹੈ ਕਿ ਆਰ ਐਸ ਐਸ ਦੀ ਗੁੜਤੀ ਲੈ ਕੇ ਜੰਮੇ ਹਿੰਦੀ ਲੇਖਿਕਾਂ ਵੱਲੋਂ ਪੰਜਾਬ ਭਾਸ਼ਾ ਵਿਭਾਗ ਦੇ ਦਫਤਰ  ਪਟਿਆਲੇ ਵਿੱਚ ਕਰਵਾਏ ਗਏ ਸਮਾਗਮ ਮੌਕੇ ਪੰਜਾਬੀ ਪ੍ਰਤੀ ਨਫਰਤ ਭਰੇ ਵਤੀਰੇ ਤੇ ਤਿੱਖਾ ਪ੍ਰਤੀਕਰਮ  ਕਰਦੇ ਹੋਏ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਕੇਂਦਰੀ ਪੰਜਾਬੀ ਲੇਖਿਕ ਸਭਾ (ਸੇਖੋਂ) ਦੇ ਪ੍ਰਧਾਨ ਡਾ ਤੇਜਵੰਤ ਸਿੰਘ ਮਾਨ ਨੇ ਕਿਹਾ ਕਿ ਜਿਹੜੀ ਭਾਸ਼ਾ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਵਰਗੀ ਬਾਣੀ ਰਚੀ ਗਈ ਹੋਵੇ,ਜਿਸ ਭਾਸ਼ਾ ਵਿੱਚ ਵਾਰਸ ਸ਼ਾਹ ਦੀ ਹੀਰ ਵਰਗੀ ਕਿੱਸਾਕਾਰੀ ਹੋਵੇ,ਜਿਸ ਭਾਸ਼ਾ ਵਿੱਚ ਬੁੱਲੇ ਸ਼ਾਹ ਵਰਗੀ ਸੂਫੀਆਨਾ ਸ਼ਾਇਰੀ ਦੀ ਰਚਨਾ ਹੋਈ ਹੋਵੇ,ਉਸ ਭਾਸ਼ਾ ਨੂੰ ਤੁਸੀ ਗਾਲੀ ਗਲੋਚ ਦੀ ਭਾਸ਼ਾ ਕਹਿ ਕੇ ਕਿਵੇਂ ਬੇਇਜਤ ਕਰ ਸਕਦੇ ਹੋ? ਡਾ ਤੇਜਵੰਤ ਮਾਨ ਨੇ ਜਿੱਥੇ ਹਿੰਦੀ ਲੇਖਿਕਾਂ ਨੂੰ ਦਲੀਲਾਂ ਦੇ ਅਧਾਰ ਉਹਨਾਂ ਦੀ ਪੰਜਾਬੀ ਪ੍ਰਤੀ ਨਫਰਤ ਵਾਲੀ ਸੋਚ ਨੂੰ ਗਲਤ ਸਾਬਤ ਕੀਤਾ,ਓਥੇ ਉਹਨਾਂ ਨੇ ਹਿੰਦੀ ਲੇਖਿਕਾਂ ਤੇ ਪੰਜਾਬੀ ਪ੍ਰਤੀ ਅਜਿਹੀ ਪਹੁੰਚ ਰੱਖਣ ਦਾ ਗਿਲਾ ਵੀ ਕੀਤਾ।

