ਪੰਜਾਬੀਆਂ ਨੂੰ ਲਗਦੀ ਹੈ ਹਾਕੀ ਪਿਆਰੀ: ਨਿਊਜ਼ੀਲੈਂਡ ਵਿਖੇ ਖੇਡਣ ਆਈ ਇੰਡੀਅਨ ਹਾਕੀ ਟੀਮ ਨੂੰ ਦਿੱਤਾ ਰਾਤਰੀ ਭੋਜ ਤੇ ਕੀਤਾ ਮਾਨ-ਮਨਮਾਨ

NZ PIC 3 Oct-1ਨਿਊਜ਼ੀਲੈਂਡ ਦੇ ਵਿਚ ਚਾਰ ਟੈਸਟ ਮੈਚ ਖੇਡਣ ਪੁੱਜੀ ਇੰਡੀਅਨ ਹਾਕੀ ਟੀਮ ਦਾ ਜਿੱਥੇ ਬੀਤੀ 29 ਸਤੰਬਰ ਨੂੰ ਭਰਵਾਂ ਸਵਾਗਤ ਕੀਤਾ ਗਿਆ ਸੀ ਉਥੇ ਇਸ ਵੱਲੋਂ ਆਕਲੈਂਡ ਦੇ ਵਿਚ ਖੇਡੇ ਗਏ ਆਕਲੈਂਡ-ਏ ਟੀਮ ਨਾਲ ਦੋ ਅਭਿਆਸ ਮੈਚ ਜਿੱਤਣ ਦੀ ਖੁਸ਼ੀ ਵੀ ਇਥੇ ਭਰਪੂਰ ਮਨਾਈ ਗਈ। ਜਿੱਥੇ ਸਥਾਨਕ ਮੀਡੀਆ ਖੇਡ ਮੈਦਾਨ ਦੇ ਵਿਚ ਕੈਮਰੇ ਲੈ ਕੇ ਹਾਜ਼ਿਰ ਸੀ ਉਥੇ ਇਥੇ ਵਸਦੇ ਪੰਜਾਬੀਆਂ ਨੇ ਹਾਕੀ ਨੂੰ ਪਿਆਰ ਕਰਨ ਅਤੇ ਆਪਣੀ ਮੇਜ਼ਬਾਨੀ ਦੀ ਇਕ ਝਲਕ 21 ਮੈਂਬਰੀ ਭਾਰਤੀ ਟੀਮ ਨੂੰ ਅੱਜ ਰਾਤਰੀ ਭੋਜ ਦੇ ਕੇ ਵਿਖਾਈ। ਸ. ਦਲਬੀਰ ਸਿੰਘ ਲਸਾੜਾ, ਸ. ਗੁਰਵਿੰਦਰ ਸਿੰਘ ਔਲਖ, ਸ. ਤਾਰਾ ਸਿੰਘ ਬੈਂਸ ਅਤੇ ਸ. ਦਲਜੀਤ ਸਿੰਘ ਸਿੱਧੂ ਹੋਰਾਂ ਵੱਲੋਂ ਰਵੀਜ਼ ਰੈਸਟੋਰੈਂਟ ਪਾਪਾਕੁਰਾ ਵਿਖੇ ਇਕ ਸ਼ਾਨਦਾਰ ਪਾਰਟੀ ਰੱਖੀ ਗਈ। ਇਸ ਪਾਰਟੀ ਦੇ ਵਿਚ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਪੰਜਾਬੀ ਭਾਈਚਾਰੇ ਤੋਂ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਿਰ ਸਨ। 100 ਤੋਂ ਵੱਧ ਮੈਂਬਰਾਂ ਦੇ ਇਸ ਇਕੱਠ ਵਿਚ ਸ. ਨਵਤੇਜ ਸਿੰਘ ਰੰਧਾਵਾ ਹੋਰਾਂ ਸਾਰੀ ਟੀਮ ਨੂੰ ਜੀ ਆਇਆਂ ਆਖਿਆ ਅਤੇ ਵਾਰੋ-ਵਾਰੀ ਬੁਲਾਰਿਆਂ ਨੂੰ ਸੱਦਾ ਦਿੱਤਾ। ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਟੀਮ ਦੇ ਕੋਚ ਸ੍ਰੀ ਰੋਇਲੈਂਟ ਓਲਟਮਨਜ, ਸ. ਦਲਜੀਤ ਸਿੰਘ, ਸ. ਜਸਵੀਰ ਸਿੰਘ ਢਿੱਲੋਂ ਤੇ ਸ.ਤਾਰਾ ਸਿੰਘ ਬੈਂਸ ਨੇ ਵੀ ਸਾਰੀ ਟੀਮ ਨੂੰ ਸ਼ੁਰੂ ਹੋਏ ਜਿੱਤਾਂ ਦੇ ਸਿਲਸਿਲੇ ਦੀ ਵਧਾਈ ਦਿੱਤੀ ਅਤੇ ਆਉਣ ਵਾਲੇ ਮੈਚਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਨਿਊਜ਼ੀਲੈਂਡ ਵਸਦੇ ਪੰਜਾਬੀਆਂ ਵੱਲੋਂ ਭਾਰਤੀ ਹਾਕੀ ਦੇ ਕੋਚ ਨੂੰ ਯਾਦਗਾਰੀ ਚਿੰਨ੍ਹ ਦਿੱਤਾ ਗਿਆ ਅਤੇ ਭਾਰਤੀ ਹਾਕੀ ਟੀਮ ਵੱਲੋਂ ਵੀ ਮੇਜ਼ਬਾਨੀ ਦੇ ਲਈ ਸ. ਦਲਬੀਰ ਸਿੰਘ ਲਸਾੜਾ ਨੂੰ ਅਤੇ ਮੈਚਾਂ ਦੀ ਕਵਰੇਜ਼ ਕਰ ਰਹੇ ਸ. ਅਮਰਿੰਦਰ ਸਿੰਘ ਗਿੱਦਾ ਅਤੇ ਸ. ਮਨਪ੍ਰੀਤ ਸਿੰਘ ਨੂੰ ਹਾਕੀ ਦੀ ਸਟਿੱਕ ਉਤੇ ਦਸਤਖਤ ਕਰਕੇ ਸੌਗਾਤ ਭੇਟ ਕੀਤੀ ਗਈ। ਨਿਊਜ਼ੀਲੈਂਡ ਦੀ ‘ਬਲੈਕ ਸਟਿਕਸ’ ਟੀਮ ਜੋ ਕਿ ਵਿਸ਼ਵ-ਵਿਆਪੀ 7ਵਾਂ ਰੈਂਕ ਰੱਖਦੀ ਹੈ ਪਹਿਲੇ ਦੋ ਮੈਚ 6 ਅਤੇ 7 ਅਕਤੂਬਰ ਨੂੰ ਸ਼ਾਮ 7 ਵਜੇ ਨੈਲਸਨ ਵਿਖੇ ਅਤੇ ਅਗਲੇ ਦੋ ਮੈਚ 9 ਅਤੇ 11 ਅਕਤੂਬਰ ਨੂੰ ਸ਼ਾਮ 8 ਵਜੇ ਅਤੇ ਬਾਅਦ ਦੁਪਹਿਰ ਇਕ ਵਜੇ ਕ੍ਰਾਈਸਟਚਰਚ ਵਿਖੇ ਖੇਡੇਗੀ।