ਪੰਜਾਬੀ ਭਾਸ਼ਾ ਸੰਬੰਧੀ ਲੇਖਕਾਂ ਦੀ ਚਿੰਤਾ ਬਾਰੇ ਸਹਿਮਤ ਹਾਂ – ਸ੍ਰ. ਸੁਖਦੇਵ ਸਿੰਘ ਢੀਂਡਸਾ

DSC_0963ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਪ੍ਰਧਾਨ ਸ੍ਰੋਮਣੀ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ ਦੀ ਅਗਵਾਈ ਵਿੱਚ ਲੇਖਕਾਂ ਦਾ ਇੱਕ ਵਫਦ ਮੈਂਬਰ ਪਾਰਲੀਮੈਂਟ ਸ੍ਰ. ਸੁਖਦੇਵ ਸਿੰਘ ਢੀਂਡਸਾ ਜੀ ਦੀ ਕੋਠੀ ਵਿਖੇ ਪੰਜਾਬੀ ਭਾਸ਼ਾ ਸੰਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਮਿਲਿਆ। ਵਫਦ ਵਿੱਚ ਮਾਲਵਾ ਰਿਸਰਚ ਸੈਂਟਰ ਪਟਿਆਲਾ, ਪੰਜਾਬੀ ਸਾਹਿਤ ਸਭਾ ਸੰਗਰੂਰ, ਪੰਜਾਬੀ ਸਾਹਿਤ ਸਭਾ ਮੰਗਵਾਲ ਦੇ ਪ੍ਰਤੀਨਿਧ ਡਾ. ਭਗਵੰਤ ਸਿੰਘ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ, ਸ੍ਰੀ ਬਲਰਾਜ ਓਬਰਾਏ ਬਾਜ਼ੀ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਅਤੇ ਸ੍ਰ. ਜਗਦੀਪ ਸਿੰਘ ਪ੍ਰਧਾਨ ਸਾਹਿਤ ਸਭਾ ਮੰਗਵਾਲ ਸ਼ਾਮਿਲ ਹੋਏ। ਡਾ. ਤੇਜਵੰਤ ਮਾਨ ਨੇ ਪੰਜਾਬ ਸਰਕਾਰ ਦੀ ਭਾਸ਼ਾ ਨੀਤੀ ਅਤੇ ਸੱਭਿਆਚਾਰਕ ਦੀ ਸਥਿਤੀ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇ। ਸੈਂਟਰਲ ਬੋਰਡ ਆਫ ਸਕੂਲ ਨਾਲ ਸਬੰਧਤ ਹੋਣ ਲਈ ਮਨਜੂਰੀ ਨੂੰ ਪੰਜਾਬੀ ਭਾਸ਼ਾ ਜਰੂਰੀ ਨਾਲ ਜੋੜਿਆ ਜਾਵੇ। ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੀ ਬੁਲੰਦੀ ਲਈ ਵਿਸ਼ੇਸ਼ ਯੋਜਨਾ ਅਧੀਨ ਇਸ ਦੇ ਬਜਟ ਵਿੱਚ ਵਾਧਾ ਕੀਤਾ ਜਾਵੇ। ਪੰਜਾਬੀ ਭਾਸ਼ਾ ਨੂੰ ਕੇਵਲ ਖੇਤਰੀ ਭਾਸ਼ਾ ਸਮਝ ਕੇ ਨੀਤੀ ਬਣਾਉਣ ਦੀ ਥਾਂ ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਕੌਮੀ ਭਾਸ਼ਾ ਦੇ ਰੁਤਬੇ ਨੂੰ ਬਹਾਲ ਕੀਤਾ ਜਾਵੇ। ਲੇਖਕਾਂ ਦੇ ਮਾਨ ਸਨਮਾਨ ਸਮੇਂ ਸਿਰ ਹਰ ਵਰ੍ਹੇ ਦਿੱਤੇ ਜਾਣ। ਇਸ ਗੱਲਬਾਤ ਵਿੱਚ ਡਾ. ਭਗਵੰਤ ਸਿੰਘ, ਸ੍ਰੀ ਬਲਰਾਜ ਓਬਰਾਏ ਬਾਜ਼ੀ, ਸ੍ਰ. ਜਗਦੀਪ ਸਿੰਘ, ਸ੍ਰ. ਬਿੱਕਰ ਸਿੰਘ ਚੀਮਾ, ਸ੍ਰ. ਬਲਵਿੰਦਰ ਸਿੰਘ ਥੰਮਣਵਾਲ, ਸ੍ਰ. ਗੁਰਨਾਮ ਸਿੰਘ, ਸ੍ਰੀ ਹਰਬੰਸ ਲਾਲ ਪਾਠਕ ਵੀ ਮੌਜੂਦ ਸਨ। ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਡਾ. ਤੇਜਵੰਤ ਮਾਨ ਅਤੇ ਵਫਦ ਨੂੰ ਭਰੋਸਾ ਦਵਾਇਆ ਕਿ ਉਹ ਇਸ ਸਬੰਧੀ ਵਿੱਦਿਆ ਅਤੇ ਭਾਸ਼ਾ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ ਨਾਲ ਗੱਲ ਕਰਨਗੇ। ਪੰਜਾਬੀ ਭਾਸ਼ਾ ਦੀ ਤਰੱਕੀ ਬਾਰੇ ਜੋ ਫਿਕਰਮੰਦੀ ਲੇਖਕਾਂ ਨੇ ਜਾਹਿਰ ਕੀਤੀ ਹੈ ਉਹ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਅਤੇ ਉਹ ਛੇਤੀ ਹੀ ਮੁਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਕੇ ਇਸ ਸਬੰਧੀ ਸਰਕਾਰੀ ਨੀਤੀ ਤਹਿ ਕੀਤੀ ਜਾਵੇਗੀ।

Install Punjabi Akhbar App

Install
×