ਸੰਘ ਦੇ ਵਰੋਸਾਏ ਹਿੰਦੀ ਲੇਖਿਕਾਂ ਨੇ ਅਪਣੇ ਵੱਲੋਂ ਵਰਤੀ ਗਈ ਬੇਰੁੱਖੀ ਵਾਲੀ ਪਹੁੰਚ ਤੇ ਕੋਈ ਪਛਤਾਵਾ ਕਰਨ ਦੀ ਬਜਾਏ ਉਲਟਾ ਇਸਤਰਾਂ ਦੀ ਪਹੁੰਚ ਅਪਣਾ ਲਈ,ਜਿਸ ਨੇ ਉਹਨਾਂ ਦੀ ਅਸਲੀਅਤ ਨੂੰ ਨੰਗਿਆ ਕਰ ਦਿੱਤਾ।ਉਹਨਾਂ ਦੇ ਇਸ ਪੰਜਾਬੀ ਵਿਰੋਧੀ ਹੈਂਕੜ ਭਰੇ ਨਫਰਤੀ ਵਤੀਰੇ ਨੇ ਇਹ ਸੋਚਣ ਲਈ ਮਜਬੂਰ ਕੀਤਾ ਹੈ,ਕਿ ਦੇਸ਼ ਦੀ ਵੰਨ ਸੁਵੰਨਤਾ ਦੇ ਕਾਤਲਾਂ ਵੱਲੋਂ ਪੰਜਾਬੀ ਬੋਲੀ,ਪੰਜਾਬੀ ਭਾਸ਼ਾ ਨੂੰ ਦੇਸ਼ ਨਿਕਾਲਾ ਦੇਣ ਦੇ ਯਤਨਾਂ ਨੂੰ ਠੱਲ੍ਹ ਪਾਉਣ ਲਈ ਹੁਣ ਪੰਜਾਬੀ ਦੇ ਲੇਖਿਕਾਂ,ਪੰਜਾਬੀ ਪਰੇਮੀਆਂ ਅਤੇ ਪੰਜਾਬੀ ਮਾਂ ਬੋਲੀ ਦੇ ਪੁੱਤਰਾਂ ਧੀਆਂ ਨੂੰ ਕੋਈ ਨਾ ਕੋਈ ਤਿਆਰੀ ਵਿੱਢਣੀ ਹੀ ਪਵੇਗੀ।ਇਸ ਘਟਨਾ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਸੋਚਵਾਨਾਂ ਵੱਲੋਂ ਪੰਜਾਬੀ ਨੂੰ ਖਤਮ ਕਰਨ ਦੇ ਜਤਾਏ  ਜਾ ਰਹੇ ਚਿਰ ਸਦੀਵੀ ਖਦਸੇ ਬਿਲਕੁਲ ਸਹੀ ਤੇ ਦਰੁਸਤ ਸਨ,ਪਰ ਅਸੀ ਇਸ ਪਾਸੇ ਤੋ ਵੀ ਅਵੇਸਲੇ ਰਹੇ ਹਾਂ ਤੇ ਲਗਾਤਾਰ ਅਵੇਸਲੇ ਹੀ ਚੱਲੇ ਆ ਰਹੇ ਹਾਂ।

ਪੰਜਾਬ ਦੀ ਇਹ ਤਰਾਸਦੀ ਰਹੀ ਹੈ ਕਿ ਇਹਦੇ ਹਿਤਾਂ ਦੀ ਗੱਲ ਕਰਨ ਵਾਲਿਆਂ ਨੂੰ ਸਾਡੇ ਅਪਣੇ ਹੀ ਚੌਧਰਾਂ ਦੇ ਭੁੱਖੇ ਲੀਡਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।ਬੇਸ਼ੱਕ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ,ਪੰਜਾਬ ਦੇ ਡੈਮਾਂ ਦੇ ਨਿਯੰਤਰਣ ਦੀ ਗੱਲ ਹੋਵੇ,ਪੰਜਾਬ ਦੇ ਪਾਣੀਆਂ ਤੋ ਤਿਆਰ ਹੁੰਦੀ ਬਿਜਲੀ ਪੰਜਾਬ ਤੋ ਖੋਹ ਕੇ ਦਿੱਲੀ,ਅਤੇ ਹੋਰ ਰਾਜਾਂ ਨੂੰ ਦੇਣ ਦੀ ਗੱਲ ਹੋਵੇ,ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ,ਸੂਬੇ ਦੀ ਰਾਜਧਾਨੀ ਚੰਡੀਗੜ ਦੀ ਗੱਲ ਹੋਵੇ,ਇਹਨਾਂ ਸਾਰੀਆਂ ਸਮੱਸਿਆਂ ਦੇ ਉਲਝਣ ਦਾ ਮੁੱਖ ਕਾਰਨ ਇਹ ਹੈ ਕੀ ਸਾਡੇ ਆਗੂ ਸਾਡੇ ਨਹੀ ਰਹੇ,ਬਲਕਿ ਉਹ ਕੇਂਦਰ ਦੀ ਜੂਠੀ ਰਾਜਸੱਤਾ ਦੀ ਬੁਰਕੀ ਦੇ ਲਾਲਚ ਵਿੱਚ ਆ ਕੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਖਿਲਾਫ ਭੁਗਤਣ ਦੇ ਅਹਿਦ ਕਰ ਚੁੱਕੇ ਹਨ।ਜਿਸ ਦਾ ਖਮਿਆਜਾ ਪੰਜਾਬ ਦੇ ਲੋਕ ਲੰਮੇ ਸਮੇ ਤੋ ਭੁਗਤਦੇ ਆ ਰਹੇ ਹਨ।ਜਿਸ ਸੂਬੇ ਦੇ ਮੁੱਖ ਮੰਤਰੀ ਪੰਜਾਬੀ ਵਿੱਚ ਸਹੁੰ ਤੱਕ ਵੀ ਨਹੀ ਚੁੱਕਦੇ,ਉਸ ਸੂਬੇ ਦੀ ਮਾਂ ਬੋਲੀ ਨੂੰ ਸੁਰਖਿਅਤ ਰੱਖਣ ਦੀ ਆਸ ਅਜਿਹੀਆਂ ਸਰਕਾਰਾਂ ਤੋ ਕਿਵੇਂ ਕੀਤੀ ਜਾ ਸਕਦੀ ਹੈ।

ਜਿਹੜੇ ਲੀਡਰ ਕੇਂਦਰ ਵਿੱਚ ਰਾਜਸੱਤਾ ਦੀ ਹਿੱਸੇਦਾਰੀ ਅਤੇ ਸੂਬੇ ਦੀ ਰਾਜਸੱਤਾ ਦਾ ਸੁੱਖ ਇਸੇ ਸ਼ਰਤ ਤੇ ਮਾਣਦੇ ਰਹੇ ਹੋਣ ਕਿ ਉਹ ਪੰਜਾਬ ਦੇ ਭਲੇ ਦੀ ਕਦੇ ਭੁੱਲ ਕੇ ਵੀ ਗੱਲ ਨਹੀ ਕਰਨਗੇ,ਅਤੇ ਕੇਂਦਰ ਵੱਲੋਂ ਵਾਰ ਵਾਰ ਜਲੀਲ ਕੀਤੇ ਜਾਣ ਦੇ ਬਾਵਜੂਦ ਵੀ ਉਹਨਾਂ ਦੇ ਸੋਹਿਲੇ ਗਾਉਂਦੇ ਰਹਿਣ,ਉਹਨਾਂ ਦੀ ਸੱਤਾ ਦੀ ਭਾਈਵਾਲੀ ਵਾਲੀਆਂ ਕੇਂਦਰੀ ਹਕੂਮਤਾਂ ਘੱਟ ਗਿਣਤੀਆਂ ਨੂੰ ਖਤਮ ਕਰਨ ਦੇ ਸ਼ਰੇਆਮ ਐਲਾਨ ਕਰਦੀਆਂ ਹੋਣ ਤੇ ਉਹਨਾਂ ਤੇ ਲਗਾਤਾਰ ਅਮਲ ਕਰਕੇ ਅੱਗੇ ਵਧ ਰਹੀਆਂ ਹੋਣ,ਉਹਨਾਂ ਦੇ ਧਾਰਮਿਕ ਸਥਾਨ ਢਾਹੇ ਜਾ ਰਹੇ ਹੋਣ,ਚਾਰ ਚੁਫੇਰੇ ਹਕੂਮਤੀ ਜੁਲਮਾਂ ਦੇ ਸਤਾਏ ਲੋਕ ਤਰਾਹ ਤਰਾਹ ਕਰਦੇ ਹੋਣ ਤੇ ਤੇ ਉਹਨਾਂ ਦੇ ਆਗੂ ਫਿਰ ਵੀ ਕੇਂਦਰੀ ਹਾਕਮਾਂ ਦੇ ਪੈਰਾਂ ਵਿੱਚ ਬੈਠੇ ਲੇਲੜੀਆਂ ਕੱਢ ਕੱਢ ਕੇ ਕੁਰਸੀਆਂ ਦੀ ਸਲਾਮਤੀ ਦੀ ਭੀਖ ਮੰਗਦੇ ਹੋਣ,ਫਿਰ ਅਜਿਹੇ ਹਾਲਾਤਾਂ ਦੇ ਮੱਦੇਨਜਰ ਅਪਣੀ ਬੋਲੀ,ਜਾਂ ਅਪਣੇ ਹਿਤ ਕਿਸਤਰਾਂ ਸੁਰਖਿਅਤ ਰੱਖਣੇ ਹਨ,ਇਹ ਸੋਚਣ ਵਾਲੀ ਗੱਲ ਹੈ।

13 ਸਤੰਬਰ ਦੇ ਹਿੰਦੀ ਦਿਵਸ ਮੌਕੇ ਆਰ ਐਸ ਐਸ ਪੱਖੀ ਲੇਖਿਕਾਂ ਵਲੋਂ  ਜੋ ਧਮਕੀ ਦਿੱਤੀ ਗਈ,ਉਸਨੂੰ ਮਹਿਜ਼ ਧਮਕੀ ਸਮਝਣ ਦੀ ਭੁੱਲ ਵੀ ਨਹੀ ਕਰਨੀ ਚਾਹੀਦੀ,ਸਗੋਂ ਇੱਕ ਗੰਭੀਰ ਚਣੌਤੀ ਵਜੋਂ ਲੈਣ ਦੀ ਲੋੜ  ਹੈ।ਜਿਸਤਰਾਂ ਦੱਖਣੀ ਸੂਬੇ ਹਿੰਦੂ ਹੋਣ ਦੇ ਬਾਵਜੂਦ ਅਪਣੀ ਮਾਤ ਭਾਸ਼ਾ ਦੇ ਮੁਕਾਬਲੇ ਹਿੰਦੀ ਥੋਪੇ ਜਾਣ ਦਾ ਵਿਰੋਧ ਇੱਕਜੁੱਟਤਾ ਨਾਲ ਕਰਦੇ ਹਨ ਤੇ ਸਫਲ ਹੁੰਦੇ ਹਨ,ਪੰਜਾਬ ਵਾਸੀਆਂ ਨੂੰ ਵੀ ਇਸ ਪਾਸੇ ਅਜਿਹੀ ਪਹੁੰਚ ਅਪਨਾਉਣੀ ਪਵੇਗੀ,ਤਾਂ ਹੀ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਸਲਾਮਤ ਰੱਖਿਆ ਜਾ ਸਕੇਗਾ।ਇੱਥੇ ਮਸਲਾ ਨਸਲ,ਫਿਰਕਿਆਂ ਜਾਂ ਧਰਮ ਦਾ ਨਹੀ,ਅਪਣੀ ਮਾਂ ਦੀ ਬੋਲੀ ਦਾ ਮਸਲਾ ਹੈ।ਪੰਜਾਬੀ ਬੋਲੀ ਸਿੱਖ ਦੀ ਵੀ ਬੋਲੀ ਹੈ,ਪੰਜਾਬ ਦੇ ਹਿੰਦੂ ਦੀ ਵੀ ਬੋਲੀ ਹੈ,ਮੁਸਲਿਮ ਦੀ ਵੀ ਬੋਲੀ ਹੈ,ਇਸਾਈ ਦੀ ਵੀ ਬੋਲੀ ਹੈ,ਭਾਵ ਇਥੇ ਜੰਮੇ ਹਰ ਮਨੁੱਖ ਦੀ ਬੋਲੀ ਹੈ ਪੰਜਾਬੀ,ਫਿਰ ਇਸ ਦੀ ਆਣ ਸ਼ਾਨ ਖਾਤਰ ਵੀ ਸਾਰਿਆਂ ਨੂੰ ਰਲਕੇ ਹੀ ਲੜਾਈ ਲੜਨੀ ਪਵੇਗੀ। ਜਿੰਨਾਂ ਲੋਕਾਂ ਨੇ ਪਿਛਲੀਆਂ ਮਰਦਮ ਸੁਮਾਰੀਆਂ ਵਿੱਚ ਅਪਣੀ ਭਾਸ਼ਾ ਹਿੰਦੀ ਲਿਖਵਾਈ ਸੀ,ਉਹਨਾਂ ਲੋਕਾਂ ਤੋ ਅੱਜ ਵੀ ਕੋਈ ਆਸ ਨਹੀ ਰੱਖੀ ਜਾ ਸਕਦੀ ਅਤੇ ਨਾਂ ਹੀ ਚੌਧਰ ਦੇ ਭੁੱਖੇ ਰਾਜਨੀਤਕ ਲੋਕਾਂ ਤੋ ਕੋਈ ਆਸ ਰੱਖੀ ਜਾ ਸਕਦੀ ਹੈ,ਇਸ ਲਈ ਜਿੱਥੇ ਪੰਜਾਬ ਭਾਸ਼ਾ ਵਿਭਾਗ ਦੀ ਕੀ ਡਿਊਟੀ ਹੈ ਇਹਦੇ ਤੇ ਵੀ ਗੰਭੀਰ ਵਿਚਾਰ ਚਰਚਾ ਦੀ ਲੋੜ ਹੈ,ਓਥੇ ਪੰਜਾਬੀ ਦੇ ਸਮੁਚੇ ਲੇਖਿਕ,ਬੁੱਧੀਜੀਵੀਆਂ ਸਮੇਤ ਸਮੁੱਚੇ ਪੰਜਾਬੀ ਭਾਈਚਾਰੇ ਨੁੰ ਜਾਤਾਂ,ਧਰਮਾਂ,ਫਿਰਕਿਆਂ,ਨਸਲਾਂ ਅਤੇ ਸਿਧਾਂਤਕ ਮੱਤਭੇਦਾਂ ਨੂੰ ਪਿੱਛੇ ਛੱਡ ਕੇ ਸਿਰਫ ਤੇ ਸਿਰਫ ਇਸ ਸੋਚ ਅਤੇ ਚਿੰਤਾ ਨਾਲ ਕਿ ਇਹ ਸਾਡੀ ਮਾਂ ਬੋਲੀ ਦੀ ਪੱਤ ਦਾ ਸਵਾਲ ਹੈ,ਇਕਜੁੱਟ ਹੋ ਕੇ ਪੰਜਾਬੀ ਦੇ ਦੁਸ਼ਮਣਾਂ ਵੱਲੋਂ ਦਿੱਤੀ ਚਣੌਤੀ ਨੂੰ ਸਵੀਕਾਰ ਕਰਕੇ  ਪੰਜਾਬੀ ਦੇ ਦੁਸ਼ਮਣਾਂ ਖਿਲਾਫ਼ ਡਟ ਜਾਣਾ ਚਾਹੀਦਾ ਹੈ।ਤਾਂ ਕਿ ਭਵਿੱਖ ਵਿੱਚ ਕੋਈ ਮਾਂ ਬੋਲੀ ਪੰਜਾਬੀ ਦੀ ਆਬਰੂ ਵੱਲ ਕੋਈ ਅੱਖ ਚੁੱਕਣ ਦੀ ਹਿੰਮਤ ਨਾ ਕਰ ਸਕੇ।